ਨੈਸ਼ਨਲ ਟਾਈਮਜ਼ ਬਿਊਰੋ :- ਭ੍ਰਿਸ਼ਟਾਚਾਰ ਦੇ ਖਿਲਾਫ ਆਪਣੀ ਮੁਹਿੰਮ ਜਾਰੀ ਰੱਖਦਿਆਂ ਪੰਜਾਬ ਵਿਜੀਲੈਂਸ ਬਿਊਰੋ ਨੇ ਅੱਜ ਸੀ.ਆਈ.ਏ. ਸਟਾਫ ਜਾਲੰਧਰ ‘ਚ ਤਾਇਨਾਤ ਪੁਲਿਸ ਸਬ-ਇੰਸਪੈਕਟਰ (ਐਸ.ਆਈ.) ਸੁਖਰਾਜ ਸਿੰਘ ਨੂੰ ₹30,000 ਰੁਪਏ ਦੀ ਰਿਸ਼ਵਤ ਲੈਂਦੇ ਹੋਏ ਰੰਗੇ ਹੱਥੀਂ ਗ੍ਰਿਫਤਾਰ ਕੀਤਾ ਹੈ। ਇਸ ਸੰਬੰਧੀ ਜਾਣਕਾਰੀ ਦਿੰਦਿਆਂ ਰਾਜ ਵਿਜੀਲੈਂਸ ਬਿਊਰੋ ਦੇ ਨੇ ਦੱਸਿਆ ਕਿ ਉਕਤ ਪੁਲਿਸ ਅਧਿਕਾਰੀ ਨੂੰ ਅੰਮ੍ਰਿਤਸਰ ਦੀ ਤਹਿਸੀਲ ਅਜਨਾਲਾ ਦੇ ਪਿੰਡ ਸੈਦਪੁਰ ਕਲਾਂ ਦੇ ਰਹਿਣ ਵਾਲੇ ਇਕ ਵਿਅਕਤੀ ਦੀ ਸ਼ਿਕਾਇਤ ‘ਤੇ ਗ੍ਰਿਫਤਾਰ ਕੀਤਾ ਗਿਆ ਹੈ। ਜੋ ਕਿ ਤਿਆਰ ਹੋਏ ਕੱਪੜਿਆਂ ਦੀ ਦੁਕਾਨ ਚਲਾਉਂਦਾ ਹੈ।
ਸ਼ਿਕਾਇਤਕਰਤਾ ਦੇ ਅਨੁਸਾਰ, ਐਸ.ਆਈ. ਸੁਖਰਾਜ ਸਿੰਘ ਨੇ ਉਸਦੇ ਜਵਾਈ ਨੂੰ ਐਨ.ਡੀ.ਪੀ.ਐਸ. ਐਕਟ ਦੀ ਧਾਰਾ 21 ਅਧੀਨ 403 ਗ੍ਰਾਮ ਹੈਰੋਇਨ ਸਬੰਧੀ ਮਾਮਲੇ ਵਿੱਚ ਉਸ ਸਮੇਂ ਗ੍ਰਿਫਤਾਰ ਕੀਤਾ ਸੀ। ਜਦੋਂ ਉਹ 18 ਮਈ, 2025 ਨੂੰ ਜਲੰਧਰ ਤੋਂ ਤਿਰਪਾਲਾਂ ਖਰੀਦਣ ਆਇਆ ਸੀ। ਇਹ ਮਾਮਲਾ ਪੁਲਿਸ ਥਾਣਾ ਡਿਵੀਜ਼ਨ ਨੰਬਰ 1 ਵਿੱਚ ਦਰਜ ਹੈ।
ਰਿਮਾਂਡ ਦੀ ਮਿਆਦ ਦੌਰਾਨ ਉਕਤ ਐਸ.ਆਈ. ਨੇ ਸ਼ਿਕਾਇਤਕਰਤਾ ਨੂੰ ਦੱਸਿਆ ਕਿ ਉਸਦੇ ਜਵਾਈ ਦੀ ਗੱਡੀ ਅਤੇ ਦੋ ਮੋਬਾਈਲ ਫ਼ੋਨ ਉਸਦੇ ਕਬਜ਼ੇ ‘ਚ ਹਨ। ਪਰ ਇਹਨਾਂ ਨੂੰ ਅਜੇ ਤੱਕ ਕੇਸ ਪ੍ਰੋਪਰਟੀ ਵਜੋਂ ਦਰਜ ਨਹੀਂ ਕੀਤਾ ਗਿਆ। ਐਸ.ਆਈ. ਨੇ ਇਹ ਸਮਾਨ ਵਾਪਸ ਕਰਨ ਦਾ ਭਰੋਸਾ ਦਿੱਤਾ।
ਜਦੋਂ ਸ਼ਿਕਾਇਤਕਰਤਾ ਇਹ ਸਮਾਨ ਲੈਣ ਲਈ ਥਾਣੇ ਗਿਆ, ਤਾਂ ਐਸ.ਆਈ. ਨੇ ਗੱਡੀ ਅਤੇ ਮੋਬਾਈਲ ਵਾਪਸ ਕਰਨ ਦੇ ਬਦਲੇ ₹50,000 ਦੀ ਰਿਸ਼ਵਤ ਦੀ ਮੰਗ ਕੀਤੀ। ਗੱਲਬਾਤ ਤੋਂ ਬਾਅਦ ਰਕਮ 30,000 ‘ਤੇ ਤੈਅ ਹੋਈ। ਸ਼ਿਕਾਇਤਕਰਤਾ ਨੇ ਇਹ ਸਾਰੀ ਗੱਲਬਾਤ ਰਿਕਾਰਡ ਕਰ ਲਈ।
ਉਹਨਾਂ ਨੇ ਦੱਸਿਆ ਕਿ ਸ਼ੁਰੂਆਤੀ ਜਾਂਚ ਤੋਂ ਬਾਅਦ ਵਿਜੀਲੈਂਸ ਬਿਊਰੋ ਦੀ ਟੀਮ ਨੇ ਜਾਲ ਬਿਛਾਇਆ ਅਤੇ ਦੋ ਸਰਕਾਰੀ ਗਵਾਹਾਂ ਦੀ ਮੌਜੂਦਗੀ ਵਿੱਚ ਐਸ.ਆਈ. ਨੂੰ 30,000 ਰਿਸ਼ਵਤ ਲੈਂਦੇ ਹੋਏ ਰੰਗੇ ਹੱਥੀਂ ਫੜ ਲਿਆ। ਇਸ ਸਬੰਧ ਵਿੱਚ ਦੋਸ਼ੀ ਖਿਲਾਫ ਭ੍ਰਿਸ਼ਟਾਚਾਰ ਰੋਕਥਾਮ ਐਕਟ ਹੇਠ ਵਿਜੀਲੈਂਸ ਬਿਊਰੋ ਥਾਣਾ, ਜਲੰਧਰ ਰੇਂਜ ਵਿੱਚ ਮਾਮਲਾ ਦਰਜ ਕਰ ਲਿਆ ਗਿਆ ਹੈ ਅਤੇ ਅੱਗੇ ਦੀ ਜਾਂਚ ਜਾਰੀ ਹੈ।
30 ਹਜ਼ਾਰ ਦੀ ਰਿਸ਼ਵਤ ਲੈਂਦਾ ਸਬ ਇੰਸਪੈਕਟਰ ਕਾਬੂ, ਨਸ਼ੇ ਦੇ ਮਾਮਲੇ ਚੋਂ ਨਾਮ ਕੱਢਣ ਲਈ ਮੰਗੇ ਸੀ ਪੈਸੇ…..
