ਨੈਸ਼ਨਲ ਟਾਈਮਜ਼ ਬਿਊਰੋ :- ਪੰਜਾਬ ਦੇ ਕਾਰਜਕਾਰੀ ਪ੍ਰਧਾਨ ਅਤੇ ਬਟਾਲਾ ਤੋਂ ਵਿਧਾਇਕ ਸ਼ੈਰੀ ਕਲਸੀ ਨੇ ਸਪਸ਼ਟ ਕੀਤਾ ਹੈ ਕਿ ਬਟਾਲਾ ਸ਼ਹਿਰ ਵਿੱਚ ਕਿਸੇ ਵੀ ਵਿਭਾਗ ਵੱਲੋਂ ਲਾਪਰਵਾਹੀ ਬਿਲਕੁਲ ਬਰਦਾਸ਼ਤ ਨਹੀਂ ਕੀਤੀ ਜਾਵੇਗੀ। ਉਨ੍ਹਾਂ ਕਿਹਾ ਕਿ ਬਟਾਲਾ ਇੱਕ ਇਤਿਹਾਸਕ ਅਤੇ ਧਾਰਮਿਕ ਸ਼ਹਿਰ ਹੈ, ਜਿੱਥੇ ਸਿੱਖ, ਹਿੰਦੂ, ਈਸਾਈ ਸਮੇਤ ਹਰ ਭਾਈਚਾਰੇ ਦੇ ਧਾਰਮਿਕ ਸਮਾਗਮ ਮਨਾਏ ਜਾਂਦੇ ਹਨ ਅਤੇ ਇਨ੍ਹਾਂ ਮੌਕਿਆਂ ’ਤੇ ਕਿਸੇ ਵੀ ਵਿਭਾਗ ਦੀ ਅਣਗਹਿਲੀ ਸਵੀਕਾਰਯੋਗ ਨਹੀਂ ਹੈ।
ਵਿਧਾਇਕ ਸ਼ੈਰੀ ਕਲਸੀ ਨੇ ਦੱਸਿਆ ਕਿ ਅੱਜ ਬਟਾਲਾ ਸ਼ਹਿਰ ਵਿੱਚ ਸਜੇ ਨਗਰ ਕੀਰਤਨ ਦੌਰਾਨ ਨਗਰ ਨਿਗਮ ਦੇ ਇੱਕ ਅਧਿਕਾਰੀ ਵੱਲੋਂ ਘੋਰ ਲਾਪਰਵਾਹੀ ਵਰਤੀ ਗਈ। ਉਨ੍ਹਾਂ ਦੱਸਿਆ ਕਿ ਬਟਾਲਾ ‘ਚ ਨਗਰ ਕੀਰਤਨ ਦੇ ਰੂਟ ‘ਚ ਕੂੜੇ ਦੇ ਢੇਰ ਲੱਗੇ ਸੀ, ਜਿਸ ਨਾਲ ਸੰਗਤ ਨੇ ਵਿਚ ਨਿਰਾਸ਼ਾ ਪਾਈ ਗਈ ਅਤੇ ਉਨ੍ਹਾਂ ਵੱਲੋਂ ਸਵਾਲ ਵੀ ਚੁੱਕੇ ਗਏ ਹਨ। ਇਸ ਮਾਮਲੇ ਨੂੰ ਗੰਭੀਰਤਾ ਨਾਲ ਲੈਂਦਿਆਂ ਸਥਾਨਕ ਸਰਕਾਰ ਵਿਭਾਗ, ਪੰਜਾਬ ਸਰਕਾਰ ਵੱਲੋਂ ਮਹਿਜ਼ ਚਾਰ ਘੰਟਿਆਂ ਦੇ ਅੰਦਰ ਕਾਰਵਾਈ ਕਰਦੇ ਹੋਏ ਨਗਰ ਨਿਗਮ ਬਟਾਲਾ ਦੇ ਸੈਨੀਟਰੀ ਅਫ਼ਸਰ ਜਗਦੀਪ ਸਿੰਘ ਦੀਆਂ ਸੇਵਾਵਾਂ ਮੁਅੱਤਲ ਕਰ ਦਿੱਤੀਆਂ ਗਈਆਂ।
ਸ਼ੈਰੀ ਕਲਸੀ ਨੇ ਕਿਹਾ ਕਿ ਉਹ 24 ਘੰਟੇ ਸ਼ਹਿਰ ਵਾਸੀਆਂ ਦੀ ਸੇਵਾ ਲਈ ਉਪਲਬਧ ਹਨ, ਪਰ ਕੁਝ ਅਖੌਤੀ ਸਿਆਸੀ ਆਗੂ ਅਤੇ ਕਾਰਪੋਰੇਸ਼ਨ ਵਿੱਚ ਆਪਣੇ ਆਪ ਨੂੰ ਜ਼ਿੰਮੇਵਾਰ ਦੱਸਣ ਵਾਲੇ ਲੋਕ ਆਪਣੀ ਡਿਊਟੀ ਤੋਂ ਕੰਨੀ ਕਤਰਾਉਂਦੇ ਰਹਿੰਦੇ ਹਨ। ਉਨ੍ਹਾਂ ਨੇ ਐਸੇ ਲੋਕਾਂ ਨੂੰ ਆਪਣੀ ਜ਼ਿੰਮੇਵਾਰੀ ਸਮਝਣ ਅਤੇ ਆਪਣੀ ਪੀੜੀ ਹੇਠ ਵੀ ਸੋਟੀ ਫੇਰਨ ਦੀ ਸਲਾਹ ਦਿੱਤੀ। ਉਨ੍ਹਾਂ ਦੁਹਰਾਇਆ ਕਿ ਇਤਿਹਾਸਕ ਅਤੇ ਧਾਰਮਿਕ ਸ਼ਹਿਰ ਬਟਾਲਾ ਦੇ ਵਿਕਾਸ ਲਈ ਉਹ ਦ੍ਰਿੜ ਸੰਕਲਪ ਹਨ ਅਤੇ ਸ਼ਹਿਰ ਵਿੱਚ ਕਿਸੇ ਵੀ ਕਿਸਮ ਦੀ ਅਣਗਹਿਲੀ ਜਾਂ ਲਾਪਰਵਾਹੀ ਹਰਗਿਜ਼ ਬਰਦਾਸ਼ਤ ਨਹੀਂ ਕੀਤੀ ਜਾਵੇਗੀ।
ਦੱਸਣਯੋਗ ਹੈ ਕਿ ਨਗਰ ਨਿਗਮ ਬਟਾਲਾ ਦੇ ਕਮਿਸ਼ਨਰ ਵੱਲੋਂ ਭੇਜੀ ਗਈ ਰਿਪੋਰਟ ਦੇ ਆਧਾਰ ’ਤੇ ਜਗਦੀਪ ਸਿੰਘ, ਸੈਨੀਟਰੀ ਅਫ਼ਸਰ, ਨਗਰ ਨਿਗਮ ਬਟਾਲਾ ਨੂੰ ਆਪਣੀ ਡਿਊਟੀ ਵਿੱਚ ਕੀਤੀ ਗਈ ਘੋਰ ਲਾਪਰਵਾਹੀ ਅਤੇ ਕੁਤਾਹੀ ਦੇ ਚਲਦੇ ਪੰਜਾਬ ਸਿਵਲ ਸੇਵਾਵਾਂ (ਸਜ਼ਾ ਅਤੇ ਅਪੀਲ) ਨਿਯਮਾਵਲੀ, 1970 ਦੇ ਨਿਯਮ 4(1) ਅਧੀਨ ਸਰਕਾਰੀ ਸੇਵਾ ਤੋਂ ਤੁਰੰਤ ਪ੍ਰਭਾਵ ਨਾਲ ਮੁਅੱਤਲ ਕੀਤਾ ਗਿਆ ਹੈ। ਇਸ ਅਧਿਕਾਰੀ ਵਿਰੁੱਧ ਸਬੰਧਤ ਨਿਯਮਾਂ ਤਹਿਤ ਦੋਸ਼ ਸੂਚੀ ਵੱਖਰੇ ਤੌਰ ’ਤੇ ਜਾਰੀ ਕੀਤੀ ਜਾਵੇਗੀ। ਇਹ ਹੁਕਮ ਤੁਰੰਤ ਅਸਰ ਨਾਲ ਲਾਗੂ ਹੋਣਗੇ।
