ਸੁਰਜੀਤ ਹਾਕੀ ਟੂਰਨਾਮੈਂਟ: ਪੰਜਾਬ ਪੁਲਿਸ ਨੇ ਇੰਡੀਅਨ ਨੇਵੀ ਨੂੰ 4-1 ਨਾਲ ਹਰਾਇਆ, RCF ਕਪੂਰਥਲਾ ਦੀ ਵੀ ਸ਼ਾਨਦਾਰ ਜਿੱਤ

ਜਲੰਧਰ (ਗੁਰਪ੍ਰੀਤ ਸਿੰਘ) : 43ਵੇਂ ਇੰਡੀਅਨ ਆਇਲ ਸਰਵੋ ਸੁਰਜੀਤ ਹਾਕੀ ਟੂਰਨਾਮੈਂਟ ਵਿੱਚ ਬੁੱਧਵਾਰ ਨੂੰ ਪੰਜਾਬ ਪੁਲਿਸ ਨੇ ਸ਼ਾਨਦਾਰ ਪ੍ਰਦਰਸ਼ਨ ਕਰਦਿਆਂ ਇੰਡੀਅਨ ਨੇਵੀ ਮੁੰਬਈ ਨੂੰ 4-1 ਨਾਲ ਹਰਾ ਦਿੱਤਾ। ਉੱਥੇ ਹੀ ਰੇਲ ਕੋਚ ਫੈਕਟਰੀ (RCF) ਕਪੂਰਥਲਾ ਨੇ ਵੀ ਬੀਐੱਸਐੱਫ ਜਲੰਧਰ ਨੂੰ 4-1 ਨਾਲ ਮਾਤ ਦਿੱਤੀ। ਦੂਜੇ ਪਾਸੇ ਭਾਰਤ ਪੈਟਰੋਲੀਅਮ ਅਤੇ ਆਰਮੀ ਦਿੱਲੀ ਵਿਚਾਲੇ ਖੇਡਿਆ ਗਿਆ ਮੁਕਾਬਲਾ ਗੋਲ ਰਹਿਤ ਡਰਾਅ ਰਿਹਾ।

ਟੂਰਨਾਮੈਂਟ ਦੇ ਲੀਗ ਪੜਾਅ ਦੇ ਮੁਕਾਬਲੇ ਆਪਣੇ ਆਖਰੀ ਪੜਾਅ ਵੱਲ ਵਧ ਰਹੇ ਹਨ। ਇਸ ਦੇ ਨਾਲ ਹੀ ਕੁਆਰਟਰ ਫਾਈਨਲ ਵਿੱਚ ਪਹੁੰਚਣ ਵਾਲੀਆਂ ਅੱਠ ਟੀਮਾਂ ਦੇ ਨਾਂ ਵੀ ਤੈਅ ਹੋ ਗਏ ਹਨ। ਇਨ੍ਹਾਂ ਵਿੱਚ ਇੰਡੀਅਨ ਆਇਲ ਸਮੇਤ ਕਈ ਮਜ਼ਬੂਤ ਟੀਮਾਂ ਸ਼ਾਮਲ ਹਨ।

ਯੋਗੇਂਬਰ ਰਾਵਤ ਦੀ ਹੈਟ੍ਰਿਕ ਨਾਲ RCF ਕਪੂਰਥਲਾ ਦੀ ਜਿੱਤ

ਪੂਲ-ਏ ਦੇ ਮੁਕਾਬਲੇ ਵਿੱਚ ਰੇਲ ਕੋਚ ਫੈਕਟਰੀ ਕਪੂਰਥਲਾ ਨੇ ਸ਼ੁਰੂ ਤੋਂ ਹੀ ਬੀਐੱਸਐੱਫ ਜਲੰਧਰ ‘ਤੇ ਦਬਦਬਾ ਬਣਾਈ ਰੱਖਿਆ। RCF ਵੱਲੋਂ ਯੋਗੇਂਬਰ ਰਾਵਤ ਨੇ 10ਵੇਂ ਮਿੰਟ ਵਿੱਚ ਪੈਨਲਟੀ ਸਟ੍ਰੋਕ ਰਾਹੀਂ ਪਹਿਲਾ ਗੋਲ ਕਰਕੇ ਟੀਮ ਨੂੰ 1-0 ਦੀ ਬੜ੍ਹਤ ਦਿਵਾਈ। ਇਸ ਤੋਂ ਬਾਅਦ ਅਰਵਿੰਦਰ ਸਿੰਘ ਨੇ 24ਵੇਂ ਮਿੰਟ ਵਿੱਚ ਪੈਨਲਟੀ ਕਾਰਨਰ ਨੂੰ ਗੋਲ ਵਿੱਚ ਬਦਲ ਕੇ ਸਕੋਰ 2-0 ਕਰ ਦਿੱਤਾ।

ਯੋਗੇਂਬਰ ਰਾਵਤ ਨੇ 29ਵੇਂ ਮਿੰਟ ਵਿੱਚ ਇੱਕ ਹੋਰ ਪੈਨਲਟੀ ਸਟ੍ਰੋਕ ਨੂੰ ਗੋਲ ਵਿੱਚ ਬਦਲ ਕੇ RCF ਦੀ ਬੜ੍ਹਤ 3-0 ਕਰ ਦਿੱਤੀ। ਇਸ ਤੋਂ ਬਾਅਦ 45ਵੇਂ ਮਿੰਟ ਵਿੱਚ ਬੀਐੱਸਐੱਫ ਦੇ ਦੀਪਕ ਕੁਮਾਰ ਨੇ ਪੈਨਲਟੀ ਕਾਰਨਰ ਰਾਹੀਂ ਗੋਲ ਕਰਕੇ ਸਕੋਰ 3-1 ਕੀਤਾ।

ਮੈਚ ਦੇ 58ਵੇਂ ਮਿੰਟ ਵਿੱਚ ਯੋਗੇਂਬਰ ਰਾਵਤ ਨੇ ਪੈਨਲਟੀ ਕਾਰਨਰ ਰਾਹੀਂ ਆਪਣਾ ਤੀਜਾ ਗੋਲ ਕਰਦਿਆਂ ਹੈਟ੍ਰਿਕ ਪੂਰੀ ਕੀਤੀ ਅਤੇ RCF ਕਪੂਰਥਲਾ ਨੂੰ 4-1 ਨਾਲ ਸ਼ਾਨਦਾਰ ਜਿੱਤ ਦਿਵਾਈ।

ਭਾਰਤ ਪੈਟਰੋਲੀਅਮ ਅਤੇ ਆਰਮੀ ਦਿੱਲੀ ਵਿਚਾਲੇ ਮੁਕਾਬਲਾ ਡਰਾਅ

ਪੂਲ-ਬੀ ਵਿੱਚ ਭਾਰਤ ਪੈਟਰੋਲੀਅਮ ਅਤੇ ਆਰਮੀ ਦਿੱਲੀ ਵਿਚਾਲੇ ਖੇਡਿਆ ਗਿਆ ਮੁਕਾਬਲਾ ਕਾਫ਼ੀ ਦਿਲਚਸਪ ਰਿਹਾ। ਦੋਵਾਂ ਟੀਮਾਂ ਨੇ ਗੋਲ ਕਰਨ ਦੇ ਕਈ ਮੌਕੇ ਬਣਾਏ ਪਰ ਕੋਈ ਵੀ ਟੀਮ ਗੇਂਦ ਨੂੰ ਗੋਲ ਪੋਸਟ ਤੱਕ ਪਹੁੰਚਾਉਣ ਵਿੱਚ ਸਫਲ ਨਹੀਂ ਹੋ ਸਕੀ। ਇਸ ਤਰ੍ਹਾਂ ਮੈਚ 0-0 ਨਾਲ ਡਰਾਅ ਰਿਹਾ।

ਪੰਜਾਬ ਪੁਲਿਸ ਨੇ ਇੰਡੀਅਨ ਨੇਵੀ ਨੂੰ 4-1 ਨਾਲ ਹਰਾਇਆ

ਪੰਜਾਬ ਪੁਲਿਸ ਨੇ ਇੰਡੀਅਨ ਨੇਵੀ ਮੁੰਬਈ ਖ਼ਿਲਾਫ਼ ਸ਼ਾਨਦਾਰ ਖੇਡ ਦਿਖਾਉਂਦਿਆਂ 4-1 ਨਾਲ ਜਿੱਤ ਦਰਜ ਕੀਤੀ। ਪੰਜਾਬ ਪੁਲਿਸ ਵੱਲੋਂ ਸ਼ਮਸ਼ੇਰ ਸਿੰਘ ਨੇ 34ਵੇਂ ਮਿੰਟ ਵਿੱਚ ਪਹਿਲਾ ਗੋਲ ਕੀਤਾ। ਇਸ ਤੋਂ ਬਾਅਦ ਦਿਲਪ੍ਰੀਤ ਸਿੰਘ ਨੇ 36ਵੇਂ ਮਿੰਟ ਵਿੱਚ ਫੀਲਡ ਗੋਲ ਕਰਕੇ ਟੀਮ ਦੀ ਬੜ੍ਹਤ 2-0 ਕਰ ਦਿੱਤੀ।

ਟੀਮ ਦੇ ਕਪਤਾਨ ਹਰਮਨਪ੍ਰੀਤ ਸਿੰਘ ਨੇ 38ਵੇਂ ਮਿੰਟ ਵਿੱਚ ਪੈਨਲਟੀ ਕਾਰਨਰ ਰਾਹੀਂ ਗੋਲ ਕਰਕੇ ਸਕੋਰ 3-0 ਕਰ ਦਿੱਤਾ। ਉਨ੍ਹਾਂ ਨੇ 50ਵੇਂ ਮਿੰਟ ਵਿੱਚ ਇੱਕ ਹੋਰ ਪੈਨਲਟੀ ਕਾਰਨਰ ਨੂੰ ਗੋਲ ਵਿੱਚ ਬਦਲ ਕੇ ਪੰਜਾਬ ਪੁਲਿਸ ਦੀ ਬੜ੍ਹਤ 4-0 ਕਰ ਦਿੱਤੀ।

ਮੈਚ ਦੇ ਆਖਰੀ ਪਲਾਂ ਵਿੱਚ ਇੰਡੀਅਨ ਨੇਵੀ ਦੇ ਜੁਗਰਾਜ ਸਿੰਘ ਨੇ ਇੱਕ ਗੋਲ ਕੀਤਾ, ਪਰ ਇਸ ਨਾਲ ਮੈਚ ਦਾ ਨਤੀਜਾ ਨਹੀਂ ਬਦਲ ਸਕਿਆ ਅਤੇ ਪੰਜਾਬ ਪੁਲਿਸ ਨੇ 4-1 ਨਾਲ ਜਿੱਤ ਆਪਣੇ ਨਾਂ ਕਰ ਲਈ।

26 ਨਵੰਬਰ ਨੂੰ ਹੋਣਗੇ ਕੁਆਰਟਰ ਫਾਈਨਲ ਦੇ ਮੁਕਾਬਲੇ

ਟੂਰਨਾਮੈਂਟ ਦੇ ਕੁਆਰਟਰ ਫਾਈਨਲ ਵਿੱਚ ਪਹੁੰਚਣ ਵਾਲੀਆਂ ਅੱਠ ਟੀਮਾਂ ਵਿੱਚ ਪੰਜਾਬ ਪੁਲਿਸ, ਪੰਜਾਬ ਨੈਸ਼ਨਲ ਬੈਂਕ ਦਿੱਲੀ, ਇੰਡੀਅਨ ਏਅਰ ਫੋਰਸ, ਭਾਰਤ ਪੈਟਰੋਲੀਅਮ, ਰੇਲ ਕੋਚ ਫੈਕਟਰੀ ਕਪੂਰਥਲਾ, ਪੰਜਾਬ ਐਂਡ ਸਿੰਧ ਬੈਂਕ ਦਿੱਲੀ, ਸੀਏਜੀ ਦਿੱਲੀ ਅਤੇ ਇੰਡੀਅਨ ਆਇਲ ਸ਼ਾਮਲ ਹਨ।

ਵੀਰਵਾਰ, 26 ਨਵੰਬਰ ਨੂੰ ਹੋਣ ਵਾਲੇ ਕੁਆਰਟਰ ਫਾਈਨਲ ਮੁਕਾਬਲਿਆਂ ਦਾ ਸ਼ਡਿਊਲ ਇਸ ਤਰ੍ਹਾਂ ਹੈ:

ਦੁਪਹਿਰ 12 ਵਜੇ: ਇੰਡੀਅਨ ਆਇਲ ਮੁੰਬਈ ਬਨਾਮ ਪੰਜਾਬ ਨੈਸ਼ਨਲ ਬੈਂਕ ਦਿੱਲੀ

ਦੁਪਹਿਰ 2 ਵਜੇ: ਇੰਡੀਅਨ ਏਅਰ ਫੋਰਸ ਬਨਾਮ ਸੀਏਜੀ ਦਿੱਲੀ

ਦੁਪਹਿਰ 3:30 ਵਜੇ: ਭਾਰਤ ਪੈਟਰੋਲੀਅਮ ਮੁੰਬਈ ਬਨਾਮ ਰੇਲ ਕੋਚ ਫੈਕਟਰੀ ਕਪੂਰਥਲਾ

ਸ਼ਾਮ 5:30 ਵਜੇ: ਪੰਜਾਬ ਪੁਲਿਸ ਬਨਾਮ ਪੰਜਾਬ ਐਂਡ ਸਿੰਧ ਬੈਂਕ ਦਿੱਲੀ

ਬੁੱਧਵਾਰ ਨੂੰ ਹੋਏ ਮੁਕਾਬਲਿਆਂ ਦੌਰਾਨ ਓਲੰਪੀਅਨ ਹਰਪ੍ਰੀਤ ਸਿੰਘ ਮੰਡੇਰ, ਐੱਸਐੱਸਪੀ ਵਿਜੀਲੈਂਸ ਅਤੇ ਜਲੰਧਰ ਇੰਪਰੂਵਮੈਂਟ ਟਰੱਸਟ ਦੇ ਚੇਅਰਮੈਨ ਰਮਨਿਕ ਸਿੰਘ ਰੰਧਾਵਾ ਨੇ ਵੀ ਟੀਮਾਂ ਦੇ ਖਿਡਾਰੀਆਂ ਨਾਲ ਮੁਲਾਕਾਤ ਕੀਤੀ। ਇਸ ਮੌਕੇ ਖੇਡ ਜਗਤ ਨਾਲ ਜੁੜੀਆਂ ਕਈ ਹੋਰ ਸ਼ਖ਼ਸੀਅਤਾਂ ਅਤੇ ਅਧਿਕਾਰੀ ਵੀ ਮੌਜੂਦ ਸਨ।

By Gurpreet Singh

Leave a Reply

Your email address will not be published. Required fields are marked *