ਨੈਸ਼ਨਲ ਟਾਈਮਜ਼ ਬਿਊਰੋ :- ਬੀਤੇ ਦਿਨ ਅੰਮ੍ਰਿਤਧਾਰੀ ਕੁੜੀ ਨੂੰ ਕਕਾਰਾਂ ਸਣੇ ਸਿਵਲ ਜੱਜ ਦੀ ਪ੍ਰੀਖਿਆ ਦੇਣ ਤੋਂ ਰੋਕਿਆ ਗਿਆ ਸੀ। ਤਰਨਤਾਰਨ ਜਿਲ੍ਹੇ ਦੀ ਕੁੜੀ ਗੁਰਪ੍ਰੀਤ ਕੌਰ ਨਾਲ ਹੋਈ ਇਸ ਘਟਨਾ ਦੀ ਪੰਜਾਬ ਦੇ ਸਾਬਕਾ ਉਪ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਨੇ ਸਖਤ ਨਿੰਦਾ ਕੀਤੀ ਹੈ। ਸੁਖਬੀਰ ਬਾਦਲ ਨੇ PM ਨਰਿੰਦਰ ਮੋਦੀ ਨੂੰ ਚਿੱਠੀ ਲਿਖੀ ਹੈ ਤੇ ਮਾਮਲੇ ‘ਚ ਸਿੱਧੇ ਤੌਰ ’ਤੇ ਦਖਲ ਦੇਣ ਦੀ ਅਪੀਲ ਕੀਤੀ ਹੈ ਤੇ ਨਾਲ ਹੀ ਰਾਜਸਥਾਨ ਹਾਈ ਕੋਰਟ ਨੂੰ ਵੀ ਸਿੱਖ ਕੁੜੀ ਗੁਰਪ੍ਰੀਤ ਕੌਰ ਨੂੰ ਪ੍ਰੀਖਿਆ ਲਈ ਇੱਕ ਵਿਸ਼ੇਸ਼ ਮੌਕਾ ਦੇਣ ਦੀ ਅਪੀਲ ਕੀਤੀ ਹੈ।
ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਪੱਤਰ ਵਿੱਚ ਕਿਹਾ ਕਿ ਇਹ ਹੈਰਾਨ ਕਰਨ ਵਾਲੀ ਗੱਲ ਹੈ ਕਿ ਜੇਕਰ ਪ੍ਰੀਖਿਆ ਵਿੱਚ ਅਜਿਹਾ ਕੋਈ ਨਿਯਮ ਹੈ ਤਾਂ ਉਹ ਭਾਰਤ ਦੇ ਪਵਿੱਤਰ ਸੰਵਿਧਾਨ ਦੀ ਉਲੰਘਣਾ ਕਰਦੇ ਹੋਏ ਹੇਠਲੇ ਅਧਿਕਾਰੀਆਂ ਦੁਆਰਾ ਬਣਾਇਆ ਗਿਆ ਹੈ। ਭਾਰਤ ਸਰਕਾਰ ਨੂੰ ਸਾਰੇ ਰਾਜਾਂ ਅਤੇ ਕੇਂਦਰ ਸ਼ਾਸਤ ਪ੍ਰਦੇਸ਼ਾਂ ਨੂੰ ਵਿਸ਼ਵਾਸ ਦੇ ਅਟੁੱਟ ਲੇਖਾਂ ਦੀ ਛੋਟ ਬਾਰੇ ਸਪੱਸ਼ਟ ਦਿਸ਼ਾ-ਨਿਰਦੇਸ਼ ਜਾਰੀ ਕਰਨੇ ਚਾਹੀਦੇ ਹਨ – ਜਾਂ ਦੁਬਾਰਾ ਜਾਰੀ ਕਰਨੇ ਚਾਹੀਦੇ ਹਨ।
ਸ. ਬਾਦਲ ਨੇ ਕਿਹਾ ਕਿ ਇਹ ਕੜ੍ਹਾ ਤੇ ਕਿਰਪਾਨ ਸਿਰਫ ਲੋਹੇ ਦੀਆਂ ਚੀਜ਼ਾਂ ਨਹੀਂ ਸਗੋਂ ਸਿੱਖ ਧਰਮ ਦੀ ਆਸਥਾ ਤੇ ਪਛਾਣ ਦੇ ਪਵਿੱਤਰ ਚਿੰਨ੍ਹ ਹਨ। ਭਾਰਤੀ ਸੰਵਿਧਾਨ ਮੁਤਾਬਕ ਹਰੇਕ ਨਾਗਰਿਕ ਨੂੰ ਆਪਣੇ ਧਰਮ ਦਾ ਪਾਲਣ ਕਰਨ ਤੇ ਪ੍ਰਚਾਰ ਕਰਨ ਦੀ ਆਜ਼ਾਦੀ ਹੈ ਜਿਸ ਵਿਚ ਸਿੱਖਾਂ ਨੂੰ ਕਿਰਪਾਨ ਧਾਰਨ ਕਰਨ ਦਾ ਵਿਸ਼ੇਸ਼ ਅਧਿਕਾਰ ਸ਼ਾਮਲ ਹੈ। ਸੁਖਬੀਰ ਬਾਦਲ ਨੇ ਇਸ ਭੇਦਭਾਵਪੂਰਨ ਵਿਵਹਾਰ ਦੀ ਸਖਤ ਨਿੰਦਾ ਕਰਦੇ ਹੋਏ ਰਾਜਸਥਾਨ ਦੇ ਮੁੱਖ ਮੰਤਰੀ ਭਜਨ ਲਾਲ ਸ਼ਰਮਾ ਤੋਂ ਸਿੱਧੇ ਦਖਲ ਦੀ ਅਪੀਲ ਕੀਤੀ ਹੈ ਤਾਂ ਕਿ ਘਟਨਾ ਲਈ ਜ਼ਿੰਮੇਵਾਰ ਅਧਿਕਾਰੀਆਂ ਖਿਲਾਫ ਸਖਤ ਕਾਰਵਾਈ ਹੋਵੇ।