ਫਰਵਰੀ 2025 ‘ਚ ਮਹਿੰਗਾਈ ਦਰ ‘ਚ ਮਾਮੂਲੀ ਵਾਧਾ, ਥੋਕ ਮਹਿੰਗਾਈ 2.38% ਤੱਕ ਪਹੁੰਚੀ

ਚੰਡੀਗੜ੍ਹ, 17 ਮਾਰਚ : ਪਿਛਲੇ ਤਿੰਨ ਮਹੀਨਿਆਂ ਵਿੱਚ ਗਿਰਾਵਟ ਤੋਂ ਬਾਅਦ, ਥੋਕ ਮੁੱਲ ਸੂਚਕਾਂਕ (WPI) ਵਿੱਚ ਫਰਵਰੀ 2025 ਵਿੱਚ ਮਾਮੂਲੀ ਵਾਧਾ ਦਰਜ ਕੀਤਾ ਗਿਆ ਹੈ। ਸਰਕਾਰ ਵੱਲੋਂ ਜਾਰੀ ਕੀਤੇ ਗਏ ਅੰਕੜਿਆਂ ਅਨੁਸਾਰ, ਫਰਵਰੀ ਵਿੱਚ WPI ਮਹਿੰਗਾਈ ਦਰ 2.38% ਰਹੀ, ਜੋ ਜਨਵਰੀ ਵਿੱਚ 2.31% ਸੀ।

ਫਰਵਰੀ ਤੋਂ ਪਹਿਲਾਂ, ਜਨਵਰੀ ਵਿੱਚ ਥੋਕ ਮਹਿੰਗਾਈ ਦਰ 2.31 ਪ੍ਰਤੀਸ਼ਤ ਸੀ। ਥੋਕ ਮਹਿੰਗਾਈ ਵਿੱਚ ਲਗਾਤਾਰ ਤਿੰਨ ਮਹੀਨਿਆਂ ਤੱਕ ਗਿਰਾਵਟ ਦੇਖਣ ਨੂੰ ਮਿਲੀ ਅਤੇ ਹੁਣ ਇਸ ਤੋਂ ਬਾਅਦ ਫਰਵਰੀ ਵਿੱਚ ਮਾਮੂਲੀ ਵਾਧਾ ਦਰਜ ਕੀਤਾ ਗਿਆ ਹੈ।

ਫਰਵਰੀ ਵਿੱਚ ਥੋਕ ਮਹਿੰਗਾਈ ਵਿੱਚ ਵਾਧੇ ਦਾ ਵੱਡਾ ਕਾਰਨ ਸਬਜ਼ੀਆਂ, ਤੇਲ ਅਤੇ ਪੈਕ ਕੀਤੇ ਪੀਣ ਵਾਲੇ ਪਦਾਰਥਾਂ ਦੀਆਂ ਕੀਮਤਾਂ ਵਿੱਚ ਵਾਧਾ ਹੈ। ਜੇਕਰ ਅਸੀਂ ਪਿਛਲੇ ਸਾਲ ਫਰਵਰੀ ਦੇ ਅੰਕੜਿਆਂ ‘ਤੇ ਨਜ਼ਰ ਮਾਰੀਏ, ਤਾਂ ਥੋਕ ਕੀਮਤਾਂ ਦੇ ਆਧਾਰ ‘ਤੇ ਮਹਿੰਗਾਈ ਦਰ ਸਿਰਫ 0.2 ਪ੍ਰਤੀਸ਼ਤ ਸੀ।

ਵਣਜ ਅਤੇ ਉਦਯੋਗ ਮੰਤਰਾਲੇ ਦੇ ਇੱਕ ਬਿਆਨ ਵਿੱਚ ਕਿਹਾ ਗਿਆ ਹੈ ਕਿ ਫਰਵਰੀ 2025 ਵਿੱਚ ਮਹਿੰਗਾਈ ਦਰ ਵਿੱਚ ਵਾਧੇ ਦਾ ਮੁੱਖ ਕਾਰਨ ਖੁਰਾਕੀ ਉਤਪਾਦਾਂ, ਖੁਰਾਕੀ ਵਸਤੂਆਂ, ਹੋਰ ਨਿਰਮਿਤ ਵਸਤੂਆਂ, ਗੈਰ-ਖੁਰਾਕੀ ਵਸਤੂਆਂ ਅਤੇ ਕੱਪੜਾ ਆਦਿ ਦੀਆਂ ਕੀਮਤਾਂ ਵਿੱਚ ਵਾਧਾ ਹੈ। ਇਸ ਸਮੇਂ ਦੌਰਾਨ, ਨਿਰਮਿਤ ਉਤਪਾਦਾਂ ਦੇ ਸੂਚਕਾਂਕ ਵਿੱਚ ਵੀ 0.42 ਪ੍ਰਤੀਸ਼ਤ ਦਾ ਵਾਧਾ ਹੋਇਆ।

ਅੰਕੜਿਆਂ ਅਨੁਸਾਰ, ਨਿਰਮਿਤ ਉਤਪਾਦਾਂ ਦੀ ਮਹਿੰਗਾਈ ਦਰ ਵਧ ਕੇ 11.06 ਪ੍ਰਤੀਸ਼ਤ ਹੋ ਗਈ। ਇਸ ਦੇ ਨਾਲ ਹੀ, ਬਨਸਪਤੀ ਤੇਲ ਦੀ ਮਹਿੰਗਾਈ ਦਰ ਵਿੱਚ 33.59 ਪ੍ਰਤੀਸ਼ਤ ਅਤੇ ਪੈਕ ਕੀਤੇ ਪੀਣ ਵਾਲੇ ਪਦਾਰਥਾਂ ਦੀ ਮਹਿੰਗਾਈ ਦਰ ਵਿੱਚ 1.66 ਪ੍ਰਤੀਸ਼ਤ ਦਾ ਵਾਧਾ ਹੋਇਆ। ਹਾਲਾਂਕਿ, ਸਬਜ਼ੀਆਂ ਦੀਆਂ ਕੀਮਤਾਂ ਵਿੱਚ ਗਿਰਾਵਟ ਆਈ ਹੈ।

ਥੋਕ ਬਾਜ਼ਾਰ ਵਿੱਚ ਆਲੂ ਦੀ ਮਹਿੰਗਾਈ ਦਰ 74.28 ਪ੍ਰਤੀਸ਼ਤ ਤੋਂ ਘੱਟ ਕੇ 27.54 ਪ੍ਰਤੀਸ਼ਤ ਹੋ ਗਈ। ਇਸਦਾ ਮਤਲਬ ਹੈ ਕਿ ਜਨਵਰੀ ਵਿੱਚ ਹੋਏ ਵਾਧੇ ਦੇ ਮੁਕਾਬਲੇ ਇਸ ਮਹੀਨੇ ਆਲੂ ਦੀਆਂ ਕੀਮਤਾਂ ਘੱਟ ਵਧੀਆਂ ਹਨ, ਪਰ ਇਸਦਾ ਮਤਲਬ ਇਹ ਬਿਲਕੁਲ ਨਹੀਂ ਹੈ ਕਿ ਆਲੂ ਦੀਆਂ ਕੀਮਤਾਂ ਸਸਤੀਆਂ ਹਨ। ਇਸੇ ਤਰ੍ਹਾਂ ਦੁੱਧ ਦੀਆਂ ਕੀਮਤਾਂ ਵਿੱਚ ਵਾਧਾ ਪਿਛਲੇ ਮਹੀਨੇ 5.40 ਪ੍ਰਤੀਸ਼ਤ ਤੋਂ ਘੱਟ ਕੇ 1.58 ਪ੍ਰਤੀਸ਼ਤ ਹੋ ਗਿਆ। ਫਲਾਂ ਅਤੇ ਪਿਆਜ਼ ਦੀਆਂ ਕੀਮਤਾਂ ਵਿੱਚ ਕ੍ਰਮਵਾਰ 20 ਪ੍ਰਤੀਸ਼ਤ ਅਤੇ 48.05 ਪ੍ਰਤੀਸ਼ਤ ਦਾ ਵਾਧਾ ਹੋਇਆ ਹੈ।

ਫਰਵਰੀ ਵਿੱਚ, ਪੈਟਰੋਲ-ਡੀਜ਼ਲ, ਗੈਸ (ਈਂਧਨ) ਅਤੇ ਬਿਜਲੀ ਸ਼੍ਰੇਣੀਆਂ ਵਿੱਚ ਮਹਿੰਗਾਈ ਦਰ ਵਿੱਚ ਗਿਰਾਵਟ ਆਈ ਅਤੇ ਇਹ 0.71 ਪ੍ਰਤੀਸ਼ਤ ਰਹੀ। ਜਦੋਂ ਕਿ ਪਿਛਲੇ ਮਹੀਨੇ ਇਸ ਵਿੱਚ 2.78 ਪ੍ਰਤੀਸ਼ਤ ਦੀ ਗਿਰਾਵਟ ਆਈ ਸੀ।

ਆਈਸੀਆਰਏ ਦੇ ਸੀਨੀਅਰ ਅਰਥਸ਼ਾਸਤਰੀ ਰਾਹੁਲ ਅਗਰਵਾਲ ਦਾ ਕਹਿਣਾ ਹੈ ਕਿ ਚੰਗੀ ਫ਼ਸਲ ਅਤੇ ਉੱਚ ਅਧਾਰ ਪ੍ਰਭਾਵ ਕਾਰਨ ਆਉਣ ਵਾਲੇ ਸਮੇਂ ਵਿੱਚ ਡਬਲਿਊਪੀਆਈ-ਖੁਰਾਕ ਮਹਿੰਗਾਈ ਵਿੱਚ ਹੋਰ ਗਿਰਾਵਟ ਆਉਣ ਦੀ ਉਮੀਦ ਹੈ। ਉਨ੍ਹਾਂ ਇਹ ਵੀ ਕਿਹਾ ਕਿ ਆਮ ਨਾਲੋਂ ਵੱਧ ਤਾਪਮਾਨ ਖੁਰਾਕੀ ਮੁਦਰਾਸਫੀਤੀ ਲਈ ਖ਼ਤਰਾ ਪੈਦਾ ਕਰ ਸਕਦਾ ਹੈ।

By Gurpreet Singh

Leave a Reply

Your email address will not be published. Required fields are marked *