ਨੈਸ਼ਨਲ ਟਾਈਮਜ਼ ਬਿਊਰੋ :- ਚਾਰ ਧਾਮ ਯਾਤਰਾ ‘ਤੇ ਨਿਕਲੇ ਸ਼ਰਧਾਲੂਆਂ ਨੂੰ ਉੱਤਰਾਖੰਡ ਦੇ ਮੁੱਖ ਮੰਤਰੀ ਪੁਸ਼ਕਰ ਸਿੰਘ ਧਾਮੀ ਨੇ ਸਨੇਹਾ ਦਿੱਤਾ ਕਿ ਜਿੱਥੇ ਕਿਤੇ ਵੀ ਫੌਜੀ ਮਿਲਣ, ਉਨ੍ਹਾਂ ਨੂੰ ਸਲਾਮ ਕਰੋ। ਉਨ੍ਹਾਂ ਨੇ ਓਪਰੇਸ਼ਨ ਸਿੰਦੂਰ ‘ਤੇ ਸਵਾਲ ਚੁੱਕਣ ਵਾਲਿਆਂ ਦੀ ਕੜੀ ਆਲੋਚਨਾ ਕੀਤੀ।
ਸੀਐੱਮ ਧਾਮੀ ਨੇ ਰਿਸ਼ੀਕੇਸ਼ ਤੋਂ ਹੇਮਕੁੰਡ ਸਾਹਿਬ ਯਾਤਰਾ ਦੀ ਪਹਿਲੀ ਤੁੱਕੜੀ ਨੂੰ ਰਵਾਨਾ ਕਰਨ ਮੌਕੇ ਦੱਸਿਆ ਕਿ ਹੁਣ ਤੱਕ ਚਾਰ ਧਾਮ ਯਾਤਰਾ ‘ਚ 11 ਲੱਖ ਤੋਂ ਵੱਧ ਸ਼ਰਧਾਲੂ ਸ਼ਾਮਲ ਹੋ ਚੁੱਕੇ ਹਨ। ਉਨ੍ਹਾਂ ਕਿਹਾ ਕਿ “ਸ਼੍ਰੀ ਹੇਮਕੁੰਟ ਸਾਹਿਬ ਖੇਤਰ ਦਾ ਵਾਤਾਵਰਣ ਬਹੁਤ ਸੰਵੇਦਨਸ਼ੀਲ ਹੈ। ਅਸੀਂ ਇਹ ਯਾਤਰਾ ਪਲਾਸਟਿਕ-ਮੁਕਤ ਬਣਾਉਣ ਦਾ ਸੰਕਲਪ ਲਿਆ ਹੈ। ਯਾਤਰਾ ਦੌਰਾਨ ਪੁਰਖਿਆਂ ਵੱਲੋਂ ਬਣਾਏ ਨਿਯਮਾਂ ਦੀ ਪਾਲਣਾ ਕਰੋ।”
ਧਾਮੀ ਨੇ ਇਹ ਵੀ ਕਿਹਾ ਕਿ ਹੇਮਕੁੰਟ ਸਾਹਿਬ ਵਿਖੇ ਸ਼ਰਧਾਲੂਆਂ ਦੀ ਸਹੂਲਤ ਲਈ ਸਰਕਾਰ ਵੱਲੋਂ ਰੇਲਿੰਗਾਂ, ਸਾਈਨਬੋਰਡ, ਪੀਣ ਵਾਲੇ ਪਾਣੀ, ਬਿਜਲੀ ਅਤੇ ਗਰਮ ਪਾਣੀ ਦੀਆਂ ਮਸ਼ੀਨਾਂ ਦੇ ਇੰਤਜ਼ਾਮ ਕੀਤੇ ਗਏ ਹਨ।
ਆਪਰੇਸ਼ਨ ਸਿੰਦੂਰ ਨੂੰ ਲੈ ਕੇ ਵਿਰੋਧ ਕਰਨ ਵਾਲਿਆਂ ਨੂੰ ਨਿਸ਼ਾਨਾ ਬਣਾਉਂਦਿਆਂ ਸੀਐੱਮ ਨੇ ਕਿਹਾ, “ਜਿਹੜੇ ਲੋਕ ਪਹਿਲਾਂ ਆਤੰਕਵਾਦ ਵਿਰੁੱਧ ਕਾਰਵਾਈ ਦਾ ਵਿਰੋਧ ਕਰਦੇ ਸਨ, ਉਹ ਹੁਣ ਵੀ ਆਪਰੇਸ਼ਨ ਸਿੰਦੂਰ ‘ਤੇ ਸਵਾਲ ਕਰ ਰਹੇ ਹਨ। ਅਜਿਹੇ ਲੋਕਾਂ ਨੂੰ ਸਮਝਣਾ ਚਾਹੀਦਾ ਹੈ ਕਿ ਫੌਜੀਆਂ ਦੀ ਕਦਰ ਕਰਨੀ ਚਾਹੀਦੀ ਹੈ।”
ਅੱਜ ਰਿਸ਼ੀਕੇਸ਼ ਤੋਂ ਯਾਤਰੀਆਂ ਦੀ ਪਹਿਲੀ ਤੁੱਕੜੀ ਹੇਮਕੁੰਡ ਸਾਹਿਬ ਵੱਲ ਰਵਾਨਾ ਹੋਈ। ਗੁਰਦੁਆਰਾ ਸਾਹਿਬ ਦੇ ਦਰਵਾਜ਼ੇ 25 ਮਈ ਨੂੰ ਸ਼ਰਧਾਲੂਆਂ ਲਈ ਖੁੱਲਣਗੇ।
ਦੱਸਣਯੋਗ ਹੈ ਕਿ ਚਾਰ ਧਾਮ ਯਾਤਰਾ 30 ਅਪ੍ਰੈਲ ਨੂੰ ਅਕਸ਼ਯ ਤ੍ਰਿਤੀਆ ‘ਤੇ ਗੰਗੋਤਰੀ ਅਤੇ ਯਮੁਨੋਤਰੀ ਧਾਮ ਖੁਲਣ ਨਾਲ ਸ਼ੁਰੂ ਹੋਈ ਸੀ। ਇਸ ਤੋਂ ਬਾਅਦ 2 ਮਈ ਨੂੰ ਕੇਦਾਰਨਾਥ ਅਤੇ 4 ਮਈ ਨੂੰ ਬਦਰੀਨਾਥ ਦੇ ਦਰਵਾਜ਼ੇ ਖੁਲ੍ਹੇ, ਜਿਸ ਨਾਲ ਚਾਰ ਧਾਮ ਯਾਤਰਾ ਦਾ ਰਵਾਇਤੀ ਚੱਕਰ ਪੂਰਾ ਹੋ ਗਿਆ।
