ਰਾਜ ਸਭਾ ਮੈਂਬਰ ਵਜੋਂ ਫੰਡ ਖਰਚਣ ਵਿੱਚ ਸੀਚੇਵਾਲ ਮੋਹਰੀ, ਰਾਘਵ ਚੱਢਾ ਸਭ ਤੋਂ ਜ਼ਿਆਦਾ ਪਿੱਛੇ

ਨੈਸ਼ਨਲ ਟਾਈਮਜ਼ ਬਿਊਰੋ :- ਪੰਜਾਬ ਦੇ ਕਈ ਰਾਜ ਸਭਾ ਮੈਂਬਰਾਂ ਵੱਲੋਂ ਆਪਣੇ ਅਖਤਿਆਰੀ ਫੰਡਾਂ ਨੂੰ ਹੁਣ ਤੱਕ ਹਵਾ ਵੀ ਨਹੀਂ ਲਗਾਈ। ਪੈਸੇ ਨਾ ਖਰਚਣ ਵਾਲੇ ਰਾਜ ਸਭਾ ਮੈਂਬਰਾਂ ਦਾ ਵਾਹ-ਵਾਸਤਾ ਪੰਜਾਬ ਦੇ ਨਾਲ ਵੀ ਨਹੀਂ ਰਿਹਾ। ਇਸ ਸਮੇਂ ਕੇਂਦਰ ਸਰਕਾਰ ਦੀ ਵੈਬ ਸਾਇਟ ਤੋਂ ਪ੍ਰਾਪਤ ਜਾਣਕਾਰੀ ਅਨੁਸਾਰ ਰਾਜ ਸਭਾ ਮੈਂਬਰ ਸੰਤ ਬਲਬੀਰ ਸਿੰਘ ਸੀਚੇਵਾਲ ਨੇ ਆਪਣੇ ਬਾਕੀ ਸਾਥੀਆਂ ਨਾਲੋਂ ਸਭ ਤੋਂ ਵੱਧ ਅਖਤਿਆਰੀ ਫੰਡ ਲੋਕਾਂ ਦੇ ਹਿੱਤ ਵਿੱਚ ਖਰਚੇ ਹਨ। ਜਦੋਂ ਕਿ ਆਮਆਦਮੀ ਪਾਰਟੀ ਦੇ ਸਭ ਤੋਂ ਨੌਜਵਾਨ ਮੈਂਬਰ ਰਾਘਵ ਚੱਢਾ ਫੰਡ ਖਰਚਣ ਵਿੱਚ ਫਾਡੀ ਰਹੇ ਹਨ।

ਅੰਕੜਿਆਂ ਨੇ ਪੇਸ਼ ਕੀਤੀ ਕਾਰਗੁਜ਼ਾਰੀ’
ਕੇਂਦਰ ਸਰਕਾਰ ਦੀ ਵੈਬ ਸਾਇਟ ‘ਤੇ ਪੰਜਾਬ ਦੇ 6 ਰਾਜ ਸਭਾ ਮੈਂਬਰਾਂ ਦੀ ਜਾਣਕਾਰੀ ਦਿੱਤੀ ਗਈ ਹੈ ਕਿਉਂਕਿ ਇੱਕ ਰਾਜ ਸਭਾ ਮੈਂਬਰ ਸੰਜੀਵ ਅਰੋੜਾ ਨੇ ਅਸਤੀਫਾ ਦੇ ਦਿੱਤਾ ਸੀ ਅਤੇ ਉਸ ਦੀ ਜਾਣਕਾਰੀ ਸਾਇਟ ‘ਤੇ ਨਹੀਂ ਮਿਲਦੀ। ਬਾਕੀ ਜਿਹੜੇ 6 ਰਾਜ ਸਭਾ ਮੈਂਬਰ 2022 ਤੋਂ 2028 ਤੱਕ ਚੁਣੇ ਗਏ ਹਨ। ਉਨ੍ਹਾਂ ਨੂੰ ਹੁਣ ਤੱਕ 101 ਕਰੋੜ 11 ਲੱਖ ਦੇ ਫੰਡ ਮਿਲੇ ਹਨ ਜਿਨ੍ਹਾਂ ਵਿੱਚੋਂ ਉਨ੍ਹਾਂ ਨੇ ਸਿਰਫ 26 ਕਰੋੜ 95 ਲੱਖ ਦੀਆਂ ਗਰਾਂਟਾਂ ਖਰਚੀਆਂ ਹਨ ਭਾਵ ਕਿ 74 ਕਰੋੜ ਦੀਆਂ ਗਰਾਂਟਾਂ ਉਨ੍ਹਾਂ ਨੇ ਨਹੀਂ ਵੰਡੀਆਂ ਜਿਹੜੀਆਂ ਕਿ ਤਿੰਨਾਂ ਸਾਲਾਂ ਵਿੱਚ ਵੰਡ ਹੋ ਜਾਣੀਆਂ ਚਾਹੀਦੀਆਂ ਸਨ।

‘ਸੀਚੇਵਾਲ ਨੇ ਖਰਚ ਕੀਤੀ ਰਾਸ਼ੀ’

ਵੈਬ ਸਾਇਟ ‘ਤੇ ਦਿੱਤੀ ਗਈ ਜਾਣਕਾਰੀ ਮੁਤਾਬਿਕ ਰਾਜ ਸਭਾ ਮੈਂਬਰ ਰਾਘਵ ਚੱਢਾ ਦੇ ਅਖਤਿਆਰੀ ਫੰਡ ਵਿੱਚ 18 ਕਰੋੜ 82 ਲੱਖ ਰੁਪਏ ਹਨ। ਉਨ੍ਹਾਂ ਨੇ ਸਾਢੇ ਤਿੰਨ ਸਾਲਾਂ ਵਿੱਚ ਸਿਰਫ 70 ਲੱਖ 86 ਹਜ਼ਾਰ 378 ਰੁਪਏ ਹੀ ਖਰਚੇ ਹਨ। ਜਦੋਂ ਕਿ ਰਾਜ ਸਭਾ ਮੈਂਬਰ ਅਤੇ ਵਾਤਾਵਰਣ ਪ੍ਰੇਮੀ ਸੰਤ ਬਲਬੀਰ ਸਿੰਘ ਸੀਚੇਵਾਲ ਨੇ ਆਪਣੇ 14 ਕਰੋੜ 72 ਲੱਖ ਦੇ ਅਖਤਿਆਰੀ ਫੰਡ ਵਿੱਚੋਂ 9 ਕਰੋੜ 34 ਲੱਖ ਖਰਚ ਵੀ ਕਰ ਦਿੱਤੇ ਹਨ।
‘ਸਾਰੇ ਰਾਜ ਸਭਾ ਮੈਂਬਰਾਂ ਦਾ ਵੇਰਵਾ ਪੇਸ਼’

ਇਸੇ ਤਰ੍ਹਾਂ ਫੰਡ ਨਾ ਖਰਚਣ ਵਾਲਿਆਂ ਵਿੱਚ ਰਾਜ ਸਭਾ ਮੈਂਬਰ ਸੰਦੀਪ ਪਾਠਕ ਦਾ ਨਾਂਅ ਵੀ ਮੋਹਰਲੀ ਕਤਾਰ ਵਿੱਚ ਆਉਂਦਾ ਹੈ। ਉਨ੍ਹਾਂ ਨੇ ਆਪਣੇ 18 ਕਰੋੜ 32 ਲੱਖ ਦੇ ਫੰਡਾਂ ਵਿੱਚੋਂ ਸਿਰਫ 2 ਕਰੋੜ 76 ਲੱਖ ਹੀ ਖਰਚੇ ਹਨ। ਅਸ਼ੋਕ ਮਿੱਤਲ ਨੇ 17 ਕਰੋੜ 35 ਲੱਖ ਵਿੱਚੋਂ 2 ਕਰੋੜ 35 ਲੱਖ ਹੀ ਖਰਚੇ ਹਨ। ਹਰਭਜਨ ਸਿੰਘ ਨੇ 17 ਕਰੋੜ 19 ਲੱਖ ਵਿੱਚੋਂ 5 ਕਰੋੜ 74 ਲੱਖ ਖਰਚ ਕੀਤੇ ਹਨ। ਵਿਕਰਮਜੀਤ ਸਿੰਘ ਸਾਹਨੀ ਨੇ ਵੀ ਆਪਣੇ 14 ਕਰੋੜ 71 ਲੱਖ ਵਿੱਚ 5 ਕਰੋੜ 76 ਲੱਖ ਹੀ ਖਰਚੇ ਹਨ।

‘ਸੀਚੇਵਾਲ ਨੇ ਖਰਚੀ ਰਾਸ਼ੀ’

ਸੰਤ ਸੀਚੇਵਾਲ ਨੂੰ ਛੱਡ ਕੇ ਕਿਸੇ ਵੀ ਐਮਪੀ ਨੇ 50 ਫੀਸਦੀ ਫੰਡ ਨਹੀਂ ਖਰਚ ਕੀਤੇ। ਸੰਤ ਸੀਚੇਵਾਲ ਨੇ ਪੰਜਾਬ ਦੇ ਪਿੰਡਾਂ ਦੀਆਂ ਲੋੜਾਂ ਨੂੰ ਸਮਝਦਿਆ ਆਪਣੇ ਵਿਵੇਕ ਨਾਲ ਫੰਡ ਖਰਚ ਕੀਤੇ ਹਨ। ਜਾਇਦਾਦ ਬਣਾਉਣ ਦੇ ਮਾਮਲੇ ਵਿੱਚ ਸੰਤ ਸੀਚੇਵਾਲ ਆਪਣੇ ਬਾਕੀ ਸਾਥੀਆਂ ਨਾਲੋਂ ਫਾਡੀ ਹਨ। ਜਦੋਂ ਕਿ ਉਨ੍ਹਾਂ ਦੇ ਬਾਕੀ 5 ਸਾਥੀ ਕਰੋੜਪਤੀ ਜਾਂ ਅਰਬਪਤੀ ਹਨ। ਸੰਤ ਸੀਚੇਵਾਲ ਦੀ ਜਾਇਦਾਦ ਲੱਖਾਂ ਵਿੱਚ ਹੀ ਆਉਂਦੀ ਹੈ। ਉਨ੍ਹਾਂ ਨੇ ਆਪਣਾ ਅਖਤਿਆਰੀ ਫੰਡ ਦਾ ਵੱਡਾ ਹਿੱਸਾ ਪਾਣੀ ਵਾਲੀਆਂ ਟੈਂਕੀਆਂ ਦੇਣ ‘ਤੇ ਖਰਚ ਕੀਤਾ ਹੈ ਜਿਹੜਾ ਕਿ 7 ਕਰੋੜ 50 ਲੱਖ ਤੋਂ ਵੱਧ ਬਣਦਾ ਹੈ। ਇੰਨੀ ਰਕਮ ਖਰਚ ਕਰਕੇ ਉਨ੍ਹਾਂ ਨੇ ਪੰਜਾਬ ਦੇ 14 ਜ਼ਿਲ੍ਹਿਆਂ ਨੂੰ 215 ਪਾਣੀ ਵਾਲੀਆਂ ਟੈਂਕੀਆਂ ਵੰਡੀਆਂ ਹਨ।

By Gurpreet Singh

Leave a Reply

Your email address will not be published. Required fields are marked *