ਅੰਮ੍ਰਿਤਸਰ – ਭਾਰਤ-ਪਾਕਿਸਤਾਨ ਵਿਚਾਲੇ ਪੈਦਾ ਹੋਈ ਤਲਖੀ ਦਰਮਿਆਨ ਚਰਚਾ ਚੱਲ ਰਹੀ ਸੀ ਕਿ ਬੀ. ਐੱਸ. ਐੱਫ. (ਬਾਰਡਰ ਸਕਿਓਰਿਟੀ ਫੋਰਸ) ਨੇ ਕਿਸਾਨਾਂ 2 ਦਿਨਾਂ ‘ਚ ਕਣਕ ਦੀ ਵਾਢੀ ਲਈ ਹੁਕਮ ਜਾਰੀ ਕੀਤੇ ਹਨ। ਇਸ ਚਰਚਾ ‘ਤੇ ਅੰਮ੍ਰਿਤਸਰ ਦੀ ਡਿਪਟੀ ਕਮਿਸ਼ਨਰ ਸਾਕਸ਼ੀ ਸਾਹਨੀ ਦਾ ਬਿਆਨ ਸਾਹਮਣੇ ਆਇਆ ਹੈ। ਉਨ੍ਹਾਂ ਕਿਹਾ ਕਿ ਬਾਰਡਰ ਸਕਿਓਰਿਟੀ ਫੋਰਸ ਨੇ ਸਰਹੱਦੀ ਪਿੰਡਾਂ ’ਚ ਕੋਈ ਅਜਿਹੀ ਅਨਾਊਸਮੈਂਟ ਕਰਵਾਈ ਹੈ ਕਿ ਕੰਡਿਆਲੀ ਤਾਰ ਤੋਂ ਪਾਰ ਵਾਲੀ ਕਣਕ ਦੋ ਦਿਨਾਂ ’ਚ ਕੱਟ ਲਈ ਜਾਵੇ। ਉਨ੍ਹਾਂ ਦੱਸਿਆ ਕਿ ਮੇਰੀ ਇਸ ਬਾਬਤ ਬੀ. ਐੱਸ. ਐੱਫ. ਦੇ ਸੀਨੀਅਰ ਅਧਿਕਾਰੀਆਂ ਨਾਲ ਗੱਲ ਹੋਈ ਹੈ ਅਤੇ ਉਨ੍ਹਾਂ ਨੇ ਅਜਿਹੀ ਖਬਰ ਨੂੰ ਨਿਰਅਧਾਰ ਕਰਾਰ ਦਿੰਦਿਆਂ ਕਿਹਾ ਕਿ ਬੀ. ਐੱਸ. ਐੱਫ. ਨੇ ਪਿੰਡਾਂ ’ਚ ਅਜਿਹੀ ਕੋਈ ਵੀ ਅਨਾਊਂਸਮੈਂਟ ਨਹੀਂ ਕਰਵਾਈ।
ਉਨ੍ਹਾਂ ਕਿਹਾ ਕਿ ਅਜਿਹੇ ਗੁੰਮਰਾਹਕੁੰਨ ਪ੍ਰਚਾਰ ਵੱਲ ਧਿਆਨ ਨਾ ਦਿੱਤਾ ਜਾਵੇ ਅਤੇ ਜੇਕਰ ਕੋਈ ਅਜਿਹੀ ਖ਼ਬਰ ਕਿਸੇ ਵੀ ਸੂਤਰ ਤੋਂ ਤੁਹਾਨੂੰ ਮਿਲਦੀ ਹੈ ਤਾਂ ਉਸ ਨੂੰ ਆਪਣੇ ਹਲਕੇ ਦੇ ਪਟਵਾਰੀ, ਤਹਿਸੀਲਦਾਰ ਜਾਂ ਜ਼ਿਲ੍ਹਾ ਪ੍ਰਸ਼ਾਸਨ ਦੇ ਕਿਸੇ ਵੀ ਅਧਿਕਾਰੀ ਕੋਲੋਂ ਸਪੱਸ਼ਟ ਕਰ ਲਿਆ ਜਾਵੇ। ਉਨ੍ਹਾਂ ਸੋਸ਼ਲ ਮੀਡੀਆ ਅਤੇ ਮੀਡੀਆ ਦੇ ਪ੍ਰਤੀਨਿਧੀਆਂ ਨੂੰ ਵੀ ਹਦਾਇਤ ਕੀਤੀ ਕਿ ਉਹ ਅਜਿਹੇ ਮੌਕੇ ’ਤੇ ਗੁੰਮਰਾਹਕੁੰਨ ਖ਼ਬਰਾਂ ਨਾ ਚਲਾਉਣ ਅਤੇ ਸੰਜਮਤਾ ਤੋਂ ਕੰਮ ਲੈਣ।