ਗੁਰਪ੍ਰੀਤ ਸਿੰਘ :- ਸ਼੍ਰੋਮਣੀ ਅਕਾਲੀ ਦਲ ਵੱਲੋਂ ਪੰਜਾਬ ਬਚਾਓ ਮਿਸ਼ਨ 2017 ਦੀ ਸ਼ੁਰੂਆਤ ਵਿਧਾਨ ਸਭਾ ਹਲਕਾ ਕਾਦੀਆਂ ਤੋਂ ਕੀਤੀ ਜਾ ਰਹੀ ਹੈ। ਇਸ ਸਬੰਧੀ ਜਾਣਕਾਰੀ ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਉਪ ਪ੍ਰਧਾਨ ਗੁਰਇਕਬਾਲ ਸਿੰਘ ਮਾਹਲ ਵੱਲੋਂ ਦਿੱਤੀ ਗਈ ਹੈ।
ਉਨ੍ਹਾਂ ਦੱਸਿਆ ਕਿ ਇਸ ਰੈਲੀ ਰਾਹੀਂ ਅਕਾਲੀ ਦਲ ਵੱਲੋਂ ਪੰਜਾਬ ਦੇ ਮੁੱਦਿਆਂ ਨੂੰ ਲੈ ਕੇ ਲੋਕਾਂ ਨੂੰ ਜਾਗਰੂਕ ਕੀਤਾ ਜਾਵੇਗਾ ਅਤੇ ਸਰਕਾਰ ਦੀਆਂ ਨੀਤੀਆਂ ਖ਼ਿਲਾਫ਼ ਆਵਾਜ਼ ਬੁਲੰਦ ਕੀਤੀ ਜਾਵੇਗੀ। ਕੁਝ ਸਮੇਂ ਬਾਅਦ ਰੈਲੀ ਦੇ ਸਟੇਜ ‘ਤੇ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ, ਸੀਨੀਅਰ ਆਗੂ ਬਿਕਰਮ ਸਿੰਘ ਮਜੀਠੀਆ ਤੋਂ ਇਲਾਵਾ ਪਾਰਟੀ ਦੀ ਕੋਰ ਕਮੇਟੀ ਦੇ ਹੋਰ ਮੈਂਬਰ ਵੀ ਪਹੁੰਚਣਗੇ।
ਰੈਲੀ ਦੌਰਾਨ ਅਕਾਲੀ ਦਲ ਦੇ ਵੱਡੇ ਨੇਤਾ ਇਕੱਠੇ ਹੋ ਕੇ ਇਕੱਠ ਨੂੰ ਸੰਬੋਧਨ ਕਰਨਗੇ ਅਤੇ ਪੰਜਾਬ ਦੇ ਸਿਆਸੀ ਹਾਲਾਤਾਂ ਸਬੰਧੀ ਆਪਣਾ ਰੁੱਖ ਸਪਸ਼ਟ ਕਰਨਗੇ। ਕਾਦੀਆਂ ਤੋਂ ਸ਼ੁਰੂ ਹੋ ਰਿਹਾ ਇਹ ਮਿਸ਼ਨ ਆਉਣ ਵਾਲੇ ਦਿਨਾਂ ਵਿੱਚ ਪੰਜਾਬ ਦੇ ਵੱਖ-ਵੱਖ ਹਿੱਸਿਆਂ ਤੱਕ ਲਿਜਾਣ ਦੀ ਯੋਜਨਾ ਬਣਾਈ ਗਈ ਹੈ।
