ਸੁਖਬੀਰ ਬਾਦਲ ਨੇ ਗ਼ੈਰ-ਜ਼ਮਾਨਤੀ ਵਾਰੰਟ ਦੇ ਹੁਕਮ ਵਾਪਸ ਲੈਣ ਲਈ ਦਿੱਤੀ ਅਰਜ਼ੀ

ਨੈਸ਼ਨਲ ਟਾਈਮਜ਼ ਬਿਊਰੋ :- ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਖ਼ਿਲਾਫ਼ ਦਰਜ 8 ਸਾਲ ਪੁਰਾਣੇ ਮਾਣਹਾਨੀ ਦੇ ਮਾਮਲੇ ’ਚ ਸ਼ੁੱਕਰਵਾਰ ਨੂੰ ਚੰਡੀਗੜ੍ਹ ਜ਼ਿਲ੍ਹਾ ਅਦਾਲਤ ‘ਚ ਹੋਣ ਵਾਲੀ ਸੁਣਵਾਈ ਟਾਲ ਦਿੱਤੀ ਗਈ। ਅਗਲੀ ਸੁਣਵਾਈ ਹੁਣ 17 ਜਨਵਰੀ ਨੂੰ ਹੋਵੇਗੀ। 17 ਦਸੰਬਰ ਨੂੰ ਪਿਛਲੀ ਸੁਣਵਾਈ ’ਤੇ ਸੁਖਬੀਰ ਸਿੰਘ ਬਾਦਲ ਪੇਸ਼ ਨਹੀਂ ਹੋਏ। ਇਸ ਤੋਂ ਬਾਅਦ ਅਦਾਲਤ ਨੇ ਗ਼ੈਰ-ਜ਼ਮਾਨਤੀ ਵਾਰੰਟ ਜਾਰੀ ਕਰ ਦਿੱਤੇ ਸਨ। ਹਾਲਾਂਕਿ ਹੁਣ ਸੁਖਬੀਰ ਸਿੰਘ ਬਾਦਲ ਨੇ ਹੁਕਮ ਵਾਪਸ ਲਏ ਜਾਣ ਨੂੰ ਲੈ ਕੇ ਅਦਾਲਤ ‘ਚ ਅਰਜ਼ੀ ਦਾਇਰ ਕੀਤੀ ਹੈ, ਜਿਸ ’ਤੇ 17 ਜਨਵਰੀ ਨੂੰ ਸੁਣਵਾਈ ਹੋਵੇਗੀ। ਸ਼ੁੱਕਰਵਾਰ ਨੂੰ ਬਾਦਲ ਦੇ ਵਕੀਲ ਨੇ ਅਦਾਲਤ ਤੋਂ ਸਮਾਂ ਦਿੱਤੇ ਜਾਣ ਦੀ ਮੰਗ ਕੀਤੀ।

ਕਰੀਬ 8 ਸਾਲ ਪਹਿਲਾਂ ਸਾਲ 2017 ’ਚ ਬਾਦਲ ਖ਼ਿਲਾਫ਼ ਧਾਰਮਿਕ ਸੰਸਥਾ ਅਖੰਡ ਕੀਰਤਨੀ ਜੱਥੇ ਦੇ ਬੁਲਾਰੇ ਰਾਜਿੰਦਰ ਪਾਲ ਸਿੰਘ ਨੇ ਕੇਸ ਦਾਇਰ ਕੀਤਾ ਸੀ। ਹਾਲਾਂਕਿ ਬਾਦਲ ਨੇ ਮਾਮਲੇ ਖ਼ਿਲਾਫ਼ ਪੰਜਾਬ ਅਤੇ ਹਰਿਆਣਾ ਹਾਈਕੋਰਟ ‘ਚ ਪਟੀਸ਼ਨ ਦਾਇਰ ਕੀਤੀ ਸੀ, ਜਿਸ ਨੂੰ ਹਾਈਕੋਰਟ ਨੇ ਰੱਦ ਕਰ ਦਿੱਤਾ ਸੀ। ਇਸ ਦੇ ਬਾਵਜੂਦ 17 ਦਸੰਬਰ 2025 ਦੀ ਤਾਰੀਖ਼ ’ਤੇ ਅਦਾਲਤ ਵਿਚ ਪੇਸ਼ ਨਾ ਹੋਣ ਕਾਰਨ ਉਨ੍ਹਾਂ ਦੀ ਜ਼ਮਾਨਤ ਰੱਦ ਕਰ ਦਿੱਤੀ ਗਈ ਸੀ। 4 ਜਨਵਰੀ 2017 ਨੂੰ ਦਿੱਲੀ ਦੇ ਸਾਬਕਾ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਰਾਜਿੰਦਰ ਪਾਲ ਸਿੰਘ ਦੇ ਘਰ ਆਏ ਸੀ। ਉਨ੍ਹਾਂ ਦੀ ਮੁਲਾਕਾਤ ਤੋਂ ਬਾਅਦ ਬਾਦਲ ਨੇ ਮੀਡੀਆ ਨੂੰ ਵਿਵਾਦਿਤ ਬਿਆਨ ਦਿੰਦਿਆਂ ਜੱਥੇ ਨੂੰ ਅੱਤਵਾਦੀ ਜੱਥੇਬੰਦੀ ਦਾ ਰਾਜਨੀਤਕ ਚਿਹਰਾ ਦੱਸਿਆ ਸੀ। ਇਸ ’ਤੇ ਰਾਜਿੰਦਰ ਪਾਲ ਸਿੰਘ ਨੇ ਬਾਦਲ ਖ਼ਿਲਾਫ਼ ਚੰਡੀਗੜ੍ਹ ਜ਼ਿਲ੍ਹਾਅਦਾਲਤ ਵਿਚ ਮਾਣਹਾਨੀ ਦਾ ਕੇਸ ਦਾਇਰ ਕਰ ਦਿੱਤਾ ਸੀ। ਉਨ੍ਹਾਂ ਦਾ ਕਹਿਣਾ ਸੀ ਕਿ ਬਾਦਲ ਦੇ ਬਿਆਨ ਕਾਰਨ ਉਨ੍ਹਾਂ ਦੀ ਸੰਸਥਾ ਦਾ ਅਕਸ ਖ਼ਰਾਬ ਹੋਇਆ ਹੈ।

By Gurpreet Singh

Leave a Reply

Your email address will not be published. Required fields are marked *