ਹਰਿਆਣਾ ਗੁਰਦੁਆਰਾ ਕਮੇਟੀ ਦੇ ਮੈਂਬਰਾਂ ਵੱਲੋਂ ਨਾਅਰੇਬਾਜ਼ੀ

ਨੈਸ਼ਨਲ ਟਾਈਮਜ਼ ਬਿਊਰੋ :- ਹਰਿਆਣਾ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਲਈ ਨਾਮਜ਼ਦ ਹੋਣ ਵਾਲੇ ਮੈਂਬਰਾਂ ਬਾਰੇ ਫ਼ੈਸਲਾ ਨਾ ਹੋਣ ’ਤੇ ਅਕਾਲ ਪੰਥਕ ਮੋਰਚਾ ਦੀ ਅਗਵਾਈ ਹੇਠ ਕਰੀਬ ਦੋ ਦਰਜਨ ਚੁਣੇ ਮੈਂਬਰਾਂ ਨੇ ਸਰਕਾਰ ਖ਼ਿਲਾਫ਼ ਪ੍ਰਦਰਸ਼ਨ ਕੀਤਾ।

ਅੱਜ ਅਕਾਲ ਪੰਥਕ ਮੋਰਚਾ ਦੇ ਸੀਨੀਅਰ ਮੈਂਬਰ ਦੀਦਾਰ ਸਿੰਘ ਨਲਵੀ ਦੀ ਅਗਵਾਈ ਹੇਠ ਹਰਿਆਣਾ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੈਂਬਰਾਂ ਨੇ ਹਰਿਆਣਾ ਸਿੱਖ ਗੁਰਦੁਆਰਾ ਕਮਿਸ਼ਨ ਦੇ ਦਫ਼ਤਰ ਅੱਗੇ ਨਾਅਰੇਬਾਜ਼ੀ ਕੀਤੀ। ਜ਼ਿਕਰਯੋਗ ਹੈ ਕਿ ਹਰਿਆਣਾ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਚੋਣ 19 ਜਨਵਰੀ ਨੂੰ ਹੋਈ ਸੀ ਅਤੇ ਉਸੇ ਦਿਨ ਹੀ ਚੁਣੇ ਗਏ 40 ਮੈਂਬਰਾਂ ਦੇ ਨਾਮ ਐਲਾਨ ਦਿੱਤੇ ਗਏ ਸਨ।

ਸੀਨੀਅਰ ਮੈਂਬਰ ਨਲਵੀ ਨੇ ਦੱਸਿਆ ਕਿ ਸਾਲ 2014 ਵਿੱਚ ਬਣੇ ਹਰਿਆਣਾ ਸਿੱਖ ਗੁਰਦੁਆਰਾ ਐਕਟ ਅਨੁਸਾਰ ਚੁਣੇ ਹੋਏ ਮੈਂਬਰਾਂ ਵੱਲੋਂ 9 ਮੈਂਬਰ ਨਾਮਜ਼ਦ ਕੀਤੇ ਜਾਣੇ ਹਨ।

ਅੱਜ ਉਹ ਹਰਿਆਣਾ ਸਿੱਖ ਗੁਰਦੁਆਰਾ ਕਮਿਸ਼ਨ ਦੇ ਜਸਟਿਸ ਐੱਚਐੱਸ ਭੱਲਾ ਨੂੰ ਮਿਲੇ ਸਨ ਅਤੇ ਚੁਣੇ ਮੈਂਬਰਾਂ ਨੇ ਮੰਗ ਕੀਤੀ ਕਿ 9 ਮੈਂਬਰਾਂ ਨੂੰ ਵਿਧਾਨ ਮੁਤਾਬਕ ਨਾਮਜ਼ਦ ਕੀਤਾ ਜਾਵੇ। ਜਸਟਿਸ ਭੱਲਾ ਨੇ ਕਮੇਟੀ ਮੈਂਬਰਾਂ ਨੂੰ ਦੱਸਿਆ ਕਿ ਹਰਿਆਣਾ ਸਰਕਾਰ ਵੱਲੋਂ ਮੈਂਬਰਾਂ ਨੂੰ ਨਾਮਜ਼ਦ ਕਰਨ ਸਬੰਧੀ ਜੋ ਰੂਲਜ਼ ਬਣਾਏ ਜਾਣੇ ਸਨ, ਉਹ ਹਾਲੇ ਤੱਕ ਬਣਾਏ ਨਹੀਂ ਗਏ ਜਿਸ ਕਰਕੇ ਉਹ ਅਸਮਰਥ ਹਨ। ਰੋਸ ਵਜੋਂ ਮੈਂਬਰਾਂ ਨੇ ਕਮਿਸ਼ਨ ਦੇ ਦਫ਼ਤਰ ਦੇ ਬਾਹਰ ਨਾਅਰੇਬਾਜ਼ੀ ਕੀਤੀ।ਕਮਿਸ਼ਨ ਵੱਲੋਂ ਰੱਖੀ ਮੀਟਿੰਗ ਵਿੱਚ ਅੱਜ ਬੇਸਿੱਟਾ ਰਹੀ।

ਅਕਾਲ ਪੰਥਕ ਮੋਰਚਾ ਦੇ ਮੈਂਬਰਾਂ ਨੇ ਅੱਜ ਇਸ ਮਗਰੋਂ ਹਰਿਆਣਾ ਦੇ ਮੁੱਖ ਮੰਤਰੀ ਦੇ ਨਾਮ ਪੱਤਰ ਦਿੱਤਾ ਹੈ ਜਿਸ ਵਿੱਚ ਹਫ਼ਤੇ ਦੇ ਅੰਦਰ-ਅੰਦਰ 9 ਮੈਂਬਰ ਨਾਮਜ਼ਦ ਕਰਨ ਲਈ ਨਿਯਮ ਆਦਿ ਬਣਾਏ ਜਾਣ ਦਾ ਅਲਟੀਮੇਟਮ ਦਿੱਤਾ ਗਿਆ। ਇਨ੍ਹਾਂ ਮੈਂਬਰਾਂ ਨੇ ਹਰਿਆਣਾ ਦੇ ਮੁੱਖ ਮੰਤਰੀ ਦਫ਼ਤਰ ਵਿਚ ਮੰਗ ਪੱਤਰ ਸੌਂਪਿਆ ਹੈ।

By Balwinder Singh

Leave a Reply

Your email address will not be published. Required fields are marked *