ਨੈਸ਼ਨਲ ਟਾਈਮਜ਼ ਬਿਊਰੋ:- ਦਿੱਲੀ ਵਿਧਾਨ ਸਭਾ ਚੋਣਾਂ ਦੇ ਨਤੀਜੇ ਆਉਣ ਤੋਂ ਦੋ ਦਿਨ ਮਗਰੋਂ ਭਾਜਪਾ ਨੇ ਹਰਿਆਣਾ ਦੇ ਆਪਣੇ ਸੀਨੀਅਰ ਮੰਤਰੀ ਅਨਿਲ ਵਿੱਜ ਨੂੰ ਕਾਰਨ ਦੱਸੋ ਨੋਟਿਸ ਜਾਰੀ ਕੀਤਾ ਹੈ।
ਉਨ੍ਹਾਂ ’ਤੇ ਮੁੱਖ ਮੰਤਰੀ ਨਾਇਬ ਸਿੰਘ ਸੈਣੀ ਅਤੇ ਭਾਜਪਾ ਦੇ ਸੂਬਾ ਪ੍ਰਧਾਨ ਮੋਹਨ ਲਾਲ ਬੜੌਲੀ ਖ਼ਿਲਾਫ਼ ਜਨਤਕ ਬਿਆਨਬਾਜ਼ੀ ਰਾਹੀਂ ਪਾਰਟੀ ਅਨੁਸ਼ਾਸਨ ਤੋੜਨ ਦਾ ਦੋਸ਼ ਲਾਇਆ ਗਿਆ ਹੈ।ਇਹ ਨੋਟਿਸ ਭਾਜਪਾ ਦੇ ਕੌਮੀ ਪ੍ਰਧਾਨ ਜੇਪੀ ਨੱਢਾ ਦੇ ਨਿਰਦੇਸ਼ ’ਤੇ ਪਾਰਟੀ ਦੀ ਹਰਿਆਣਾ ਇਕਾਈ ਦੇ ਪ੍ਰਧਾਨ ਬੜੌਲੀ ਵੱਲੋਂ ਹੀ ਜਾਰੀ ਕੀਤਾ ਗਿਆ ਅਤੇ ਇਸ ਦਾ ਜਵਾਬ ਤਿੰਨ ਦਿਨਾਂ ਦੇ ਅੰਦਰ ਦੇਣ ਲਈ ਕਿਹਾ ਗਿਆ ਹੈ। ਨੋਟਿਸ ਵਿੱਚ ਵਿੱਜ ’ਤੇ ਗੰਭੀਰ ਦੋਸ਼ ਲਾਉਣ ਦਾ ਦੋਸ਼ ਲਾਇਆ ਗਿਆ ਹੈ ਜੋ ਪਾਰਟੀ ਦੀ ਨੀਤੀ ਅਤੇ ਅੰਦਰੂਨੀ ਅਨੁਸ਼ਾਸਨ ਦੇ ਖ਼ਿਲਾਫ਼ ਹਨ। ਨਾਇਬ ਸੈਣੀ ਸਰਕਾਰ ਵਿੱਚ ਅਨਿਲ ਵਿੱਜ ਨੰਬਰ ਦੋ ਦੀ ਹੈਸੀਅਤ ਰੱਖਦੇ ਹਨ।
ਨੋਟਿਸ ਵਿੱਚ ਉਨ੍ਹਾਂ ਦੀਆਂ ਟਿੱਪਣੀਆਂ ਦੀ ਸਮਾਂ ਸੀਮਾ ਦੀ ਸਖ਼ਤ ਆਲੋਚਨਾ ਕੀਤੀ ਗਈ ਹੈ ਤੇ ਕਿਹਾ ਗਿਆ ਹੈ ਕਿ ਦਿੱਲੀ ਚੋਣਾਂ ਦੌਰਾਨ ਸੀਨੀਅਰ ਮੰਤਰੀ ਵੱਲੋਂ ਦਿੱਤੇ ਗਏ ਅਜਿਹੇ ਬਿਆਨ ‘ਸਵੀਕਾਰ ਨਹੀਂ’ ਹਨ ਤੇ ਉਨ੍ਹਾਂ ਦਾ ਮਕਸਦ ਪਾਰਟੀ ਨੂੰ ਨੁਕਸਾਨ ਪਹੁੰਚਾਉਣਾ ਹੈ। ਵਿੱਜ ਅੰਬਾਲਾ ਛਾਉਣੀ ਤੋਂ ਸੱਤ ਵਾਰ ਐੱਮਐੱਲਏ ਰਹੇ ਹਨ ਤੇ ਸੂਬੇ ’ਚ ਭਾਜਪਾ ਦੇ ਸਭ ਤੋਂ ਸੀਨੀਅਰ ਵਿਧਾਇਕ ਹਨ। ਉਨ੍ਹਾਂ ਨੇ ਹਾਲ ਹੀ ਵਿੱਚ ਮੁੱਖ ਮੰਤਰੀ ਸੈਣੀ ਖ਼ਿਲਾਫ਼ ਟਿੱਪਣੀ ਕਰਦਿਆਂ ਉਨ੍ਹਾਂ ’ਤੇ ਜ਼ਮੀਨੀ ਹਕੀਕਤ ਤੋਂ ਟੁੱਟੇ ਹੋਣ ਦਾ ਦੋਸ਼ ਲਾਇਆ ਸੀ। ਵਿੱਜ ਨੇ ਟਿੱਪਣੀ ਕੀਤੀ ਸੀ, ‘‘ਜਦੋਂ ਤੋਂ ਉਨ੍ਹਾਂ ਨੇ ਅਹੁਦਾ ਸੰਭਾਲਿਆ ਹੈ, ਉਦੋਂ ਤੋਂ ਉਹ ਆਪਣੇ ਉੱਡਣ ਖਟੋਲੇ (ਹੈਲੀਕਾਪਟਰ) ’ਤੇ ਉੱਡ ਰਹੇ ਹਨ। ਉਨ੍ਹਾਂ ਨੂੰ ਲੋਕਾਂ ਦੀ ਪੀੜਾ ਤਾਂ ਹੀ ਪਤਾ ਚੱਲੂ, ਜੇ ਉਹ ਹੇਠਾਂ ਆਉਣਗੇ।’’
