ਪੰਜਾਬ ‘ਚ ਅੱਜ ਤੋਂ SIR ਸ਼ੁਰੂ, ਘਰ-ਘਰ ਜਾਣਗੇ BLO; ਭਰਵਾਉਣਗੇ ਫਾਰਮ

ਗੁਰਪ੍ਰੀਤ ਸਿੰਘ :- 2027 ਦੀਆਂ ਪੰਜਾਬ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਵੋਟਰ ਸੂਚੀ ਨੂੰ ਅਪਡੇਟ ਕਰਨ ਲਈ ਸਪੈਸ਼ਲ ਇੰਟੈਂਸਿਵ ਰਿਵਿਜ਼ਨ (ਐਸਆਈਆਰ) ਮੁਹਿੰਮ ਅੱਜ ਤੋਂ ਸ਼ੁਰੂ ਹੋ ਗਈ ਹੈ। ਇਸ ਪ੍ਰਕਿਰਿਆ ਤਹਿਤ, ਸੂਬੇ ਭਰ ‘ਚ ਵੋਟਰ ਰਿਕਾਰਡਾਂ ਦੀ ਤਸਦੀਕ ਤੇ ਡਾਟਾ ਅਪਡੇਟ ਕੀਤਾ ਜਾਵੇਗਾ। ਮੁੱਖ ਚੋਣ ਅਧਿਕਾਰੀ, ਪੰਜਾਬ ਦਫ਼ਤਰ ਮੁਤਾਬਕ ਲਗਭਗ 25 ਹਜ਼ਾਰ ਬੂਥ ਲੈਵਲ ਅਫਸਰ (ਬੀਐਲਓ) ਵੋਟਰ ਵੇਰਵਿਆਂ ਦੀ ਤਸਦੀਕ ਕਰਨ ਲਈ ਘਰ-ਘਰ ਜਾ ਕੇ ਜਾਂਚ ਕਰਨਗੇ। ਇਹ ਪ੍ਰਕਿਰਿਆ 24 ਜੁਲਾਈ ਤੱਕ ਜਾਰੀ ਰਹੇਗੀ।

ਪੰਜਾਬ ਦੀ ਮੁੱਖ ਚੋਣ ਅਧਿਕਾਰੀ, ਅਨਿੰਦਿਤਾ ਮਿੱਤਰਾ ਨੇ ਬੀਤੇ ਦਿਨ ਪੰਜਾਬ ਭਵਨ ਵਿਖੇ ਰਾਜਨੀਤਿਕ ਪਾਰਟੀਆਂ ਦੇ ਨੁਮਾਇੰਦਿਆਂ ਨਾਲ ਇੱਕ ਮੀਟਿੰਗ ਦੌਰਾਨ ਕਿਹਾ ਕਿ ਇਹ ਪ੍ਰਕਿਰਿਆ ਭਾਰਤ ਦੇ ਚੋਣ ਕਮਿਸ਼ਨ ਦੇ ਦਿਸ਼ਾ-ਨਿਰਦੇਸ਼ਾਂ ਅਨੁਸਾਰ, ਇੱਕ ਯੋਜਨਾਬੱਧ ਤੇ ਪਾਰਦਰਸ਼ੀ ਢੰਗ ਨਾਲ ਚਲਾਈ ਜਾਵੇਗੀ।

2.14 ਕਰੋੜ ਤੋਂ ਵੱਧ ਵੋਟਰਾਂ ਦੀ ਤਸਦੀਕ

ਇਸ ਪ੍ਰਕਿਰਿਆ ਦੌਰਾਨ ਬੀਐਲਓ ਵੋਟਰਾਂ ਨੂੰ ਫਾਰਮ ਵੰਡਣਗੇ, ਉਨ੍ਹਾਂ ਦੀ ਜਾਣਕਾਰੀ ਦੀ ਪੁਸ਼ਟੀ ਕਰਨਗੇ ਤੇ ਜ਼ਰੂਰੀ ਬਦਲਾਅ ਤੇ ਅਪਡੇਟ ਲਈ ਵੇਰਵੇ ਇਕੱਠੇ ਕਰਨਗੇ। ਇਸ ਦੌਰਾਨ ਸੂਬੇ ‘ਚ 2.14 ਕਰੋੜ ਤੋਂ ਵੱਧ ਵੋਟਰਾਂ ਦੇ ਰਿਕਾਰਡ ਨੂੰ ਅਪਡੇਟ ਕੀਤਾ ਜਾਵੇਗਾ।

ਡਰਾਫਟ ਵੋਟਰ ਸੂਚੀ ਅਗਸਤ ‘ਚ ਕੀਤ ਜਾਵੇਗੀ ਜਾਰੀ

ਪ੍ਰਕਿਰਿਆ ਪੂਰੀ ਹੋਣ ਤੋਂ ਬਾਅਦ ਡ੍ਰਾਫਟ ਵੋਟਰ ਸੂਚੀ 3 ਅਗਸਤ, 2026 ਨੂੰ ਜਾਰੀ ਕੀਤੀ ਜਾਵੇਗੀ। ਇਸ ਤੋਂ ਬਾਅਦ, ਨਾਗਰਿਕ 2 ਸਤੰਬਰ ਤੱਕ ਨਾਮ ਜੋੜਨ, ਹਟਾਉਣ ਜਾਂ ਸੋਧਣ ਸੰਬੰਧੀ ਦਾਅਵੇ ਤੇ ਇਤਰਾਜ਼ ਦਰਜ ਕਰ ਸਕਣਗੇ। ਇਨ੍ਹਾਂ ਅਰਜ਼ੀਆਂ ਦਾ ਨਿਪਟਾਰਾ 28 ਸਤੰਬਰ ਤੱਕ ਕੀਤਾ ਜਾਵੇਗਾ ਤੇ ਅੰਤਿਮ ਵੋਟਰ ਸੂਚੀ 1 ਅਕਤੂਬਰ, 2026 ਨੂੰ ਜਾਰੀ ਕੀਤੀ ਜਾਵੇਗੀ।

86 ਪ੍ਰਤੀਸ਼ਤ ਤੋਂ ਵੱਧ ਵੋਟਰ ਮੈਪਿੰਗ ਪੂਰੀ

ਅਧਿਕਾਰੀਆਂ ਨੇ ਦੱਸਿਆ ਕਿ ਪੰਜਾਬ ‘ਚ ਹੁਣ ਤੱਕ 86.02 ਪ੍ਰਤੀਸ਼ਤ ਵੋਟਰਾਂ ਦੀ ਮੈਪਿੰਗ ਪੂਰੀ ਹੋ ਗਈ ਹੈ। ਜਿਨ੍ਹਾਂ ਵੋਟਰਾਂ ਦੀ ਮੈਪਿੰਗ ਅਜੇ ਪੂਰੀ ਨਹੀਂ ਹੋਈ ਹੈ, ਉਨ੍ਹਾਂ ਦੀ ਸੂਚੀ ਰਾਜਨੀਤਿਕ ਪਾਰਟੀਆਂ ਨਾਲ ਸਾਂਝੀ ਕੀਤੀ ਗਈ ਹੈ। ਚੋਣ ਕਮਿਸ਼ਨ ਨੇ ਸਾਰੀਆਂ ਰਾਜਨੀਤਿਕ ਪਾਰਟੀਆਂ ਨੂੰ ਇਸ ਪ੍ਰਕਿਰਿਆ ਨੂੰ ਸਫਲ ਬਣਾਉਣ ‘ਚ ਸਹਿਯੋਗ ਕਰਨ ਦੀ ਅਪੀਲ ਕੀਤੀ ਹੈ।

ਵੋਟਰ ਸੂਚੀ ‘ਚੋਂ ਨਾਮ ਕਿਵੇਂ ਹਟਾਇਆ ਜਾ ਸਕਦਾ ਹੈ?

ਵੋਟਰ ਸੂਚੀ ‘ਚ ਮੌਜੂਦਾ ਹਰੇਕ ਵੋਟਰ ਲਈ SIR ਫਾਰਮ ਭਰਨਾ ਲਾਜ਼ਮੀ ਹੈ। ਜੇਕਰ ਕੋਈ ਵੋਟਰ ਘਰ ‘ਚ ਨਹੀਂ ਹੈ, ਤਾਂ ਪਰਿਵਾਰਕ ਮੈਂਬਰ ਆਪਣੀ ਤਰਫੋਂ ਫਾਰਮ ਭਰ ਕੇ ਜਮ੍ਹਾਂ ਕਰਵਾ ਸਕਦਾ ਹੈ। ਜਿਹੜੇ ਵੋਟਰ ਨਿਰਧਾਰਤ ਦਸਤਾਵੇਜ਼ਾਂ ਦੇ ਨਾਲ ਫਾਰਮ ਜਮ੍ਹਾਂ ਕਰਵਾਉਂਦੇ ਹਨ, ਉਨ੍ਹਾਂ ਦੇ ਨਾਮ ਵੋਟਰ ਸੂਚੀ ਵਿੱਚ ਬਰਕਰਾਰ ਰੱਖੇ ਜਾਣਗੇ। ਇਸ ਦੇ ਉਲਟ, ਜਿਹੜੇ ਵੋਟਰ ਫਾਰਮ ਤੇ ਜ਼ਰੂਰੀ ਦਸਤਾਵੇਜ਼ ਜਮ੍ਹਾਂ ਕਰਵਾਉਣ ‘ਚ ਅਸਫਲ ਰਹਿੰਦੇ ਹਨ, ਉਨ੍ਹਾਂ ਦੇ ਨਾਮ ਸੂਚੀ ‘ਚੋਂ ਹਟਾਏ ਜਾ ਸਕਦੇ ਹਨ। ਹਾਲਾਂਕਿ, ਅਜਿਹੇ ਵੋਟਰਾਂ ਨੂੰ ਲੋੜੀਂਦੇ ਦਸਤਾਵੇਜ਼ ਜਮ੍ਹਾਂ ਕਰਾਉਣ ਤੇ ਦਾਅਵਾ ਦਾਇਰ ਕਰਨ ਲਈ ਲਗਭਗ ਦੋ ਮਹੀਨਿਆਂ ਦਾ ਸਮਾਂ ਦਿੱਤਾ ਜਾਵੇਗਾ। ਜੇਕਰ ਦਸਤਾਵੇਜ਼ ਇਸ ਨਿਰਧਾਰਤ ਸਮਾਂ ਸੀਮਾ ਦੇ ਅੰਦਰ ਜਮ੍ਹਾਂ ਕਰਵਾਏ ਜਾਂਦੇ ਹਨ, ਤਾਂ ਉਨ੍ਹਾਂ ਦੇ ਨਾਮ ਵੋਟਰ ਸੂਚੀ ‘ਚੋਂ ਨਹੀਂ ਹਟਾਏ ਜਾਣਗੇ।

By Gurpreet Singh

Leave a Reply

Your email address will not be published. Required fields are marked *