13 ਮਹੀਨਿਆਂ ਬਾਅਦ ਸ਼ੰਭੂ ਬਾਰਡਰ ਖੁੱਲ੍ਹਿਆ, ਲੋਕਾਂ ਨੇ ਲਿਆ ਸੁੱਖ ਦਾ ਸਾਹ

ਨੈਸ਼ਨਲ ਟਾਈਮਜ਼ ਬਿਊਰੋ :- ਸ਼ੰਭੂ ਬਾਰਡਰ, ਜੋ ਪਿਛਲੇ 13 ਮਹੀਨਿਆਂ ਤੋਂ ਬੰਦ ਸੀ, ਆਖਿਰਕਾਰ ਅੱਜ ਖੁੱਲ੍ਹ ਗਿਆ। ਸਰਹੱਦੀ ਰਸਤਾ ਖੁੱਲ੍ਹਣ ਕਾਰਨ ਲੋਕਾਂ ਵਿੱਚ ਖੁਸ਼ੀ ਦੀ ਲਹਿਰ ਦੌੜ ਗਈ। ਲੰਬੇ ਸਮੇਂ ਤੋਂ ਬੰਦ ਹੋਣ ਕਾਰਨ ਆਮ ਲੋਕ, ਵਪਾਰੀ ਅਤੇ ਟਰਾਂਸਪੋਰਟਰ ਮੁਸ਼ਕਲਾਂ ਦਾ ਸਾਹਮਣਾ ਕਰ ਰਹੇ ਸਨ। ਹੁਣ, ਬਾਰਡਰ ਖੁੱਲ੍ਹਣ ਨਾਲ ਵਪਾਰ, ਆਵਾਜਾਈ ਅਤੇ ਦਿਨਚਰੀ ਆਮ ਹੋਣ ਦੀ ਉਮੀਦ ਹੈ।

ਬਾਰਡਰ ਬੰਦ ਹੋਣ ਕਾਰਨ ਪੰਜਾਬ ਅਤੇ ਹਰਿਆਣਾ ਦੇ ਵਪਾਰੀਆਂ ਨੂੰ ਵੱਡੇ ਨੁਕਸਾਨ ਦਾ ਸਾਹਮਣਾ ਕਰਨਾ ਪਿਆ। ਆਮ ਬਸਤੀ ਦੇ ਲੋਕ, ਜੋ ਹਰਰੋਜ਼ ਦੇ ਕੰਮ-ਕਾਜ ਲਈ ਸ਼ੰਭੂ ਸਰਹੱਦ ਪਾਰ ਕਰਦੇ ਸਨ, ਉਨ੍ਹਾਂ ਨੂੰ ਵੀ ਕਾਫੀ ਦਿੱਕਤ ਆ ਰਹੀ ਸੀ। ਟਰਾਂਸਪੋਰਟਰਾਂ ਨੇ ਦੱਸਿਆ ਕਿ ਮਾਲ ਦੇ ਆਉਣ-ਜਾਣ ਵਿੱਚ ਹੋ ਰਹੀ ਦੇਰੀ ਕਾਰਨ ਉਨ੍ਹਾਂ ਦੇ ਧੰਦੇ ‘ਚ ਭਾਰੀ ਨੁਕਸਾਨ ਹੋ ਰਿਹਾ ਸੀ। ਹੁਣ, ਸਰਹੱਦ ਖੁੱਲ੍ਹਣ ਨਾਲ ਇਹ ਸਭ ਮੁਸ਼ਕਲਾਂ ਦੂਰ ਹੋਣ ਦੀ ਉਮੀਦ ਹੈ।

ਇਸ ਬਾਰਡਰ ਨੂੰ ਖੋਲ੍ਹਣ ਦਾ ਕਾਰਨ ਪੰਜਾਬ ਪੁਲਿਸ ਵਲੋਂ ਕੀਤਾ ਗਿਆ ਐਕਸ਼ਨ ਹੈ। ਪੁਲਿਸ ਨੇ ਸ਼ੰਭੂ ਅਤੇ ਖਨੌਰੀ ਬਾਰਡਰ ਤੋਂ 13 ਮਹੀਨੇ ਤੋਂ ਧਰਨੇ ‘ਤੇ ਬੈਠੇ ਕਿਸਾਨਾਂ ਨੂੰ ਹਟਾ ਦਿੱਤਾ। ਧਰਨੇ ਵਾਲੀਆਂ ਥਾਵਾਂ ਨੂੰ ਖਾਲੀ ਕਰਵਾਇਆ ਗਿਆ, ਬੈਰੀਕੇਡ, ਵਾਹਨ ਅਤੇ ਅਸਥਾਈ ਢਾਂਚੇ ਹਟਾਏ ਗਏ। ਕਿਸਾਨਾਂ ਦੇ ਟੈਂਟ ਬੁਲਡੋਜ਼ਰਾਂ ਨਾਲ ਹਟਾਏ ਗਏ, ਅਤੇ ਕਰੀਬ 800 ਕਿਸਾਨਾਂ ਨੂੰ ਹਿਰਾਸਤ ਵਿੱਚ ਲਿਆ ਗਿਆ, ਜਿਨ੍ਹਾਂ ਵਿੱਚ ਆਗੂ ਜਗਜੀਤ ਸਿੰਘ ਡੱਲੇਵਾਲ ਅਤੇ ਸਰਵਣ ਸਿੰਘ ਪੰਧੇਰ ਵੀ ਸ਼ਾਮਲ ਹਨ।

ਸਰਹੱਦ ਖੁੱਲ੍ਹਣ ‘ਤੇ ਲੋਕਾਂ ਨੇ ਰਾਹਤ ਦੀ ਸਾਹ ਲਿਆ ਹੈ। ਪੰਜਾਬ ਤੋਂ ਅੰਬਾਲਾ ਜਾਂ ਚੰਡੀਗੜ੍ਹ ਜਾਣ ਵਾਲੇ, ਵਿਅਪਾਰੀ, ਟਰਾਂਸਪੋਰਟਰ ਅਤੇ ਆਮ ਯਾਤਰੀ ਹੁਣ ਬਿਨਾ ਕਿਸੇ ਰੁਕਾਵਟ ਦੇ ਸਫਰ ਕਰ ਸਕਣਗੇ। ਲੋਕਾਂ ਦਾ ਕਹਿਣਾ ਹੈ ਕਿ ਇਹ ਫੈਸਲਾ ਉਨ੍ਹਾਂ ਦੀਆਂ ਦਿਨਚਰੀਆਂ ਨਾਰਮਲ ਕਰਨ ਵਿੱਚ ਮਦਦਗਾਰ ਹੋਵੇਗਾ।

By Balwinder Singh

Leave a Reply

Your email address will not be published. Required fields are marked *