ਚੰਡੀਗੜ੍ਹ, 19 ਮਾਰਚ : ਸ਼੍ਰੋਮਣੀ ਅਕਾਲੀ ਦਲ ਦੇ ਸਾਬਕਾ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਭਗਵੰਤ ਮਾਨ ਦੀ ਅਗਵਾਈ ਵਾਲੀ ‘ਆਪ’ ਸਰਕਾਰ ‘ਤੇ ਤਿੱਖਾ ਹਮਲਾ ਕਰਦਿਆਂ ਦੋਸ਼ ਲਗਾਇਆ ਕਿ ਉਹ ਆਪਣੀਆਂ ਅਸਫਲਤਾਵਾਂ ਅਤੇ ਭ੍ਰਿਸ਼ਟਾਚਾਰ ਤੋਂ ਲੋਕਾਂ ਦਾ ਧਿਆਨ ਹਟਾਉਣ ਲਈ ਜਾਣਬੁੱਝ ਕੇ ਕਿਸਾਨਾਂ ਅਤੇ ਵਪਾਰੀਆਂ, ਸ਼ਹਿਰੀ ਅਤੇ ਪੇਂਡੂ ਭਾਈਚਾਰਿਆਂ ਵਿਚਕਾਰ ਪਾੜਾ ਪਾ ਰਹੀ ਹੈ।
ਬਾਦਲ ਨੇ ਦੋਸ਼ ਲਗਾਇਆ ਕਿ ਸਰਕਾਰ ਦੀਆਂ ਕਾਰਵਾਈਆਂ ਪਿੱਛੇ ਅਸਲ ਮਨੋਰਥ ਕਿਸਾਨਾਂ ਜਾਂ ਵਪਾਰੀਆਂ ਦੇ ਮੁੱਦਿਆਂ ਨੂੰ ਹੱਲ ਕਰਨਾ ਨਹੀਂ ਹੈ, ਸਗੋਂ ‘ਆਪ’ ਸੁਪਰੀਮੋ ਅਰਵਿੰਦ ਕੇਜਰੀਵਾਲ ਲਈ ਰਾਜਨੀਤਿਕ ਲਾਭ ਪ੍ਰਾਪਤ ਕਰਨਾ ਹੈ। ਉਨ੍ਹਾਂ ਦਾਅਵਾ ਕੀਤਾ ਕਿ ਪੰਜਾਬ ਸਰਕਾਰ ਕੇਜਰੀਵਾਲ ਦੇ ਰਾਜ ਸਭਾ ਵਿੱਚ ਦਾਖਲੇ ਲਈ ਰਾਹ ਪੱਧਰਾ ਕਰਨ ਦੀ ਕੋਸ਼ਿਸ਼ ਕਰ ਰਹੀ ਹੈ, ਰਾਜ ਦੀ ਭਲਾਈ ਨਾਲੋਂ ਉਨ੍ਹਾਂ ਦੀਆਂ ਰਾਜਨੀਤਿਕ ਇੱਛਾਵਾਂ ਨੂੰ ਤਰਜੀਹ ਦੇ ਰਹੀ ਹੈ।
ਉਨ੍ਹਾਂ ਨੇ ਭਗਵੰਤ ਮਾਨ ‘ਤੇ ਪੰਜਾਬ ਦੇ ਕਿਸਾਨਾਂ ਨਾਲ ਧੋਖਾ ਕਰਨ ਦਾ ਦੋਸ਼ ਲਗਾਉਂਦਿਆਂ ਕਿਹਾ, “ਭਗਵੰਤ ਮਾਨ ਨੇ ਕੇਜਰੀਵਾਲ ਨੂੰ ਖੁਸ਼ ਕਰਨ ਲਈ ਨੈਤਿਕ ਕਦਰਾਂ-ਕੀਮਤਾਂ ਨਾਲ ਸਮਝੌਤਾ ਕਰਕੇ ਨਾ ਸਿਰਫ਼ ਕਿਸਾਨਾਂ ਸਗੋਂ ਸਾਰੇ ਪੰਜਾਬੀਆਂ ਦੀ ਪਿੱਠ ਵਿੱਚ ਛੁਰਾ ਮਾਰਿਆ ਹੈ।”
ਉਨ੍ਹਾਂ ਅੱਗੇ ਕਿਹਾ “ਪੰਜਾਬੀਓ, ਸਾਵਧਾਨ ਰਹੋ। ਕੋਈ ਵਪਾਰੀ ਕਿਸੇ ਕਿਸਾਨ ਦਾ ਵਿਰੋਧੀ ਨਹੀਂ। ਕੋਈ ਕਿਸਾਨ ਕਿਸੇ ਵਪਾਰੀ ਦਾ ਵੈਰੀ ਨਹੀਂ। ਇਸ ਸਰਕਾਰ ਨੇ ਸਭ ਨਾਲ ਸਮੇਂ ਸਮੇਂ ਸਿਰ ਧੋਖਾ ਕੀਤਾ ਹੈ। ਸੁਚੇਤ ਰਹੋ, ਇੱਕ ਰਹੋ। ਇੱਕ ਦੂਜੇ ਦੀ ਹਾਰਨ ‘ਤੇ ਜਿੱਤ ਨਾ ਮਨਾਓ, ਸਗੋਂ ਇਨਕਲਾਬ ਅਤੇ ਬਦਲਾਅ ਦੇ ਝੂਠੇ ਨਾਹਰਿਆਂ ਨਾਲ ਵਿਧਾਨ ਸਭਾ, ਲੋਕ ਸਭਾ ਅਤੇ ਰਾਜ ਸਭਾ ਦੀਆਂ ਪੌੜੀਆਂ ਚੜ੍ਹੇ ਇਹਨਾਂ ਸਾਰੇ ਧੋਖੇਬਾਜ਼ਾਂ ਤੋਂ ਹਿਸਾਬ ਮੰਗੋ।”