ਗੁਰਦਾਸਪੁਰ- ਟਰਾਂਸਪੋਰਟ ਵਿਭਾਗ ਨੇ ਗੁਰਦਾਸਪੁਰ ਦੇ 5 ਸਕੂਲਾਂ ਨੂੰ ਵਾਹਨਾਂ ਵਿੱਚ ਕਈ ਕਮੀਆਂ ਪਾਏ ਜਾਣ ਤੋਂ ਬਾਅਦ ਨੋਟਿਸ ਜਾਰੀ ਕੀਤੇ ਹਨ। ਵਿਭਾਗ ਨੇ ਸਕੂਲਾਂ ਨੂੰ 15 ਦਿਨਾਂ ਦੇ ਅੰਦਰ ਇਨ੍ਹਾਂ ਕਮੀਆਂ ਨੂੰ ਦੂਰ ਕਰਨ ਦੇ ਹੁਕਮ ਦਿੱਤੇ ਹਨ, ਨਹੀਂ ਤਾਂ ਵਾਹਨਾਂ ਦੀ ਰਜਿਸਟ੍ਰੇਸ਼ਨ ਰੱਦ ਕਰ ਦਿੱਤੀ ਜਾਵੇਗੀ ਅਤੇ ਜੁਰਮਾਨਾ ਲਗਾਇਆ ਜਾਵੇਗਾ। ਇਹ ਕਾਰਵਾਈ “ਸੇਫ਼ ਸਕੂਲ ਵਾਹਨ ਨੀਤੀ” ਨੂੰ ਸਖ਼ਤੀ ਨਾਲ ਲਾਗੂ ਕਰਨ ਲਈ ਕੀਤੀ ਜਾ ਰਹੀ ਹੈ।
ਵਿਭਾਗ ਨੇ ਲਿਖਿਆ ਹੈ ਕਿ ਸਕੂਲ ਬੱਸਾਂ ਦੀ ਹਾਲਤ ਖ਼ਰਾਬ ਹੈ ਅਤੇ ਸੇਫ਼ ਸਕੂਲ ਵਾਹਨ ਨੀਤੀ 2013 ਅਤੇ ਮੋਟਰ ਵਾਹਨ ਐਕਟ 1988 ਦੀ ਪਾਲਣਾ ਨਹੀਂ ਕੀਤੀ ਜਾ ਰਹੀ, ਜਿਸ ਕਾਰਨ ਵਿਭਾਗ ਨੇ ਸਕੂਲ ਪ੍ਰਬੰਧਕਾਂ ਨੂੰ ਵਾਹਨਾਂ ਦੇ ਨੰਬਰ ਭੇਜੇ ਹਨ ਅਤੇ ਉਨ੍ਹਾਂ ਨੂੰ ਚਿਤਾਵਨੀ ਦਿੱਤੀ ਹੈ ਕਿ ਜੇਕਰ 15 ਦਿਨਾਂ ਦੇ ਅੰਦਰ ਸਥਿਤੀ ਵਿੱਚ ਸੁਧਾਰ ਨਹੀਂ ਹੋਇਆ ਤਾਂ ਉਨ੍ਹਾਂ ਨੂੰ ਕਾਰਵਾਈ ਲਈ ਤਿਆਰ ਰਹਿਣਾ ਚਾਹੀਦਾ ਹੈ।

ਆਰਟੀਓ ਰਣਪ੍ਰੀਤ ਸਿੰਘ ਨੇ ਕਿਹਾ ਕਿ ਸਕੂਲ ਪ੍ਰਬੰਧਨ ਆਪਣੇ ਵਾਹਨਾਂ ਦੀ ਨਿਯਮਿਤ ਤੌਰ ‘ਤੇ ਸਰਵਿਸ ਕਰਵਾਉਣ, ਟੈਕਸ ਅਤੇ ਪਾਸਿੰਗ ਨੂੰ ਅਪਡੇਟ ਰੱਖਣ ਅਤੇ ਸਾਰੇ ਦਸਤਾਵੇਜ਼ ਪੂਰੇ ਰੱਖਣ ਨਹੀਂ ਤਾਂ ਅਜਿਹੇ ਵਾਹਨਾਂ ਵਿਰੁੱਧ ਸਖ਼ਤ ਕਾਰਵਾਈ ਕੀਤੀ ਜਾਵੇਗੀ। ਗੁਰਦਾਸਪੁਰ ਟਰਾਂਸਪੋਰਟ ਵਿਭਾਗ ਨੇ ਸਕੂਲ ਪ੍ਰਬੰਧਨ ਨੂੰ ਜੋ ਨੋਟਿਸ ਜਾਰੀ ਕੀਤਾ ਹੈ ਉਸ ਦੀਆਂ ਕਾਪੀਆਂ ਕੁਝ ਅਧਿਕਾਰੀਆਂ ਨੂੰ ਵੀ ਭੇਜੀਆਂ ਗਈਆਂ। ਜੇਕਰ ਸਕੂਲ ਪ੍ਰਬੰਧਨ 15 ਦਿਨਾਂ ਦੇ ਅੰਦਰ ਤਸੱਲੀਬਖਸ਼ ਜਵਾਬ ਨਹੀਂ ਦਿੰਦਾ ਹੈ, ਤਾਂ ਵਿਭਾਗ ਉਨ੍ਹਾਂ ਵਿਰੁੱਧ ਕਾਰਵਾਈ ਕਰ ਸਕਦਾ ਹੈ।