ਭਵਾਨੀਗੜ੍ਹ ਵਿਖੇ ਤੂਫਾਨ ਨੇ ਮਚਾਈ ਤਬਾਹੀ! ਪੁੱਟੇ ਗਏ ਮੋਬਾਇਲ ਟਾਵਰ ਤੇ ਦਰੱਖਤ

ਭਵਾਨੀਗੜ੍ਹ : ਅੱਜ ਸ਼ਾਮ ਸਥਾਨਕ ਇਲਾਕੇ ਵਿੱਚ ਆਏ ਤੇਜ਼ ਤੂਫਾਨ ਵੱਲੋਂ ਭਾਰੀ ਤਬਾਹੀ ਮਚਾਈ ਗਈ। ਇਸ ਤੂਫਾਨ ਕਾਰਨ ਸਥਾਨਕ ਜੈਨ ਕਾਲੋਨੀ ਵਿਖੇ ਇੱਕ ਮੋਬਾਇਲ ਕੰਪਨੀ ਦਾ ਟਾਵਰ ਘਰਾਂ ਉੱਪਰ ਡਿੱਗ ਜਾਣ ਕਾਰਨ ਲੋਕਾਂ ਦਾ ਲੱਖਾਂ ਰੁਪਏ ਦਾ ਨੁਕਸਾਨ ਹੋ ਗਿਆ। ਇਸੇ ਤਰ੍ਹਾਂ ਬਲਿਆਲ ਰੋਡ ਸਥਿਤ ਐੱਫਸੀ ਗੁਦਾਮਾਂ ਵਿੱਚ ਲੱਗੇ ਸਫੈਦੇ ਦਾ ਦਰਖਤ ਇੱਕ ਫੈਕਟਰੀ ਦੀ ਛੱਤ ਉੱਪਰ ਡਿੱਗ ਜਾਣ ਕਾਰਨ ਲੱਖਾਂ ਰੁਪਏ ਦਾ ਨੁਕਸਾਨ ਹੋ ਜਾਣ ਸਮਾਚਾਰ ਪ੍ਰਾਪਤ ਹੋਇਆ। ਇਸ ਤੇਜ਼ ਤੂਫਾਨ ਕਾਰਨ ਸਥਾਨਕ ਸ਼ਹਿਰ ਤੇ ਇਲਾਕੇ ਦੇ ਪਿੰਡਾਂ ਵਿੱਚ ਵੱਡੀ ਗਿਣਤੀ ਵਿੱਚ ਦਰਖਤਾਂ ਦੇ ਸੜਕਾਂ ਵਿੱਚ ਘਾ ਡਿੱਗ ਜਾਣ ਕਾਰਨ ਜਿੱਥੇ ਲੋਕਾਂ ਨੂੰ ਆਵਾਜਾਈ ਦੀ ਸਮੱਸਿਆ ਦਾ ਸਾਹਮਣਾ ਕਰਨਾ ਪਿਆ ਉਥੇ ਹੀ ਬਿਜਲੀ ਸਪਲਾਈ ਦੇ ਖੰਭਿਆਂ ਦੇ ਟੁੱਟ ਜਾਣ ਕਾਰਨ ਸ਼ਹਿਰ ਅਤੇ ਪਿੰਡਾਂ ਵਿੱਚ ਬਿਜਲੀ ਸਪਲਾਈ ਵੀ ਗੁੱਲ ਹੋ ਗਈ। 


ਅੱਜ ਸ਼ਾਮ ਆਏ ਤੇਜ਼ ਤੂਫਾਨ ਨਾਲ ਸਥਾਨਕ ਜੈਨ ਕਲੋਨੀ ਵਿਖੇ ਲੱਗਿਆ ਇੱਕ ਮੋਬਾਇਲ ਕੰਪਨੀ ਦਾ ਟਾਵਰ ਦੋ ਮਕਾਨਾਂ ਦੀ ਛੱਤ ਉੱਪਰ ਡਿੱਗ ਗਿਆ। ਮਕਾਨ ਮਾਲਕ ਸਤਪਾਲ ਗਰਗ ਨੇ ਦੱਸਿਆ ਕਿ ਇਸ ਘਟਨਾ ਵਿੱਚ ਉਸ ਦੀ ਇੱਕ ਮਮਟੀ ਢੈਹ ਢੇਰੀ ਹੋ ਗਈ ਹੈ ਤੇ ਘਰ ਦੇ ਲੈਂਟਰ ਨੂੰ ਤਰੇੜਾਂ ਆ ਗਈਆਂ ਹਨ ਤੇ ਨਾਲ ਹੀ ਏਸੀ ਦੇ ਆਊਟ ਡੋਰ ਤੇ ਹੋਰ ਕਾਫੀ ਸਮਾਨ ਬੁਰੀ ਤਰ੍ਹਾ ਨੁਕਸਾਨਿਆ ਗਿਆ, ਜਿਸ ਨਾਲ ਉਸਦਾ ਲੱਖਾਂ ਰੁਪਏ ਦਾ ਨੁਕਸਾਨ ਹੋ ਗਿਆ ਹੈ। ਇਸੇ ਤਰ੍ਹਾਂ ਇਸ ਟਾਵਰ ਦੀ ਮਾਰ ਹੇਠ ਆਏ ਦੂਸਰੇ ਮਕਾਨ ਮਾਲਕ ਸਤੀਸ਼ ਕੁਮਾਰ ਨੇ ਦੱਸਿਆ ਕਿ ਇਸ ਘਟਨਾ ਵਿੱਚ ਉਸ ਦਾ ਵੀ ਲੱਖਾਂ ਰੁਪਏ ਦਾ ਨੁਕਸਾਨ ਹੋ ਗਿਆ ਹੈ। ਇਸ ਟਾਵਰ ਦੇ ਡਿੱਗਣ ਕਾਰਨ ਮਕਾਨ ਨੇੜੇ ਖੜੀ ਕਾਰ ਵੀ ਬੁਰੀ ਤਰ੍ਹਾਂ ਨੁਕਸਾਨੀ ਗਈ ਕਾਰ ਮਾਲਕ ਮੁਕੇਸ਼ ਕੁਮਾਰ ਨੇ ਦੱਸਿਆ ਕਿ ਉਸਦਾ ਵੀ 30 ਤੋਂ 40 ਹਜ਼ਾਰ ਦਾ ਨੁਕਸਾਨ ਹੋ ਗਿਆ ਹੈ।



ਇਸੇ ਤਰ੍ਹਾਂ ਬਲਿਆਰ ਰੋਡ ਸਥਿਤ ਐੱਫਸੀਆਈ ਦੇ ਗੁਦਾਮਾਂ ਵਿੱਚ ਲੱਗੇ ਸਫੈਦੇ ਦੇ ਦਰਖਤ ਟੁੱਟ ਕੇ ਇੱਕ ਆਇਲ ਮਿਲ ਫੈਕਟਰੀ ਦੀ ਛੱਤ ਉੱਪਰ ਡਿੱਗ ਜਾਣ ਕਾਰਨ ਫੈਕਟਰੀ ਦੇ ਸੈਡ ਦੀਆਂ ਵੱਡੀ ਗਿਣਤੀ ਵਿੱਚ ਸੀਮੈਂਟ ਵਾਲੀਆਂ ਚੱਦਰਾਂ, ਪਾਣੀ ਵਾਲੀ ਟੈਂਕੀ ਅਤੇ ਏਸੀ ਦਾ ਆਊਟ ਡੋਰ ਟੁੱਟ ਗਿਆ। ਫੈਕਟਰੀ ਮਾਲਕ ਬ੍ਰਿਜ ਲਾਲ ਕਾਂਸਲ ਨੇ ਦੱਸਿਆ ਕਿ ਇਸ ਘਟਨਾ ਵਿੱਚ ਉਸ ਦਾ 2 ਲੱਖ ਰੁਪਏ ਦਾ ਨੁਕਸਾਨ ਹੋ ਗਿਆ ਹੈ। ਇਸੇ ਤਰ੍ਹਾਂ ਬਾਜ਼ਾਰ ਵਿਚ ਇਕ ਦੁਕਾਨ ਦਾ ਸੀਸ਼ੇ ਦਾ ਬੋਰਡ ਟੁੱਟ ਜਾਣ ਕਾਰਨ ਹਜ਼ਾਰਾਂ ਰੁਪਏ ਦਾ ਨੁਕਸਾਨ ਅਤੇ ਪਿੰਡ ਸੰਗਤਪੁਰਾ ਇਕ ਨਿੱਜੀ ਕੰਪਨੀ ਦਾ ਲਗਾਇਆ ਬੋਰਡ ਕਸ਼ਮੀਰ ਸਿੰਘ ਦੇ ਘਰ ਦੇ ਡਿੱਗ ਜਾਣ ਕਾਰਨ ਕਰੀਬ 5 ਲੱਖ ਰੁਪਏ ਦਾ ਨੁਕਸਾਨ ਹੋ ਗਿਆ। ਸਥਾਨਕ ਥਾਣੇ ਵਿੱਚ ਲੱਗਿਆ ਵਾਇਰਲੈਸ ਵਾਲਾ ਟਾਵਰ ਵੀ ਟੁੱਟ ਕੇ ਸੜਕ ਉੱਪਰ ਆ ਡਿੱਗਿਆ। ਸਥਾਨਕ ਮੁੱਖ ਸੜਕ ਉੱਪਰ ਇੱਕ ਦੁਕਾਨ ਦੀ ਕੰਧ ਛੱਤ ਉੱਪਰ ਡਿੱਗ ਜਾਣ ਕਾਰਨ ਗਾਡਰ ਵਾਲਿਆਂ ਦੀ ਛੱਤ ਟੁੱਟ ਗਈ ਤੇ ਹੇਠਾਂ ਬੈਠੇ ਦੁਕਾਨਦਾਰ ਬਾਲ ਬਾਲ ਬਚ ਗਏ। 

By Gurpreet Singh

Leave a Reply

Your email address will not be published. Required fields are marked *