ਜ਼ੀਰਕਪੁਰ ‘ਚ ਏਅਰ ਫੋਰਸ ਦੀ ਵਰਦੀ ਪਾ ਕੇ ਘੁੰਮ ਰਿਹਾ ਸ਼ੱਕੀ ਵਿਅਕਤੀ ਕਾਬੂ, ਅੰਦਰੂਨੀ ਜਾਂਚ ਸ਼ੁਰੂ

ਜ਼ੀਰਕਪੁਰ, 11 ਮਈ: ਭਾਰਤ-ਪਾਕਿਸਤਾਨ ਵਿਚਕਾਰ ਤਣਾਅ ਅਤੇ ਯੁੱਧ ਸਮਾਨ ਸਥਿਤੀ ਦੇ ਮਾਹੌਲ ਵਿਚ, ਐਤਵਾਰ ਸਵੇਰੇ ਜ਼ੀਰਕਪੁਰ ‘ਚ ਇਕ ਅਜਿਹੀ ਘਟਨਾ ਸਾਹਮਣੇ ਆਈ ਜਿਸਨੇ ਸੁਰੱਖਿਆ ਏਜੰਸੀਆਂ ਨੂੰ ਚੌਕੰਨਾ ਕਰ ਦਿੱਤਾ। 12 ਵਿੰਗ ਏਅਰ ਫੋਰਸ ਪੁਲਿਸ ਚੰਡੀਗੜ੍ਹ ਨੇ ਏਅਰ ਫੋਰਸ ਦੀ ਵਰਦੀ ਪਾ ਕੇ ਘੁੰਮ ਰਹੇ ਇਕ ਵਿਅਕਤੀ ਨੂੰ ਕਾਬੂ ਕਰਕੇ ਜ਼ੀਰਕਪੁਰ ਪੁਲਿਸ ਦੇ ਹਵਾਲੇ ਕੀਤਾ।

12 ਵਿੰਗ ਏਅਰ ਫੋਰਸ ਪੁਲਿਸ ਨੂੰ ਜ਼ੀਰਕਪੁਰ ਪਿੰਡ ਨਜ਼ਦੀਕ ਰਹਿ ਰਹੇ ਏਅਰਫੋਰਸ ਦੇ ਕਰਮਚਾਰੀ ਨੂੰ ਇਸ ਸ਼ੱਕੀ ਬਾਰੇ ਸੂਚਿਤ ਕੀਤਾ ਸੀ। ਏਅਰਫੋਰਸ ਪੁਲਿਸ ਨੇ ਮੌਕੇ ਤੇ ਪਹੁੰਚ ਸ਼ੱਕੀ ਨੂੰ ਜ਼ੀਰਕਪੁਰ ਪੁਲਿਸ ਦੇ ਹਵਾਲੇ ਕਰ ਦਿੱਤਾ ਹੈ। ਵਿਅਕਤੀ ਦੀ ਪਛਾਣ ਸੁਖਪ੍ਰੀਤ ਸਿੰਘ ਪੁੱਤਰ ਸਵਰਗੀ ਪਰਮਜੀਤ ਸਿੰਘ ਵਾਸੀ ਆਸ਼ੀਆਨਾ ਕੰਪਲੈਕਸ ਜ਼ੀਰਕਪੁਰ ਦੇ ਤੌਰ ਤੇ ਹੋਈ ਹੈ। ਏਅਰਫੋਰਸ ਪੁਲਿਸ ਨੇ ਉਕਤ ਵਿਅਕਤੀ ਨੂੰ ਅਗਲੇਰੀ ਜਾਂਚ ਲਈ ਜ਼ੀਰਕਪੁਰ ਪੁਲਿਸ ਦੇ ਹਵਾਲੇ ਕਰ ਦਿੱਤਾ ਗਿਆ। ਜ਼ੀਰਕਪੁਰ ਪੁਲਿਸ ਦੇ ਅਨੁਸਾਰ, ਸੁਖਪ੍ਰੀਤ ਸਿੰਘ ਨਸ਼ਾ ਕਰਨ ਦਾ ਆਦੀ ਹੈ ਅਤੇ ਉਸਦੇ ਖਿਲਾਫ ਪਹਿਲਾਂ ਵੀ ਚੋਰੀ ਅਤੇ ਲੁੱਟਖੋਹ ਦੇ ਕਈ ਮਾਮਲੇ ਦਰਜ ਹਨ।

ਪੁੱਛਗਿੱਛ ਕਰਨ ‘ਤੇ, ਸ਼ੱਕੀ ਨੇ ਦਾਅਵਾ ਕੀਤਾ ਕਿ ਉਸਨੂੰ ਏਅਰ ਫੋਰਸ ਪਾਇਲਟ ਦੀ ਵਰਦੀ ਭਬਾਤ ਰੋਡ ਤੇ ਸਥਿਤ ਚੇਤਨ ਬੇਕਰੀ ਤੋਂ 6 ਤਰੀਕ ਨੂੰ ਰਾਤ ਨੂੰ ਮਿਲੀ ਸੀ ਜਦੋਂ ਉਹ ਆਪਣੇ ਦੋਸਤ ਸੂਰਜ ਨਾਲ ਰਾਤ ਨੂੰ ਘੁੱਮ ਰਿਹਾ ਸੀ। ਇਸ ਘਟਨਾ ਨੇ ਏਅਰ ਫੋਰਸ ਦੇ ਕਰਮਚਾਰੀਆਂ ਲਈ ਸੁਰੱਖਿਆ ਉਪਾਵਾਂ ਅਤੇ ਉਨ੍ਹਾਂ ਦੀਆਂ ਵਰਦੀਆਂ ਦੀ ਦੁਰਵਰਤੋਂ ਬਾਰੇ ਚਿੰਤਾਵਾਂ ਪੈਦਾ ਕਰ ਦਿੱਤੀਆਂ ਹਨ।

ਏਅਰ ਫੋਰਸ ਪੁਲਿਸ ਅਤੇ ਜ਼ੀਰਕਪੁਰ ਪੁਲਿਸ ਹੋਰ ਜਾਣਕਾਰੀ ਇਕੱਠੀ ਕਰਨ ਅਤੇ ਵਰਦੀ ਦੇ ਸਰੋਤ ਦਾ ਪਤਾ ਲਗਾਉਣ ਲਈ ਮਿਲ ਕੇ ਕੰਮ ਕਰ ਰਹੀਆਂ ਹਨ। ਏਅਰ ਫੋਰਸ ਪੁਲਿਸ ਨੇ ਵੀ ਅਜਿਹੀਆਂ ਘਟਨਾਵਾਂ ਨਾ ਵਾਪਰਨ ਨੂੰ ਯਕੀਨੀ ਬਣਾਉਣ ਲਈ ਇੱਕ ਅੰਦਰੂਨੀ ਜਾਂਚ ਵੀ ਸ਼ੁਰੂ ਕੀਤੀ ਹੈ। ਏਅਰਫੋਰਸ ਪੁਲਿਸ ਅਤੇ ਜ਼ੀਰਕਪੁਰ ਪੁਲਿਸ ਨੇ ਲੋਕਾਂ ਨੂੰ ਅਪੀਲ ਕੀਤੀ ਹੈ ਕਿ ਉਹ ਕਿਸੇ ਵੀ ਸ਼ੱਕੀ ਗਤੀਵਿਧੀਆਂ ਜਾਂ ਫੌਜੀ ਵਰਦੀ ਪਹਿਨਣ ਵਾਲੇ ਵਿਅਕਤੀਆਂ ਦੀ ਰਿਪੋਰਟ ਕਰਨ ਤਾਂ ਜੋ ਅਜਿਹੀਆਂ ਘਟਨਾਵਾਂ ਦੁਬਾਰਾ ਨਾ ਵਾਪਰ ਸਕਣ।

By Gurpreet Singh

Leave a Reply

Your email address will not be published. Required fields are marked *