ਕਾਠਗੜ੍ਹ : ਬੀਤੇ ਕੱਲ ਹਲਕੇ ਦੇ ਇੱਕ ਪਿੰਡ ਦੀ ਰਹਿਣ ਵਾਲੀ ਇਕ ਲੜਕੀ ਨਾਲ ਇਕ ਨੌਜਵਾਨ ਵੱਲੋਂ ਉਸ ਦੇ ਘਰ ਵਿੱਚ ਜਬਰੀ ਦਾਖਲ ਹੋ ਕੇ ਪਹਿਲਾਂ ਉਸ ਨਾਲ ਮਾਰਕੁੱਟ ਕੀਤੀ ਅਤੇ ਬਾਅਦ ਵਿੱਚ ਉਸਦਾ ਜਿਨਸੀ ਸੋਸ਼ਣ ਕੀਤੇ ਜਾਣ ਦਾ ਸਮਾਚਾਰ ਪ੍ਰਾਪਤ ਹੋਇਆ। ਪੁਲਸ ਨੇ ਲੜਕੀ ਦੇ ਬਿਆਨਾਂ ‘ਤੇ ਕਥਿਤ ਮੁਲਜ਼ਮ ਖਿਲਾਫ ਮਾਮਲਾ ਦਰਜ ਕਰ ਕੇ ਉਸ ਦੀ ਗ੍ਰਿਫਤਾਰੀ ਲਈ ਛਾਪੇਮਾਰੀ ਸ਼ੁਰੂ ਕਰ ਦਿੱਤੀ ਹੈ।
ਪੀੜਿਤ ਲੜਕੀ ਰਾਣੀ (ਕਲਪਨਿਕ ਨਾਮ) ਨੇ ਦੱਸਿਆ ਕਿ ਉਹ ਇਕ ਪ੍ਰਾਈਵੇਟ ਸਕੂਲ ‘ਚ ਟੀਚਰ ਦੀ ਨੌਕਰੀ ਕਰਦੀ ਹੈ ਤੇ ਕਿਸੇ ਕਾਰਨ ਕੱਲ ਉਹ ਛੁੱਟੀ ‘ਤੇ ਸੀ ਤੇ ਘਰ ‘ਚ ਇਕੱਲੀ ਸੀ। ਉਸ ਦੀ ਮਾਤਾ ਆਪਣੇ ਪੇਕੇ ਪਿੰਡ ਗਈ ਹੋਈ ਸੀ ਅਤੇ ਪਿਤਾ ਤੇ ਭਰਾ ਕੰਮ ‘ਤੇ ਗਏ ਹੋਏ ਸਨ। ਘਰ ‘ਚ ਇਕੱਲੀ ਨੂੰ ਦੇਖ ਕੇ ਕਥਿਤ ਮੁਲਜ਼ਮ ਲੜਕਾ ਉਨ੍ਹਾਂ ਦੇ ਘਰ ‘ਚ ਜਬਰੀ ਦਾਖਲ ਹੋ ਗਿਆ ਅਤੇ ਉਸਦੇ ਨਾਲ ਮਾਰਕੁੱਟ ਕਰਨ ਲੱਗਿਆ ਜਿਸ ‘ਤੇ ਉਸਨੇ ਰੌਲਾ ਵੀ ਪਾਇਆ ਲੇਕਿਨ ਉਹ ਉਸ ਨਾਲ ਮਾਰਕੁੱਟ ਕਰਦਾ ਰਿਹਾ। ਮੁਲਜ਼ਮ ਨੇ ਉਸਦਾ ਫੋਨ ਵੀ ਤੋੜ ਦਿੱਤਾ ਅਤੇ ਜੋ ਉਨ੍ਹਾਂ ਦੇ ਘਰ ਫੋਨ ਪਿਆ ਸੀ ਉਸ ਨੂੰ ਵੀ ਚੁੱਕ ਕੇ ਆਪਣੇ ਨਾਲ ਲੈ ਗਿਆ। ਉਸ ਫੋਨ ‘ਤੇ ਜਦੋਂ ਉਸਦੇ ਪਿਤਾ ਅਤੇ ਇੱਕ ਰਿਸ਼ਤੇਦਾਰ ਦਾ ਫੋਨ ਆਇਆ ਤਾਂ ਮੁਲਜ਼ਮ ਨੌਜਵਾਨ ਉਨ੍ਹਾਂ ਨੂੰ ਗਾਲੀਗਲੋਚ ਕਰਨ ਲੱਗਿਆ।
ਪੀੜਿਤ ਲੜਕੀ ਨੇ ਦੱਸਿਆ ਕਿ ਕੁੱਝ ਸਮੇਂ ਬਾਅਦ ਨੌਜਵਾਨ ਫਿਰ ਕੰਧ ਟੱਪ ਕੇ ਉਨ੍ਹਾਂ ਦੇ ਘਰ ਅੰਦਰ ਦਾਖਲ ਹੋ ਗਿਆ ਤੇ ਉਸਨੇ ਉਸਦਾ ਜਿਨਸੀ ਸ਼ੋਸਣ ਕੀਤਾ ਜਿਸ ਤੋਂ ਬਾਅਦ ਉਹ ਬੇਸੁੱਧ ਹੋ ਗਈ। ਜਦੋਂ ਉਸਦੇ ਪਿਤਾ ਅਤੇ ਭਰਾ ਘਰ ਆਏ ਤਾਂ ਉਨ੍ਹਾਂ ਨੂੰ ਆਪਣੇ ਨਾਲ ਵਾਪਰੀ ਇਸ ਘਟਨਾ ਬਾਰੇ ਦੱਸਿਆ। ਲੜਕੀ ਦੇ ਪਿਤਾ ਨੇ ਉਸਨੂੰ ਇਲਾਜ ਲਈ ਤੁਰੰਤ ਹਸਪਤਾਲ ਭਰਤੀ ਕਰਵਾਇਆ। ਪੀੜਿਤ ਲੜਕੀ ਦੇ ਪਰਿਵਾਰ ਨੇ ਪੁਲਸ ਪ੍ਰਸ਼ਾਸਨ ਤੋਂ ਮੰਗ ਕੀਤੀ ਹੈ ਕਿ ਉਕਤ ਮੁਲਜ਼ਮ ਨੌਜਵਾਨ ਨੂੰ ਕਾਬੂ ਕਰਕੇ ਸਖਤ ਤੋਂ ਸਖਤ ਸਜ਼ਾ ਦਿੱਤੀ ਜਾਵੇ।
ਇਸ ਸਬੰਧ ‘ਚ ਏਐੱਸਆਈ ਮੈਡਮ ਜਸਵਿੰਦਰ ਕੌਰ ਵੁਮੈਨ ਸੈਲ ਨਵਾਂਸ਼ਹਿਰ ਨੇ ਦੱਸਿਆ ਕਿ ਲੜਕੀ ਦੇ ਬਿਆਨਾਂ ‘ਤੇ ਕਥਿਤ ਮੁਲਜ਼ਮ ਨੌਜਵਾਨ ਦੇ ਖਿਲਾਫ ਮਾਮਲਾ ਦਰਜ ਕਰ ਕੇ ਉਸ ਦੀ ਗ੍ਰਿਫਤਾਰੀ ਲਈ ਛਾਪੇਮਾਰੀ ਸ਼ੁਰੂ ਕਰ ਦਿੱਤੀ ਗਈ ਹੈ।