ਨੈਸ਼ਨਲ ਟਾਈਮਜ਼ ਬਿਊਰੋ :- ਕਰਨਲ ਬਾਠ ਮਾਮਲੇ ‘ਚ ਕਾਰਵਾਈ ਕਰਦਿਆਂ ਪਟਿਆਲਾ ਪੁਲਿਸ ਨੇ ਚਾਰ ਇੰਸਪੈਕਟਰਾਂ ਅਤੇ ਹੋਰ ਦੋ ਅਧਿਕਾਰੀਆਂ ਖ਼ਿਲਾਫ਼ ਸਖ਼ਤ ਅਨੁਸ਼ਾਸਨਾਤਮਕ ਕਾਰਵਾਈ ਦੀ ਸਿਫ਼ਾਰਸ਼ ਕੀਤੀ ਹੈ। ਇਸ ‘ਚ ਉਨ੍ਹਾਂ ਦੀ ਸੇਵਾ ਵਿੱਚ ਕਟੌਤੀ ਅਤੇ ਤਰੱਕੀ ‘ਤੇ ਰੋਕ ਲਗਾਉਣ ਦੀ ਗੱਲ ਕੀਤੀ ਗਈ ਹੈ। ਮਿਲੀ ਜਾਣਕਾਰੀ ਮੁਤਾਬਕ, ਇਨ੍ਹਾਂ ਅਧਿਕਾਰੀਆਂ ਲਈ 3 ਸਾਲ ਦੀ ਸੇਵਾ ਕਟੌਤੀ ਅਤੇ ਇਸ ਦੌਰਾਨ ਤਨਖ਼ਾਹ ‘ਚ ਕੋਈ ਵਾਧਾ ਨਾ ਦੇਣ ਦੀ ਸਿਫ਼ਾਰਸ਼ ਕੀਤੀ ਗਈ ਹੈ। ਪੁਲਿਸ ਦੀ ਜਾਂਚ ‘ਚ ਇਹ ਵੀ ਸਾਫ਼ ਹੋਇਆ ਕਿ ਇਹਨਾਂ ਸਾਰੇ ਅਧਿਕਾਰੀਆਂ ਨੂੰ ਮੁਅੱਤਲ ਰੱਖਿਆ ਜਾਵੇਗਾ ਅਤੇ ਉਨ੍ਹਾਂ ਦੀ ਤਾਇਨਾਤੀ ਕੇਵਲ ਪਟਿਆਲਾ ਤੋਂ ਬਾਹਰ ਹੋਵੇਗੀ।
ਇੱਥੇ ਦੱਸਣਯੋਗ ਹੈ ਕਿ ਪੰਜਾਬ ਅਤੇ ਹਰਿਆਣਾ ਹਾਈਕੋਰਟ ਇਸ ਮਾਮਲੇ ਦੀ ਜਾਂਚ ਪਹਿਲਾਂ ਹੀ ਕੇਂਦਰੀ ਜਾਂਚ ਬਿਊਰੋ (CBI) ਨੂੰ ਸੌਂਪੀ ਜਾ ਚੁੱਕੀ ਹੈ ਅਤੇ CBI ਵੱਲੋਂ ਇਸ ਮਾਮਲੇ ਵਿੱਚ FIR ਵੀ ਦਰਜ ਕੀਤੀ ਜਾ ਚੁੱਕੀ ਹੈ। ਇਹ ਘਟਨਾ ਹੋਏ ਚਾਰ ਮਹੀਨੇ ਤੋਂ ਵੱਧ ਸਮਾਂ ਬੀਤ ਚੁੱਕਾ ਹੈ, ਪਰ ਅਜੇ ਤੱਕ ਕਿਸੇ ਵੀ ਦੋਸ਼ੀ ਪੁਲਿਸ ਅਧਿਕਾਰੀ ਨੂੰ ਗ੍ਰਿਫ਼ਤਾਰ ਨਹੀਂ ਕੀਤਾ ਗਿਆ। ਦੂਜੇ ਪਾਸੇ, ਪਟਿਆਲਾ ਦੇ SSP ਵਰੁਣ ਸ਼ਰਮਾ ਨੇ ਦੱਸਿਆ ਕਿ SP ਦਰਜੇ ਦੇ ਅਧਿਕਾਰੀ ਵੱਲੋਂ ਕੀਤੀ ਜਾਂਚ ਦੇ ਨਤੀਜਿਆਂ ਦੇ ਆਧਾਰ ‘ਤੇ ਇਹ ਸਿਫ਼ਾਰਸ਼ ਕੀਤੀ ਗਈ ਹੈ।
ਜਾਣਕਾਰੀ ਮੁਤਾਬਕ, ਇਸ ਮਾਮਲੇ ‘ਚ ਪਟਿਆਲਾ ਪੁਲਿਸ ਨੇ ਪਹਿਲਾਂ ਤਿੰਨ ਇੰਸਪੈਕਟਰ — ਹੈਰੀ ਬੋਪਾਰਾਏ, ਰੌਣੀ ਸਿੰਘ ਅਤੇ ਹਰਜਿੰਦਰ ਢਿੱਲੋਂ — ਸਮੇਤ ਹੋਰ ਪੁਲਿਸ ਮੁਲਾਜ਼ਮਾਂ ਵਿਰੁੱਧ ਭਾਰਤੀ ਨਿਆਂ ਸੰਹਿਤਾ (BNS) ਦੀਆਂ ਧਾਰਾਵਾਂ 109, 310, 155(2), 117(2), 126(2) ਅਤੇ 351(2) ਅਧੀਨ FIR ਦਰਜ ਕੀਤੀ ਸੀ। ਬਾਅਦ ਵਿੱਚ ਚੌਥੇ ਇੰਸਪੈਕਟਰ ਦਾ ਨਾਂ ਵੀ BNS ਦੀਆਂ ਧਾਰਾਵਾਂ 299 ਅਤੇ 191 ਹੇਠ ਵਧਾ ਦਿੱਤਾ ਗਿਆ।
ਮਾਮਲਾ ਕੀ ਹੈ?
ਇਹ ਘਟਨਾ 13 ਅਤੇ 14 ਮਾਰਚ ਦੀ ਦਰਮਿਆਨ ਰਾਤ ਦੀ ਹੈ, ਜਦੋਂ ਕਰਨਲ ਪੁਸ਼ਪਿੰਦਰ ਸਿੰਘ ਬਾਠ ਅਤੇ ਉਨ੍ਹਾਂ ਦਾ ਪੁੱਤਰ ਪਟਿਆਲਾ ਦੇ ਸਰਕਾਰੀ ਰਜਿੰਦਰਾ ਹਸਪਤਾਲ ਦੇ ਕੋਲ ਸੜਕ ਕਿਨਾਰੇ ਇਕ ਢਾਬੇ ‘ਤੇ ਮੌਜੂਦ ਸਨ। ਪਰਿਵਾਰ ਦਾ ਦਾਅਵਾ ਹੈ ਕਿ ਜਦੋਂ ਉਹ ਆਪਣੀ ਕਾਰ ਤੋਂ ਬਾਹਰ ਖੜੇ ਹੋ ਕੇ ਖਾਣਾ ਖਾ ਰਹੇ ਸਨ, ਤਾਂ ਕੁਝ ਸਾਦਾ ਕੱਪੜੇ ਪਾਏ ਹੋਏ ਪੁਲਿਸ ਅਧਿਕਾਰੀ ਉਨ੍ਹਾਂ ਕੋਲ ਆਏ ਅਤੇ ਕਰਨਲ ਨੂੰ ਆਪਣੀ ਗੱਡੀ ਹਟਾਉਣ ਲਈ ਕਿਹਾ, ਤਾਂ ਜੋ ਉਹ ਆਪਣੀ ਗੱਡੀ ਪਾਰਕ ਕਰ ਸਕਣ। ਇਸ ਗੱਲ ‘ਤੇ ਤਕਰਾਰ ਹੋ ਗਈ ਅਤੇ ਦਰਜਨ ਤੋਂ ਵੱਧ ਪੁਲਿਸ ਕਰਮਚਾਰੀਆਂ ਨੇ ਕਥਿਤ ਤੌਰ ‘ਤੇ ਕਰਨਲ ਅਤੇ ਉਨ੍ਹਾਂ ਦੇ ਪੁੱਤਰ ਨਾਲ ਕੁੱਟਮਾਰ ਕੀਤੀ।