ਅੰਮ੍ਰਿਤਸਰ : ਭੂਰਾ ਕੋਹਨਾ ਵਿਖੇ ਹੋਏ ਸਮਾਗਮ ਦੌਰਾਨ ਸ੍ਰੀ ਅਕਾਲ ਤਖਤ ਸਾਹਿਬ ਦੇ ਪੂਰਵ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਨੇ ਤਿੱਖੇ ਬਿਆਨ ਦਿੰਦਿਆਂ ਕਿਹਾ ਕਿ ਅੱਜ ਅਸੀਂ ਭਿਆਨਕ ਦੌਰ ਵਿੱਚੋਂ ਗੁਜਰ ਰਹੇ ਹਾਂ। ਉਨ੍ਹਾਂ ਨੇ ਦਾਅਵਾ ਕੀਤਾ ਕਿ ਜਿਨ੍ਹਾਂ ਲੋਕਾਂ ‘ਤੇ ਅਕਾਲ ਤਖਤ ਦੀ ਮਰਿਯਾਦਾ ਨੂੰ ਬਹਾਲ ਕਰਨ ਦੀ ਜਿੰਮੇਵਾਰੀ ਸੀ, ਉਹਨਾਂ ਵਿੱਚ ਕੁਝ ਘੁਸਪੈਠੀਏ ਮਰਿਯਾਦਾਵਾਂ ਦਾ ਘਾਣ ਕਰ ਰਹੇ ਹਨ।
ਗਿਆਨੀ ਹਰਪ੍ਰੀਤ ਸਿੰਘ ਨੇ ਆਖਿਆ ਕਿ ਕੁਝ ਤੱਤ ਇਹ ਕਹਿ ਰਹੇ ਹਨ ਕਿ ਸ੍ਰੀ ਅਕਾਲ ਤਖਤ ਸਾਹਿਬ ਵੱਲੋਂ ਬਣਾਈ ਕਮੇਟੀ ਗੁੰਮਰਾਹ ਕਰ ਰਹੀ ਹੈ, ਪਰ ਇਸਦਾ ਸਿੱਧਾ ਮਤਲਬ ਹੈ ਕਿ ਉਹ ਅਕਾਲ ਤਖਤ ਦੇ ਹੁਕਮਨਾਮਿਆਂ ਨੂੰ ਚੁਣੌਤੀ ਦੇ ਰਹੇ ਹਨ। ਉਨ੍ਹਾਂ ਇਹ ਵੀ ਕਿਹਾ ਕਿ ਇਕ ਆਗੂ ਨੇ ਤਾਂ ਇਹ ਤੱਕ ਦਾਅਵਾ ਕਰ ਦਿੱਤਾ ਕਿ ਇਹ ਕਮੇਟੀ ਗੈਰ-ਕਾਨੂੰਨੀ ਹੈ, ਪਰ ਅਜਿਹਾ ਕਹਿਣ ਵਾਲੇ ਜਾਂ ਤਾਂ ਨਾ-ਸਮਝ ਹਨ ਜਾਂ ਫਿਰ ਉਹ ਸਿੱਖ ਵਿਰੋਧੀ ਤੱਤਾਂ ਦੇ ਹੱਥ ਚੜ ਗਏ ਹਨ।
ਉਨ੍ਹਾਂ ਨੇ ਕਿਹਾ ਕਿ ਕੁਝ ਲੋਕ ਅਕਾਲ ਤਖਤ ਦੇ ਸਿਧਾਂਤਾਂ ਨੂੰ ਨੁਕਸਾਨ ਪਹੁੰਚਾਉਣ ਦੀ ਕੋਸ਼ਿਸ਼ ਕਰ ਰਹੇ ਹਨ, ਪਰ ਸਿੱਖ ਕੌਮ ਨੂੰ ਚਾਹੀਦਾ ਹੈ ਕਿ ਉਹ ਅਕਾਲ ਤਖਤ ਵਲੋਂ ਬਣਾਈ ਗਈ ਪੰਜ ਮੈਂਬਰੀ ਕਮੇਟੀ ਦਾ ਵੱਡਾ ਸਾਥ ਦੇਵੇ।
ਉਨ੍ਹਾਂ ਨੇ ਸਰੋਮਣੀ ਅਕਾਲੀ ਦਲ ਨੂੰ ਨਿਸ਼ਾਨਾ ਬਣਾਉਂਦੇ ਹੋਏ ਕਿਹਾ ਕਿ ਜੋ ਵੀ ਪੰਥ ਵਿਰੋਧੀ ਕਾਰਵਾਈ ਕਰੇਗਾ, ਸਮਾਂ ਆਉਣ ‘ਤੇ ਉਹਨਾਂ ਨੂੰ ਧਕੇ ਦੇ ਕੇ ਬਾਹਰ ਕੱਢਿਆ ਜਾਵੇਗਾ। ਵਿਸ਼ੇਸ਼ ਤੌਰ ‘ਤੇ ਉਨ੍ਹਾਂ ਨੇ ਵਿਰਸਾ ਸਿੰਘ ਵਲਟੋਹਾ ਅਤੇ ਕੁਝ ਹੋਰ ਆਗੂਆਂ ‘ਤੇ ਬਿਨਾਂ ਨਾਮ ਲਏ ਨਿਸ਼ਾਨਾ ਸਾਧਿਆ ਤੇ ਹੋਏ ਕਿਹਾ ਕਿ ਉਹ “ਟੰਗਣਾ ਮਣੌਤ” ਹਨ।