ਨੈਸ਼ਨਲ ਟਾਈਮਜ਼ ਬਿਊਰੋ :- ਸ੍ਰੀ ਹੇਮਕੁੰਟ ਸਾਹਿਬ ਦੀ ਯਾਤਰਾ ਦੌਰਾਨ ਵੱਡਾ ਹਾਦਸਾ ਵਾਪਰਿਆ ਹੈ। ਇਕ ਪੰਜਾਬੀ ਸਿੱਖ ਨੌਜਵਾਨ ਡੂੰਘੀ ਖੱਡ ਵਿਚ ਡਿੱਗ ਗਿਆ, ਜਿਸ ਦੀ ਮੌਤ ਹੋ ਚੁੱਕੀ ਹੈ। ਸਿੱਖ ਨੌਜਵਾਨ ਅੰਮ੍ਰਿਤਸਰ ਦਾ ਰਹਿਣ ਵਾਲਾ ਸੀ ਤੇ ਉਸ ਦੀ ਉਮਰ 18 ਸਾਲ ਦੱਸੀ ਜਾ ਰਹੀ ਹੈ। ਮ੍ਰਿਤਕ ਦੀ ਪਛਾਣ ਗੁਰਪ੍ਰੀਤ ਸਿੰਘ ਵਜੋਂ ਹੋਈ ਹੈ। ਜਾਣਕਾਰੀ ਮੁਤਾਬਕ ਸ੍ਰੀ ਹੇਮਕੁੰਟ ਸਾਹਿਬ ਦੀ ਯਾਤਰਾ ਮਾਰਗ ‘ਤੇ ਡੂੰਘੀ ਖੱਡ ਵਿਚ ਡਿਗਣ ਨਾਲ ਗੁਰਪ੍ਰੀਤ ਦੀ ਮੌਤ ਹੋ ਗਈ ਹੈ। SDRF ਟੀਮ ਨੇ ਗੁਰਪ੍ਰੀਤ ਸਿੰਘ ਦੀ ਮ੍ਰਿਤਕ ਦੇਹ ਬਰਾਮਦ ਕਰ ਲਈ ਹੈ। ਮੌਕੇ ‘ਤੇ ਟੀਮਾਂ ਵੱਲੋਂ ਗੁਰਪ੍ਰੀਤ ਸਿੰਘ ਨੂੰ ਹਸਪਤਾਲ ਵੀ ਲਿਜਾਇਆ ਗਿਆ ਪਰ ਉਸ ਨੇ ਦਮ ਤੋੜ ਦਿੱਤਾ।
ਸੂਚਨਾ ਮਿਲਦੇ ਹੀ ਗੋਬਿੰਦ ਘਾਟ ਪੁਲਿਸ ਤੇ SDRF ਮੌਕੇ ਉਤੇ ਪਹੁੰਚੀ ਤੇ ਦੇਹ ਨੂੰ ਪੋਸਟਮਾਰਟਮ ਲਈ ਮੋਰਚਰੀ ਵਿਚ ਰਖਵਾ ਦਿੱਤਾ ਗਿਆ ਹੈ। ਦੱਸ ਦੇਈਏ ਕਿ ਐਤਵਾਰ ਨੂੰ ਸ੍ਰੀ ਹੇਮਕੁੰਟ ਸਾਹਿਬ ਦੀ ਯਾਤਰਾ ‘ਤੇ ਜਾਂਦੇ ਸਮੇਂ ਗੁਰਪ੍ਰੀਤ ਸਿੰਘ ਜਿਸ ਦੀ ਉਮਰ 18 ਸਾਲ ਦੇ ਕਰੀਬ ਹੈ, ਪੰਜਾਬ ਦੇ ਜ਼ਿਲ੍ਹਾ ਅੰਮ੍ਰਿਤਸਰ ਦਾ ਰਹਿਣ ਵਾਲਾ ਸੀ। ਸ੍ਰੀ ਹੇਮਕੁੰਟ ਸਾਹਿਬ ਦੀ ਯਾਤਰਾ ‘ਤੇ 90 ਲੋਕਾਂ ਦੇ ਸਮੂਹ ਨਾਲ ਜਾ ਰਿਹਾ ਸੀ।
ਗੋਬਿੰਦਘਾਟ ਪੁਲਿਸ ਸਟੇਸ਼ਨ ਇੰਚਾਰਜ ਨੇ ਦੱਸਿਆ ਕਿ ਯਾਤਰਾ ਮਾਰਗ ਉਤੇ ਜੰਗਲਚੱਟੀ ਨੇੜੇ ਗੁਰਪ੍ਰੀਤ ਸਿੰਘ ਪੈਦਲ ਰਸਤਾ ਛੱਡ ਕੇ ਪੁਰਾਣੇ ਤੇ ਖਰਾਬ ਰਸਤੇ ‘ਤੇ ਜਾ ਰਿਹਾ ਸੀ ਤੇ ਰੇਲਿੰਗ ਪਾਰ ਕਰਕੇ ਸ਼ਾਰਟ ਕੱਟ ਰਸਤੇ ‘ਤੇ ਚਲਾ ਗਿਆ ਜੋ ਸੁਰੱਖਿਆ ਕਾਰਨਾਂ ਕਰਕੇ ਪਹਿਲਾਂ ਹੀ ਬੰਦ ਸੀ ਜਿਥੇ ਪੈਰ ਫਿਸਲਣ ਕਰਕੇ ਉਹ ਡੂੰਘੀ ਖੱਡ ਵਿਚ ਜਾ ਡਿੱਗਿਆ ਹੈ ਤੇ ਉਸ ਦੀ ਮੌਤ ਹੋ ਗਈ। ਸੂਚਨਾ ਮਿਲਦੇ ਹੀ SDRF ਤੇ ਹੋਰ ਪੁਲਿਸ ਟੀਮਾਂ ਮੌਕੇ ‘ਤੇ ਪਹੁੰਚੀਆਂ ਤੇ ਗੁਰਪ੍ਰੀਤ ਸਿੰਘ ਨੂੰ ਬਹੁਤ ਮੁਸ਼ੱਕਤ ਨਾਲ ਖੱਡ ਵਿਚੋਂ ਬਾਹਰ ਕੱਢਿਆ ਤੇ ਤੁਰੰਤ ਹਸਪਤਾਲ ਪਹੁੰਚਾਇਆ ਪਰ ਡਾਕਟਰਾਂ ਵੱਲੋਂ ਉਸ ਨੂੰ ਮ੍ਰਿਤਕ ਐਲਾਨ ਦਿੱਤਾ ਗਿਆ।