ਨੈਸ਼ਨਲ ਟਾਈਮਜ਼ ਬਿਊਰੋ :- ਸ਼ਹਿਰ ‘ਚ ਸ਼ਾਂਤੀਪੂਰਨ ਮਾਹੌਲ ਨੂੰ ਕਾਇਮ ਰੱਖਣ ਅਤੇ ਮਾੜੇ ਅਨਸਰਾਂ ‘ਤੇ ਨਕੇਲ ਕੱਸਣ ਲਈ ਅੱਜ ਅੰਮ੍ਰਿਤਸਰ ਰੇਲਵੇ ਸਟੇਸ਼ਨ ‘ਤੇ ਇਕ ਵਿਸ਼ੇਸ਼ ਸਰਚ ਅਭਿਆਨ ਚਲਾਇਆ ਗਿਆ।
ਇਹ ਮੁਹਿੰਮ ਸ੍ਰੀ ਗੁਰਪ੍ਰੀਤ ਸਿੰਘ ਭੁੱਲਰ, ਆਈ.ਪੀ.ਐਸ., ਕਮਿਸ਼ਨਰ ਪੁਲਿਸ, ਅੰਮ੍ਰਿਤਸਰ ਦੀਆਂ ਹਦਾਇਤਾਂ ਤੇ ਚਲਾਈ ਗਈ, ਜਿਸ ਦੀ ਅਗਵਾਈ ਥਾਣਾ ਸਿਵਲ ਲਾਈਨ ਦੇ ਮੁੱਖ ਅਧਿਕਾਰੀ ਵੱਲੋਂ ਕੀਤੀ ਗਈ।
ਸਰਚ ਅਭਿਆਨ ਦੌਰਾਨ ਸਪੈਸ਼ਲ ਆਪਰੇਸ਼ਨ ਗਰੁੱਪ (SOG) ਦੇ ਕਮਾਂਡੋਆਂ ਅਤੇ ਸਥਾਨਕ ਪੁਲਿਸ ਜਵਾਨਾਂ ਨੇ ਸਟੇਸ਼ਨ ਦੇ ਹਰੇਕ ਹਿੱਸੇ ਦੀ ਚੌਕਸੀ ਨਾਲ ਜਾਂਚ ਕੀਤੀ। ਹਰ ਇੱਕ ਸ਼ੱਕੀ ਵਿਅਕਤੀ ਅਤੇ ਵਾਹਨ ਦੀ ਪੂਰੀ ਤਰ੍ਹਾਂ ਤਲਾਸ਼ੀ ਲਈ ਗਈ, ਤਾਂ ਜੋ ਕਿਸੇ ਵੀ ਗੈਰ-ਕਾਨੂੰਨੀ ਗਤਿਵਿਧੀ ਨੂੰ ਰੋਕਿਆ ਜਾ ਸਕੇ।
ਅੰਮ੍ਰਿਤਸਰ ਪੁਲਿਸ ਵਲੋਂ ਜਨਤਾ ਨੂੰ ਭਰੋਸਾ ਦਿਵਾਇਆ ਗਿਆ ਹੈ ਕਿ ਸ਼ਹਿਰ ਦੇ ਸ਼ਾਂਤੀਪੂਰਨ ਵਾਤਾਵਰਣ ਨੂੰ ਬਰਕਰਾਰ ਰੱਖਣ ਲਈ ਇਸ ਤਰ੍ਹਾਂ ਦੀਆਂ ਕਾਰਵਾਈਆਂ ਅਗੇ ਵੀ ਜਾਰੀ ਰਹਿਣਗੀਆਂ।
