ਡੇਰਾਬੱਸੀ, 31 ਜਨਵਰੀ -ਪੰਜਾਬੀ ਸਾਹਿਤ ਸਭਾ, ਡੇਰਾਬੱਸੀ ਵੱਲੋਂ ਸ਼ਹੀਦ ਜਥੇਦਾਰ ਬਖਤਾਵਰ ਸਿੰਘ ਲਾਇਬ੍ਰੇਰੀ, ਭੰਖਰਪੁਰ ਵਿਖੇ ਜਨਵਰੀ ਮਹੀਨੇ ਦੀ ਮਾਸਿਕ ਇਕੱਤਰਤਾ ਕੀਤੀ ਗਈ। ਇਸ ਦੌਰਾਨ ਮਸੂਰੀ ਵਿੱਚ ਕੱਟੜਪੰਥੀਆਂ ਵੱਲੋਂ ਕੀਤੀ ਗਈ, ਬਾਬਾ ਬੁੱਲ੍ਹੇ ਸ਼ਾਹ ਦੀ ਦਰਗਾਹ ਦੀ ਭੰਨ ਤੋੜ ਦੀ, ਸਖ਼ਤ ਸ਼ਬਦਾਂ ਵਿੱਚ ਨਿੰਦਾ ਕੀਤੀ ਗਈ। ਸਭਾ ਦੇ ਪ੍ਰਧਾਨ ਜੈਲਦਾਰ ਸਿੰਘ ਹਸਮੁੱਖ ਨੇ ਕਿਹਾ ਕਿ ਬਾਬਾ ਬੁੱਲ੍ਹੇ ਸ਼ਾਹ ਏਕਤਾ ਅਤੇ ਸਮਤਾ ਦੇ ਪ੍ਰਤੀਕ ਹਨ। ਕੱਟੜਪੰਥੀ ਸਮਾਜ ਵਿੱਚ ਏਕਤਾ ਅਤੇ ਸਮਤਾ ਬਰਦਾਸ਼ਤ ਨਹੀਂ ਕਰ ਪਾ ਰਹੇ।

ਐਡਵੋਕੇਟ ਕੰਵਲਜੀਤ ਸਿੰਘ ਨੇ ਕਿਹਾ ਕਿ ਸਮੂਹ ਧਾਰਮਿਕ ਆਗੂਆਂ ਅਤੇ ਰਾਜਨੇਤਾਵਾਂ ਨੂੰ ਕੱਟੜਪੰਥੀਆਂ ਵਿਰੁੱਧ ਲਾਮਬੱਧ ਹੋਣ ਦੀ ਲੋੜ ਹੈ, ਤਾਂ ਜੋ ਸਮਾਜ ਵਿੱਚ ਧਰਮ-ਨਿਰਪੱਖਤਾ ਕਾਇਮ ਰਹਿ ਸਕੇ। ਗਿਆਨੀ ਧਰਮ ਸਿੰਘ ਭੰਖਰਪੁਰ ਨੇ ਕਿਹਾ ਕਿ “ਬੁੱਲ੍ਹੇ ਸ਼ਾਹ ਚਲ ਓਥੇ ਵੱਸੀਏ, ਜਿੱਥੇ ਸਾਰੇ ਹੋਵਣ ਅੰਨ੍ਹੇ। ਨਾ ਕੋਈ ਸਾਡੀ ਜਾਤ ਪਛਾਣੇ ਨਾ ਕੋਈ ਸਾਨੂੰ ਮੰਨੇ”।। ਦਾ ਸੁਨੇਹਾ ਦੇਣ ਵਾਲੇ ਬਾਬਾ ਬੁੱਲ੍ਹੇ ਸ਼ਾਹ ਦੀ ਦਰਗਾਹ ਦੀ ਬੇਅਦਬੀ ਕਰਨ ਵਾਲੇ, ਸਾਂਝੀਵਾਲਤਾ ਤੇ ਧਰਮ-ਨਿਰਪੱਖਤਾ ਦੇ ਦੁਸ਼ਮਣਾਂ ਨੂੰ, ਇੱਕ ਵਾਰ ਬਾਬਾ ਬੁੱਲ੍ਹੇ ਸ਼ਾਹ ਨੂੰ ਜ਼ਰੂਰ ਪੜ੍ਹਨਾ ਚਾਹੀਦਾ ਹੈ। ਇਸ ਇਕੱਤਰਤਾ ਦੌਰਾਨ ਸ਼੍ਰੀ ਗੁਰੂ ਹਰਿਰਾਇ ਸਾਹਿਬ ਪਾਤਸ਼ਾਹੀ ਸੱਤਵੀਂ ਅਤੇ ਸ਼ਿਰੋਮਣੀ ਭਗਤ-ਗੁਰੂ ਰਵਿਦਾਸ ਮਹਾਰਾਜ ਦੇ ਪ੍ਰਕਾਸ਼ ਪੁਰਬ ਨੂੰ ਸਮਰਪਿਤ ਕਵੀ ਦਰਬਾਰ ਆਯੋਜਿਤ ਕੀਤਾ ਗਿਆ। ਹਾਜ਼ਰ ਕਵੀਆਂ ਨੇ ਆਪਣੀਆਂ ਰਚਨਾਵਾਂ ਸ਼ਰਧਾ ਸਹਿਤ ਸੁਣਾਈਆਂ। ਜਿਹਨਾਂ ਵਿੱਚ ਬਸੰਤ ਰੁੱਤ, ਸਿੱਖਿਆ, ਭਗਤ-ਗੁਰੂ ਰਵਿਦਾਸ ਜੀ, ਸੱਤਵੇਂ ਪਾਤਸ਼ਾਹ ਸ਼੍ਰੀ ਗੁਰੂ ਹਰਿਰਾਇ ਜੀ ਅਤੇ, ਅਜੋਕੇ ਹਾਲਾਤਾਂ ਨਾਲ ਸਬੰਧਿਤ ਵਿਸ਼ੇ ਭਾਰੂ ਰਹੇ। ਇਸ ਦੌਰਾਨ ਪੰਜਾਬ ਵਿੱਚ ਵੱਧ ਰਹੀ ਖਿੰਝ-ਖੋਹ, ਮਾਰ- ਧਾੜ, ਅਤੇ ਨਸ਼ਿਆ ਦੇ ਰੁਝਾਨ ਤੇ ਚਿੰਤਾ ਜਾਹਿਰ ਕੀਤੀ ਗਈ। ਗਿਆਨੀ ਧਰਮ ਸਿੰਘ ਭੰਖਰਪੁਰ ਦੀ ਕਿਤਾਬ ‘ਘੱਗਰ ਦਾ ਕੰਢਾ’ ਤੇ ‘ਮੰਡਾਸਾ ਫੁੱਲਾਂ ਕੰਡਿਆਂ ਦਾ’ ’ਤੇ ਗੁਰਜਿੰਦਰ ਸਿੰਘ ਬੜਾਣਾ ਤੇ ਕੰਵਲਜੀਤ ਸਿੰਘ ਵੱਲੋ ਚਰਚਾ ਕੀਤੀ ਗਈ। ਇਸ ਮੌਕੇ ਸਰੋਤਿਆਂ ਤੋਂ ਇਲਾਵਾ ਸਭਾ ਦੇ ਪ੍ਰਧਾਨ ਸ. ਜੈਲਦਾਰ ਸਿੰਘ ਹਸਮੁੱਖ, ਗਿਆਨੀ ਧਰਮ ਸਿੰਘ ਭੰਖਰਪੁਰ, ਪ੍ਰੋ. ਰਵਿੰਦਰ ਸਿੰਘ ਅਤੇ ਭਾਈ ਸਪਿੰਦਰ ਸਿੰਘ ਜੀ ਹਾਜ਼ਰ ਰਹੇ।
