ਭੀਖੀ : ਅੱਜ ਸਵੇਰੇ ਸਥਾਨਕ ਥਾਣਾ ਰੋਡ ‘ਤੇ ਸਕੂਲ ਵਿਦਿਆਰਥੀਆਂ ਨੂੰ ਚੜਾਉਣ ਲਈ ਖੜੀ ਸਕੂਲ ਵੈਨ ਨੂੰ ਅਚਾਨਕ ਇਕ ਨਿੱਜੀ ਬੱਸ ਨੇ ਓਵਰਟੇਕ ਕਰਨ ਸਮੇਂ ਟੱਕਰ ਮਾਰ ਦਿੱਤੀ ਜਿਸ ਵਿਚ ਇਕ ਸਕੂਲ ਵਿਦਿਆਰਥਣ ਜ਼ਖਮੀ ਹੋ ਗਈ ਜਦੋਂ ਕਿ ਬਾਕੀ ਵਿਦਿਆਰਥੀਆਂ ਦਾ ਬਚਾਅ ਹੋ ਗਿਆ। ਪ੍ਰਾਪਤ ਜਾਣਕਾਰੀ ਅਨੁਸਾਰ ਇਥੋਂ ਦੇ ਇੱਕ ਨਿੱਜੀ ਸਕੂਲ ਦੀ ਵੈਨ ਥਾਣਾ ਰੋਡ ‘ਤੇ ਵਿਦਿਆਰਥੀਆਂ ਨੂੰ ਚੜ੍ਹਾ ਰਹੀ ਸੀ ਤਾਂ ਅਚਾਨਕ ਧਲੇਵਾਂ ਵਾਲੇ ਪਾਸਿਓਂ ਆ ਰਹੀ ਇਕ ਨਿੱਜੀ ਟਰਾਂਸਪੋਰਟ ਕੰਪਨੀ ਦੀ ਬੱਸ ਸਕੂਲ ਵੈਨ ਨਾਲ ਟਕਰਾ ਗਈ।
ਖੁਸ਼ਕਿਸਮਤੀ ਇਹ ਰਹੀ ਕਿ ਵਿਦਿਆਰੀਥਆਂ ਦਾ ਬਚਾਅ ਹੋ ਗਿਆ ਅਤੇ ਇਕ ਵਿਦਿਆਰਥਣ ਜ਼ਖਮੀ ਹੋ ਗਈ। ਉਧਰ ਦੁਕਾਨਦਾਰਾਂ ਨੇ ਦੱਸਿਆ ਕਿ ਸਵੇਰੇ ਸਕੂਲ ਟਾਈਮ ਕਾਫੀ ਸਕੂਲਾਂ ਦੀਆਂ ਬੱਸਾਂ ਵਿਦਿਆਰਥੀਆਂ ਨੂੰ ਲੈਣ ਲਈ ਇਸ ਸੜਕ ‘ਤੇ ਆਉਂਦੀਆਂ ਹਨ ਅਤੇ ਉਸ ਵਕਤ ਹੀ ਇਸ ਨਿੱਜੀ ਬੱਸ ਦਾ ਵੀ ਟਾਈਮ ਹੁੰਦਾ ਹੈ ਅਤੇ ਅਕਸਰ ਹੀ ਇਹ ਬੱਸ ਨੂੰ ਤੇਜ਼ ਰਫਤਾਰ ਨਾਲ ਬਾਜ਼ਾਰ ਵਿਚੋਂ ਕੱਢਦੇ ਹਨ ਜਿਸ ਕਾਰਨ ਹੀ ਇਹ ਹਾਦਸਾ ਵਾਪਰਿਆ ਹੈ। ਬਾਅਦ ਵਿਚ ਪਤਵੰਤਿਆਂ ਅਤੇ ਭੀਖੀ ਦੇ ਪੁਲਸ ਦੀ ਹਾਜ਼ਰੀ ਵਿਚ ਹੋਏ ਸਮਝੌਤੇ ਵਿਚ ਨਿੱਜੀ ਬੱਸ ਵਾਲਿਆਂ ਵਲੋਂ ਇਸ ਰੋਡ ਉੱਪਰ ਨਾ ਆਉਣ ਦੇ ਵਾਅਦੇ ‘ਤੇ ਸਮਝੌਤਾ ਹੋ ਗਿਆ।
