ਨੈਸ਼ਨਲ ਟਾਈਮਜ਼ ਬਿਊਰੋ :- ਸੁਪਰੀਮ ਕੋਰਟ ਨੇ ਸਾਰੇ ਰਾਜਾਂ ਅਤੇ ਕੇਂਦਰ ਸ਼ਾਸਤ ਪ੍ਰਦੇਸ਼ਾਂ ਦੇ ਪੁਲਿਸ ਮੁਖੀਆਂ ਨੂੰ ਚੇਤਾਵਨੀ ਦਿੱਤੀ ਹੈ ਕਿ ਜੇਕਰ ਗ੍ਰਿਫ਼ਤਾਰੀ ਦੇ ਨਿਯਮਾਂ ਦੀ ਉਲੰਘਣਾ ਹੋਈ, ਤਾਂ ਸਖ਼ਤ ਕਾਰਵਾਈ ਹੋਵੇਗੀ। ਕੋਰਟ ਨੇ ਪੁਲਿਸ ਨੂੰ ਯਾਦ ਦਿਵਾਇਆ ਕਿ ਗ੍ਰਿਫ਼ਤਾਰੀ ਕਰਦੇ ਸਮੇਂ ਕਾਨੂੰਨ ਦੀ ਪਾਲਣਾ ਕਰਨਾ ਲਾਜ਼ਮੀ ਹੈ।
ਜਸਟਿਸ ਹਸਨੂਦੀਨ ਅਮਾਨਉੱਲਾ ਅਤੇ ਪੀਕੇ ਮਿਸ਼ਰਾ ਦੀ ਬੈਂਚ ਨੇ ਆਪਣੇ ਹੁਕਮ ਦੀ ਕਾਪੀ ਸਾਰੇ ਪੁਲਿਸ ਮੁਖੀਆਂ ਨੂੰ ਭੇਜਣ ਦੀ ਹਦਾਇਤ ਦਿੱਤੀ। ਇਹ ਫੈਸਲਾ ਵਿਜੇ ਪਾਲ ਯਾਦਵ ਵੱਲੋਂ ਹਰਿਆਣਾ ਪੁਲਿਸ ਖ਼ਿਲਾਫ਼ ਦਾਇਰ ਕੀਤੀ ਗਈ ਪਟੀਸ਼ਨ ’ਤੇ ਆਇਆ। ਉਨ੍ਹਾਂ ਦਾਅਵਾ ਕੀਤਾ ਕਿ ਉਨ੍ਹਾਂ ਦੀ ਗ੍ਰਿਫ਼ਤਾਰੀ ਦੌਰਾਨ ਨਾ ਸਿਰਫ਼ ਨਿਯਮਾਂ ਦੀ ਉਲੰਘਣਾ ਹੋਈ, ਬਲਕਿ ਪੁਲਿਸ ਨੇ ਉਨ੍ਹਾਂ ਨਾਲ ਅਤਿਆਚਾਰ ਵੀ ਕੀਤਾ।
ਕੋਰਟ ਨੇ ਪੁਲਿਸ ਅਧਿਕਾਰੀਆਂ ਨੂੰ ਯਾਦ ਦਿਵਾਇਆ ਕਿ ਭਾਵੇਂ ਕੋਈ ਵਿਅਕਤੀ ਅਪਰਾਧੀ ਹੋਵੇ, ਪਰ ਉਸ ਦੇ ਭੀ ਕਾਨੂੰਨੀ ਹੱਕ ਹਨ। ਉਨ੍ਹਾਂ ਕਿਹਾ ਕਿ ਜਦੋਂ ਪੁਲਿਸ ਆਪਣੀਆਂ ਹੱਦਾਂ ਪਾਰ ਕਰਦੀ ਹੈ, ਤਾਂ ਇਹ ਨਿਆਂ ਪ੍ਰਣਾਲੀ ਅਤੇ ਲੋਕਤੰਤਰ ਲਈ ਖ਼ਤਰਾ ਬਣ ਸਕਦਾ ਹੈ। ਸੁਪਰੀਮ ਕੋਰਟ ਨੇ ਅਖੀਰ ‘ਚ ਕਿਹਾ ਕਿ ਅਸੀਂ ਇਸ ਮਾਮਲੇ ਵਿੱਚ ਹੋਰ ਟਿੱਪਣੀ ਨਹੀਂ ਕਰਾਂਗੇ, ਪਰ ਭਵਿੱਖ ਵਿੱਚ ਪੁਲਿਸ ਨੇ ਸਾਵਧਾਨ ਰਹਿਣਾ ਹੋਵੇਗਾ।
