Sukhdev Singh dhindsa – ਸਰਪੰਚ ਤੋਂ ਪਦਮ ਭੂਸ਼ਣ ਤੱਕ: ਸੁਖਦੇਵ ਸਿੰਘ ਢੀਂਡਸਾ ਦੀ ਰਾਜਨੀਤਿਕ ਯਾਤਰਾ ਦਾ ਅੰਤ

ਨੈਸ਼ਨਲ ਟਾਈਮਜ਼ ਬਿਊਰੋ, (ਕਰਨਵੀਰ ਸਿੰਘ) :- ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਸੁਖਦੇਵ ਸਿੰਘ ਢੀਂਡਸਾ ਦਾ ਦੇਹਾਂਤ ਹੋ ਜਾਣ ਦਾ ਦੁਖਦ ਸਮਾਚਾਰ ਪ੍ਰਾਪਤ ਹੋਇਆ ਹੈ। ਮਿਲੀ ਜਾਣਕਾਰੀ ਮੁਤਾਬਿਕ ਸੁਖਦੇਵ ਸਿੰਘ ਢੀਂਡਸਾ ਫੋਰਟਿਜ਼ ਹਸਪਤਾਲ ’ਚ ਭਰਤੀ ਸਨ ਜਿੱਥੇ ਉਨ੍ਹਾਂ ਨੇ ਆਪਣੇ ਆਖਰੀ ਸਾਲ ਲਏ। 89 ਸਾਲ ਦੀ ਉਮਰ ’ਚ ਸੁਖਦੇਵ ਸਿੰਘ ਢੀਂਡਸਾ ਇਸ ਫਾਨੀ ਸੰਸਾਰ ਨੂੰ ਅਲਵਿਦਾ ਆਖ ਗਏ ਹਨ।

ਦੱਸ ਦਈਏ ਕਿ ਫੇਫੜਿਆਂ ਦੀ ਬੀਮਾਰੀ ਦੇ ਚੱਲਦੇ ਉਹ ਕਾਫੀ ਸਮੇਂ ਤੋਂ ਬੀਮਾਰ ਚੱਲ ਰਹੇ ਸਨ। ਜਿਸ ਤੋਂ ਬਾਅਦ ਉਨ੍ਹਾਂ ਨੂੰ ਮੁਹਾਲੀ ਦੇ ਫੋਰਟਿਜ਼ ਦੇ ਹਸਪਤਾਲ ’ਚ ਭਰਤੀ ਕਰਵਾਇਆ ਗਿਆ ਜਿੱਥੇ ਉਨ੍ਹਾਂ ਨੇ ਆਪਣੇ ਆਖਰੀ ਸਾਹ ਲਏ।

ਸ਼ੁਰੂਆਤੀ ਜੀਵਨ ਅਤੇ ਰਾਜਨੀਤਿਕ ਕਰੀਅਰ
ਸੁਖਦੇਵ ਸਿੰਘ ਢੀਂਡਸਾ ਦਾ ਜਨਮ 9 ਅਪ੍ਰੈਲ 1936 ਨੂੰ ਪੰਜਾਬ ਦੇ ਸੰਗਰੂਰ ਜ਼ਿਲ੍ਹੇ ਦੇ ਉਭਾਵਲ ਪਿੰਡ ਵਿੱਚ ਹੋਇਆ। ਉਨ੍ਹਾਂ ਨੇ ਆਪਣੀ ਰਾਜਨੀਤਿਕ ਯਾਤਰਾ ਵਿਦਿਆਰਥੀ ਜੀਵਨ ਤੋਂ ਸ਼ੁਰੂ ਕੀਤੀ, ਜਿੱਥੇ ਉਹ ਗਵਰਨਮੈਂਟ ਰਣਬੀਰ ਕਾਲਜ ਸੰਗਰੂਰ ਦੇ ਵਿਦਿਆਰਥੀ ਸੰਘ ਦੇ ਪਹਿਲੇ ਚੁਣੇ ਹੋਏ ਸਕੱਤਰ ਅਤੇ ਫਿਰ ਪ੍ਰਧਾਨ ਬਣੇ। ਉਨ੍ਹਾਂ ਨੇ ਆਪਣੇ ਪਿੰਡ ਦੇ ਸਰਪੰਚ ਵਜੋਂ ਚੋਣ ਜਿੱਤ ਕੇ ਜ਼ਿਲ੍ਹਾ ਕੋਆਪਰੇਟਿਵ ਬੈਂਕ ਦੇ ਮੈਨੇਜਿੰਗ ਡਾਇਰੈਕਟਰ ਦਾ ਅਹੁਦਾ ਵੀ ਸੰਭਾਲਿਆ।

ਰਾਜਨੀਤਿਕ ਉਤਾਰ-ਚੜ੍ਹਾਵ
ਉਨ੍ਹਾਂ ਨੇ 1972 ਵਿੱਚ ਧਨੌਲਾ ਤੋਂ ਵਿਧਾਇਕ ਵਜੋਂ ਚੋਣ ਜਿੱਤੀ ਅਤੇ ਬਾਅਦ ਵਿੱਚ ਸ਼੍ਰੋਮਣੀ ਅਕਾਲੀ ਦਲ ਵਿੱਚ ਸ਼ਾਮਿਲ ਹੋ ਗਏ। 1980 ਅਤੇ 1985 ਵਿੱਚ ਵੀ ਵਿਧਾਇਕ ਚੁਣੇ ਗਏ। 1986 ਵਿੱਚ ਉਨ੍ਹਾਂ ਨੇ ਓਪਰੇਸ਼ਨ ਬਲੈਕ ਥੰਡਰ ਦੇ ਮਾਮਲੇ ‘ਚ ਸਰਕਾਰ ਨਾਲ ਅਸਹਿਮਤ ਹੋ ਕੇ ਪ੍ਰਕਾਸ਼ ਸਿੰਘ ਬਾਦਲ ਦੇ ਧੜੇ ਨਾਲ ਜੁੜਨ ਦਾ ਫੈਸਲਾ ਕੀਤਾ।

ਸੰਸਦ ਅਤੇ ਕੇਂਦਰੀ ਮੰਤਰੀ ਵਜੋਂ ਯੋਗਦਾਨ
ਉਨ੍ਹਾਂ ਨੇ 1998 ਤੋਂ 2004 ਅਤੇ 2010 ਤੋਂ 2022 ਤੱਕ ਰਾਜ ਸਭਾ ਦੇ ਮੈਂਬਰ ਵਜੋਂ ਸੇਵਾ ਨਿਭਾਈ। 2004 ਤੋਂ 2009 ਤੱਕ ਉਨ੍ਹਾਂ ਨੇ ਸੰਗਰੂਰ ਤੋਂ ਲੋਕ ਸਭਾ ਮੈਂਬਰ ਵਜੋਂ ਕੰਮ ਕੀਤਾ। 2000 ਤੋਂ 2004 ਤੱਕ ਉਨ੍ਹਾਂ ਨੇ ਤੀਜੀ ਵਾਜਪਈ ਸਰਕਾਰ ਵਿੱਚ ਖੇਡਾਂ ਅਤੇ ਰਸਾਇਣ ਤੇ ਖਾਦ ਮੰਤਰੀ ਵਜੋਂ ਜ਼ਿੰਮੇਵਾਰੀ ਨਿਭਾਈ।

ਪਦਮ ਭੂਸ਼ਣ ਅਤੇ ਕਿਸਾਨ ਅੰਦੋਲਨ
ਉਨ੍ਹਾਂ ਨੂੰ 2019 ਵਿੱਚ ਭਾਰਤ ਸਰਕਾਰ ਵੱਲੋਂ ਪਦਮ ਭੂਸ਼ਣ ਨਾਲ ਸਨਮਾਨਿਤ ਕੀਤਾ ਗਿਆ। ਹਾਲਾਂਕਿ, 2020 ਵਿੱਚ ਕਿਸਾਨ ਅੰਦੋਲਨ ਦੌਰਾਨ, ਉਨ੍ਹਾਂ ਨੇ ਕਿਸਾਨਾਂ ਦੇ ਹੱਕ ਵਿੱਚ ਆਪਣਾ ਪਦਮ ਭੂਸ਼ਣ ਵਾਪਸ ਕਰ ਦਿੱਤਾ।

ਅਕਾਲੀ ਦਲ ਵਿੱਚ ਵੱਖਰਾ ਧੜਾ ਅਤੇ ਮੁੜ ਮਿਲਾਪ
2020 ਵਿੱਚ ਉਨ੍ਹਾਂ ਨੇ ਸ਼੍ਰੋਮਣੀ ਅਕਾਲੀ ਦਲ ਤੋਂ ਅਸਤੀਫਾ ਦੇ ਕੇ ਆਪਣੇ ਪੁੱਤਰ ਪਰਮਿੰਦਰ ਸਿੰਘ ਢੀਂਡਸਾ ਨਾਲ ਮਿਲ ਕੇ ਸ਼੍ਰੋਮਣੀ ਅਕਾਲੀ ਦਲ (ਸੰਯੁਕਤ) ਦੀ ਸਥਾਪਨਾ ਕੀਤੀ। 2024 ਵਿੱਚ ਉਨ੍ਹਾਂ ਨੇ ਆਪਣਾ ਧੜਾ ਮੁੜ ਸ਼੍ਰੋਮਣੀ ਅਕਾਲੀ ਦਲ ਵਿੱਚ ਮਿਲਾ ਦਿੱਤਾ।

ਪਰਿਵਾਰਕ ਜੀਵਨ
ਉਨ੍ਹਾਂ ਦੀ ਪਤਨੀ ਹਰਜੀਤ ਕੌਰ ਹਨ ਅਤੇ ਉਨ੍ਹਾਂ ਦੇ ਇਕ ਪੁੱਤਰ ਅਤੇ ਦੋ ਧੀਆਂ ਹਨ। ਉਨ੍ਹਾਂ ਦੇ ਪੁੱਤਰ ਪਰਮਿੰਦਰ ਸਿੰਘ ਢੀਂਡਸਾ 2012 ਤੋਂ 2017 ਤੱਕ ਪੰਜਾਬ ਦੇ ਵਿੱਤ ਮੰਤਰੀ ਰਹੇ।

(Highlights) ਸੁਖਦੇਵ ਸਿੰਘ ਢੀਂਡਸਾ ਦਾ ਰਾਜਨੀਤੀ ਸਫਰ ’

ਸਾਲ 2019 ’ਚ ਪਦਮ ਭੂਸ਼ਣ ਨਾਲ ਨਵਾਜ਼ੇ ਗਏ ਸਨ ਢੀਂਡਸਾ
ਲੋਕਸਭਾ ਤੇ ਰਾਜਸਭਾ ਦੇ ਮੈਂਬ ਰਹਿ ਚੁੱਕੇ ਹਨ ਢੀਂਡਸਾ
ਵਾਜਪਈ ਸਰਕਾਰ ’ਚ ਬਣੇ ਸਨ ਮੰਤਰੀ
ਸਾਲ 2020 ’ਚ ਅਕਾਲੀ ਦਲ ਤੋਂ ਹੋਏ ਸੀ ਵੱਖ
1972 ’ਚ ਧਨੌਲਾ ਤੋਂ ਬਤੌਰ ਅਜ਼ਾਦ ਉਮੀਦਵਾਰ ਜਿੱਤੀ ਵਿਧਾਇਕ ਦੀ ਚੋਣ
14ਵੀਂ ਲੋਕਸਭਾ ਚ ਬਣੇ ਸੰਗਰੂਰ ਤੋਂ ਸਾਂਸਦ
ਸ਼੍ਰੋਮਣੀ ਅਕਾਲੀ ਦਲ (ਸੰਯੁਕਤ) ਦੇ ਰਹੇ ਪ੍ਰਧਾਨ

ਸੁਖਦੇਵ ਸਿੰਘ ਢੀਂਡਸਾ ਦੀ ਮੌਤ ਨਾਲ ਪੰਜਾਬ ਦੀ ਰਾਜਨੀਤਿਕ ਅਤੇ ਧਾਰਮਿਕ ਜਗਤ ਨੂੰ ਇਕ ਵੱਡਾ ਝਟਕਾ ਲੱਗਿਆ ਹੈ। ਉਨ੍ਹਾਂ ਦੀ ਰਾਜਨੀਤਿਕ ਦੂਰਅੰਦੈਸ਼ੀ, ਸਿੱਖ ਕੌਮ ਪ੍ਰਤੀ ਵਫ਼ਾਦਾਰੀ ਅਤੇ ਨੈਤਿਕ ਮੂਲਾਂ ਲਈ ਉਨ੍ਹਾਂ ਨੂੰ ਸਦਾ ਯਾਦ ਕੀਤਾ ਜਾਵੇਗਾ।

By Gurpreet Singh

Leave a Reply

Your email address will not be published. Required fields are marked *