ਭਾਰਤ-ਪਾਕਿਸਤਾਨ ਵਿਚਕਾਰ ਵਧ ਰਹੇ ਤਣਾਅ ਕਾਰਨ ਸਰਹੱਦੀ ਇਲਾਕਿਆਂ ਅਤੇ ਫੌਜੀ ਛਾਉਣੀਆਂ ‘ਚ ਸਕੂਲ ਤਤਕਾਲ ਪ੍ਰਭਾਵ ਨਾਲ ਬੰਦ

ਚੰਡੀਗੜ੍ਹ : ਭਾਰਤ ਅਤੇ ਪਾਕਿਸਤਾਨ ਵਿਚਕਾਰ ਹਾਲੀਆ ਹਵਾਈ ਹਮਲਿਆਂ ਅਤੇ ਗੋਲਾਬਾਰੀ ਦੇ ਮਾਮਲੇ ਤੋਂ ਬਾਅਦ ਦੋਹਾਂ ਦੇਸ਼ਾਂ ਵਿਚ ਤਣਾਅ ਗੰਭੀਰ ਰੂਪ ਧਾਰ ਚੁੱਕਾ ਹੈ। ਭਾਰਤੀ ਹਲਕਿਆਂ ਦੇ ਅਨੁਸਾਰ “ਆਪਰੇਸ਼ਨ ਸਿੰਦੂਰ” ਰਾਹੀਂ 100 ਤੋਂ ਵੱਧ ਆਤੰਕੀ ਢੇਰ ਕਰਨ ਦੀ ਕਾਰਵਾਈ ਤੋਂ ਬਾਅਦ, ਪਾਕਿਸਤਾਨ ਵੱਲੋਂ ਵੀ ਭਾਰਤੀ ਇਲਾਕਿਆਂ ਉੱਤੇ ਡਰੋਨ ਅਤੇ ਮਿਸਾਈਲ ਹਮਲੇ ਹੋਏ ਹਨ। ਸਥਿਤੀ ਨੂੰ ਕੰਟਰੋਲ ਵਿਚ ਰੱਖਣ ਲਈ ਭਾਰਤ ਨੇ ਵੀ ਵੱਡੀ ਜਵਾਬੀ ਕਾਰਵਾਈ ਕੀਤੀ ਹੈ।

ਇਨ੍ਹਾਂ ਹਾਲਾਤਾਂ ਨੂੰ ਦੇਖਦਿਆਂ ਕੇਂਦਰ ਅਤੇ ਰਾਜ ਸਰਕਾਰ ਵੱਲੋਂ ਸਾਵਧਾਨੀ ਦੇ ਤੌਰ ‘ਤੇ ਤੁਰੰਤ ਕਈ ਸਕੂਲਾਂ ਨੂੰ ਬੰਦ ਕਰਨ ਦੇ ਹੁਕਮ ਜਾਰੀ ਕੀਤੇ ਗਏ ਹਨ। ਕੇਂਦਰੀ ਵਿਦਿਆਲਿਆ ਸਕੂਲ 10 ਮਈ ਤੱਕ ਬੰਦ ਰਹਿਣਗੇ। ਚੰਡੀਗੜ੍ਹ ਏਅਰ ਫੋਰਸ ਸਟੇਸ਼ਨ ਅਤੇ ਹਵਾਈ ਅੱਡੇ ਦੇ ਆਲੇ-ਦੁਆਲੇ ਦੇ ਸਾਰੇ ਸਕੂਲਾਂ ਨੂੰ ਵੀ ਤੁਰੰਤ ਬੰਦ ਕਰਨ ਦੇ ਆਦੇਸ਼ ਦਿੱਤੇ ਗਏ ਹਨ।

ਸੂਬਾ ਪੰਜਾਬ ਵਿਚ ਤਣਾਅ ਨੂੰ ਦੇਖਦਿਆਂ ਫਿਰੋਜ਼ਪੁਰ, ਪਠਾਨਕੋਟ, ਫਾਜ਼ਿਲਕਾ, ਅੰਮ੍ਰਿਤਸਰ, ਗੁਰਦਾਸਪੁਰ ਅਤੇ ਤਰਨਤਾਰਨ ਜ਼ਿਲ੍ਹਿਆਂ ਵਿਚ ਸਾਰੇ ਸਰਕਾਰੀ ਅਤੇ ਨਿੱਜੀ ਸਕੂਲ ਬੰਦ ਕਰ ਦਿੱਤੇ ਗਏ ਹਨ। ਤਰਨਤਾਰਨ ਵਿਚ 11 ਮਈ ਤੱਕ ਸਕੂਲ ਬੰਦ ਰਹਿਣਗੇ, ਜਦਕਿ ਪਠਾਨਕੋਟ ਵਿਚ ਪਹਿਲਾਂ ਹੀ 72 ਘੰਟਿਆਂ ਲਈ ਸਕੂਲ ਬੰਦ ਕਰਨ ਦਾ ਫ਼ੈਸਲਾ ਹੋ ਚੁੱਕਾ ਹੈ।

ਇਹ ਫ਼ੈਸਲਾ ਵਿਦਿਆਰਥੀਆਂ ਦੀ ਸੁਰੱਖਿਆ ਨੂੰ ਧਿਆਨ ਵਿਚ ਰੱਖਦਿਆਂ ਲਿਆ ਗਿਆ ਹੈ, ਖਾਸ ਕਰਕੇ ਉਹ ਸਕੂਲ ਜੋ ਫੌਜੀ ਛਾਉਣੀਆਂ ਜਾਂ ਹਾਈ ਰਿਸਕ ਇਲਾਕਿਆਂ ਵਿੱਚ ਸਥਿਤ ਹਨ।

By Gurpreet Singh

Leave a Reply

Your email address will not be published. Required fields are marked *