ਨਗਰ ਨਿਗਮ ਦੀ ਲਾਪਰਵਾਹੀ ਜਾਰੀ, ਲੋਕ ਹਰ ਰੋਜ਼ ਕੂੜੇ ਦੀ ਸਮੱਸਿਆ ਨਾਲ ਪ੍ਰੇਸ਼ਾਨ
ਅੰਮ੍ਰਿਤਸਰ, ਨੈਸ਼ਨਲ ਟਾਈਮਸ ਬੀਊਰੋ :- ਸ਼ਹਿਰ ‘ਚ ਸਵੱਛਤਾ ਮੁਹਿੰਮ ਤਹਿਤ ਕੁਝ ਦਿਨ ਪਹਿਲਾਂ ਮੇਅਰ ਜਤਿੰਦਰ ਸਿੰਘ ਮੋਤੀ ਭਾਟੀਆ, ਕਮਿਸ਼ਨਰ ਗੁਲਪ੍ਰੀਤ ਸਿੰਘ ਔਲਖ ਅਤੇ ਵਧੀਕ ਕਮਿਸ਼ਨਰ ਸੁਰਿੰਦਰ ਸਿੰਘ ਵਲੋਂ ਸਵੱਛਤਾ ਰੱਥ ਨੂੰ ਹਰੀ ਝੰਡੀ ਦਿਖਾ ਕੇ ਰਵਾਨਾ ਕੀਤਾ ਗਿਆ। ਉਦੇਸ਼ ਇਹ ਦੱਸਿਆ ਗਿਆ ਕਿ ਲੋਕਾਂ ਨੂੰ ਕੂੜਾ ਨਿਪਟਾਰੇ ਬਾਰੇ ਜਾਗਰੂਕ ਕੀਤਾ ਜਾਵੇਗਾ। ਪਰ ਪ੍ਰਸ਼ਨ ਇਹ ਹੈ ਕਿ ਇਸ ਜਾਗਰੂਕਤਾ ਰੱਥ ਦਾ ਕੀ ਫਾਇਦਾ, ਜਦੋਂ ਲੋਕਾਂ ਦੇ ਘਰੋਂ ਹੀ ਕੂੜਾ ਲਿਫਟ ਕਰਨ ਲਈ ਨਗਰ ਨਿਗਮ ਦੀ ਗੱਡੀ ਨਹੀਂ ਆ ਰਹੀ ?
ਸਵੱਛਤਾ ਮੁਹਿੰਮ ਤਹਿਤ ਮਹਿੰਗੀਆਂ ਯੋਜਨਾਵਾਂ, ਰੈਲੀਆਂ ਅਤੇ ਫੋਟੋ-ਸ਼ੂਟ ਕਰਵਾ ਕੇ ਸ਼ਹਿਰ ਦੀ ਚਮਕਦਾਰ ਤਸਵੀਰ ਪੇਸ਼ ਕਰਨ ਦੀ ਕੋਸ਼ਿਸ਼ ਕੀਤੀ ਜਾਂਦੀ ਹੈ, ਪਰ ਜਦ ਹਕੀਕਤ ‘ਚ ਘਰਾਂ ਤੇ ਗਲੀਆਂ ਤੋਂ ਕੂੜਾ ਚੁੱਕਣ ਦੀ ਗੱਲ ਆਉਂਦੀ ਹੈ, ਤਾਂ ਪ੍ਰਸ਼ਾਸਨ ਲਾਪਰਵਾਹੀ ਦੀ ਨੀਂਦ ਸੁੱਤਾ ਨਜਰ ਆਉਂਦਾ ਹੈ। ਸ਼ਹਿਰ ‘ਚ ਸਫ਼ਾਈ ਪ੍ਰਣਾਲੀ ਪੂਰੀ ਤਰ੍ਹਾਂ ਧਵੱਸ ਹੋ ਚੁੱਕੀ ਹੈ। ਨਗਰ ਨਿਗਮ ਦੀ ਲਾਪਰਵਾਹੀ ਅਤੇ ਪ੍ਰਾਈਵੇਟ ਕੰਪਨੀ ਦੀ ਬੇਇਮਾਨੀ ਨੇ ਲੋਕਾਂ ਦੀ ਜ਼ਿੰਦਗੀ ਨਰਕ ਬਣਾ ਦਿੱਤੀ ਹੈ।
ਕਈ ਇਲਾਕਿਆਂ ‘ਚ 7 ਤੋਂ 10 ਦਿਨਾਂ ਤੱਕ ਕੂੜਾ ਲਿਫ਼ਟ ਕਰਨ ਵਾਲੀ ਗੱਡੀ ਨਹੀਂ ਆਉਂਦੀ।
ਕੁਝ ਇਲਾਕਿਆਂ ‘ਚ 4-5 ਦਿਨ ਬਾਅਦ ਆਉਂਦੀ ਹੈ, ਪਰ ਕੋਈ ਨਿਯਮਤ ਟਾਈਮ ਨਹੀਂ।
ਟੋਲ-ਫ੍ਰੀ ਨੰਬਰ ਤੇ ਕੋਈ ਜਵਾਬ ਨਹੀਂ ਦਿੰਦਾ, ਨਗਰ ਨਿਗਮ ਦੀ ਅੱਖੀਂ ਦਿਨ-ਬਦਿਨ ਸ਼ਿਕਾਇਤਾਂ ਦੀ ਗਿਣਤੀ ਵੱਧ ਰਹੀ ਹੈ।
ਨਵੇਂ ਮੇਅਰ ਜਤਿੰਦਰ ਸਿੰਘ ਮੋਤੀ ਭਾਟੀਆ ਨੂੰ ਚੁਣੇ ਹੋਏ ਕਈ ਦਿਨ ਹੋ ਚੁੱਕੇ, ਪਰ ਹਾਲਾਤ ਠੀਕ ਹੋਣ ਦੀ ਬਜਾਏ ਹੋਰ ਖਰਾਬ ਹੋ ਰਹੇ ਹਨ। ਲੋਕ ਨਗਰ ਨਿਗਮ ਦੇ ਚੱਕਰ ਕੱਟ ਰਹੇ ਹਨ, ਇੱਥੋਂ ਤਕ ਕੀ (ਕੋਨਸਲਰਸ) ਦੀ ਵੀ ਨਹੀਂ ਸੁਣੀ ਜਾ ਰਹੀ।
ਕਿ ਨਵੇਂ ਮੇਅਰ ਨੇ ਹੁਣ ਤੱਕ ਕੋਈ ਤਕੜਾ ਫੈਸਲਾ ਲਿਆ? ਜੇਕਰ ਨਹੀਂ, ਤਾਂ ਇਹ ਲੀਡਰਸ਼ਿਪ ਕਿਸ ਕੰਮ ਦੀ?
ਅੰਮ੍ਰਿਤਸਰ ‘ਚ ਕੂੜਾ ਲਿਫਟ ਕਰਨ ਦੀ ਜ਼ਿੰਮੇਵਾਰੀ ਨਗਰ ਨਿਗਮ ਨੇ ਇੱਕ ਪ੍ਰਾਈਵੇਟ ਕੰਪਨੀ ਨੂੰ ਦਿੱਤੀ ਹੋਈ ਹੈ, ਪਰ ਇਹ ਕੰਪਨੀ ਆਪਣੀ ਡਿਊਟੀ ਠੀਕ ਤਰੀਕੇ ਨਾਲ ਨਹੀਂ ਨਿਭਾ ਰਹੀ।
ਜੇਕਰ ਕਈ ਦਿਨ ਤੱਕ ਗੱਡੀ ਨਹੀਂ ਆਉਂਦੀ, ਤਾਂ ਲੋਕ ਆਪਣੇ ਘਰਾਂ ‘ਚ ਕੂੜਾ ਕਿਵੇਂ ਸੰਭਾਲਣ?
ਕੀ ਨਗਰ ਨਿਗਮ ਨੇ ਕਦੇ ਸੋਚਿਆ ਕਿ ਇਸ ਲਾਪਰਵਾਹੀ ਕਰਕੇ ਸ਼ਹਿਰ ‘ਚ ਬਿਮਾਰੀਆਂ ਫੈਲ ਰਹੀਆਂ ਹਨ?
ਨਗਰ ਨਿਗਮ ਤੋਂ ਸਵਾਲ ?
ਨਗਰ ਨਿਗਮ ਦੀ ਉਹ ਕੰਪਨੀ, ਜਿਸ ਤੇ ਸਫ਼ਾਈ ਦੀ ਜ਼ਿੰਮੇਵਾਰੀ ਹੈ, ਉਤੇ ਤੱਕੜੀ ਕਾਰਵਾਈ ਕਿਉਂ ਨਹੀਂ ਕੀਤੀ ਜਾਂਦੀ ?
ਨਵੇਂ ਮੇਅਰ ਨੇ ਹੁਣ ਤੱਕ ਇਸ ਮਾਮਲੇ ‘ਤੇ ਕਿਹੜਾ ਸਖ਼ਤ ਕਦਮ ਉਠਾਇਆ?
ਜੇਕਰ ਲੋਕ, ਕੌਂਸਲਰ, ਅਤੇ ਸ਼ਿਕਾਇਤਕਰਤਾ ਆਪਣੀਆਂ ਗੱਲਾਂ ਨੂੰ ਨਗਰ ਨਿਗਮ ਤਕ ਪਹੁੰਚਾਉਣ ‘ਚ ਅਸਫ਼ਲ ਹਨ, ਤਾਂ ਕੀ ਇਹ ਪ੍ਰਸ਼ਾਸਨ ਪੂਰੀ ਤਰ੍ਹਾਂ ਫੇਲ ਨਹੀਂ ਹੋ ਗਿਆ?
ਕੂੜਾ ਲਿਫਟ ਕਰਣ ਵਾਲੀਆਂ ਗੱਡੀਆਂ ਦਾ ਇੱਕ ਨਿਯਮਤ ਟਾਈਮ ਕਿਉਂ ਨਹੀਂ? ਲੋਕ ਆਪਣੇ ਕੰਮ-ਕਾਰ ਛੱਡ ਕੇ ਨਿਗਮ ਦੀ ਲਾਪਰਵਾਹੀ ‘ਚ ਕਿਉਂ ਫਸਣ?
ਟੋਲ-ਫ੍ਰੀ ਨੰਬਰ ਉੱਤੇ ਜੇਕਰ ਕੋਈ ਜਵਾਬ ਹੀ ਨਹੀਂ ਮਿਲਦਾ, ਤਾਂ ਇਹ ਕਿਸ ਉਦੇਸ਼ ਲਈ ਜਾਰੀ ਕੀਤਾ ਗਿਆ?
ਜੇਕਰ ਲੋਕ ਆਪਣੇ ਘਰਾਂ ‘ਚ ਕੂੜਾ ਰੱਖਣ ਲਈ ਮਜਬੂਰ ਹਨ, ਤਾਂ ਕੀ ਇਹ ਨਗਰ ਨਿਗਮ ਦੀ ਸਭ ਤੋਂ ਵੱਡੀ ਅਸਫ਼ਲਤਾ ਨਹੀਂ?
ਨਵੇਂ ਮੇਅਰ, ਕਮਿਸ਼ਨਰ ਅਤੇ ਹੋਰ ਅਧਿਕਾਰੀ ਆਪਣੇ ਅਧਿਕਾਰ ਦਾ ਸਹੀ ਇਸਤੇਮਾਲ ਕਿਉਂ ਨਹੀਂ ਕਰ ਰਹੇ?
ਸਵੱਛਤਾ ਮੁਹਿੰਮ ਜਾਂ ਪਬਲਿਸਟੀ ਸਟੰਟ?
ਕੁਝ ਦਿਨ ਪਿਹਲਾਂ, ਸ਼ਹਿਰ ‘ਚ ਸਵੱਛਤਾ ਰੱਥ ਨੂੰ ਹਰੀ ਝੰਡੀ ਦਿਖਾ ਕੇ ਰਵਾਨਾ ਕੀਤਾ ਗਿਆ, ਜਿਸਦਾ ਉਦੇਸ਼ ਲੋਕਾਂ ਨੂੰ ਜਾਗਰੂਕ ਕਰਨਾ ਦੱਸਿਆ ਗਿਆ। ਪਰ ਜਦ ਕੂੜਾ ਉਠਾਉਣ ਦੀ ਬੁਨਿਆਦੀ ਪ੍ਰਣਾਲੀ ਹੀ ਫੇਲ ਹੈ, ਤਾਂ ਕੀ ਇਹ ਸਿਰਫ਼ ਪ੍ਰਸ਼ਾਸਨ ਦੀ ਨਾਕਾਮੀ ਢੱਕਣ ਦੀ ਕੋਸ਼ਿਸ਼ ਨਹੀਂ?
ਕੂੜਾ ਘਰਾਂ ‘ਚ ਪਿਆ, ਬਿਮਾਰੀਆਂ ਨੂੰ ਸੱਦਾ
ਕਈ ਦਿਨ ਤੱਕ ਘਰ ‘ਚ ਪਿਆ ਕੂੜਾ ਸਿਰਫ਼ ਬਦਬੂ ਹੀ ਨਹੀਂ ਕਰਦਾ, ਸਗੋਂ ਇਹ ਸਿਹਤ ਲਈ ਵੀ ਵੱਡਾ ਖਤਰਾ ਹੈ। ਬੱਚੇ, ਬਜ਼ੁਰਗ, ਅਤੇ ਬਿਮਾਰ ਵਿਅਕਤੀ ਇਸ ਗੰਦਗੀ ਕਾਰਨ ਤਬਾਹ ਹੋ ਰਹੇ ਹਨ।
ਕੂੜੇ ‘ਚ ਮੱਛਰ , ਚੂਹੇ, ਅਤੇ ਹੋਰ ਕੀੜੇ-ਮਕੌੜੇ ਪੈਦਾ ਹੋ ਰਹੇ, ਜੋ ਕਿ ਡੇਂਗੂ, ਚਿਕਨਗੁਨਿਆ, ਅਤੇ ਹੋਰ ਬਿਮਾਰੀਆਂ ਨੂੰ ਸੱਦਾ ਦਿੰਦੇ ਹਨ। ਘਰਾਂ ‘ਚ ਗਰਮੀ ਕਾਰਨ ਕੂੜੇ ਦੀ ਬਦਬੂ ਹੋਰ ਵੀ ਵਧ ਜਾਂਦੀ ਹੈ, ਜਿਸ ਕਰਕੇ ਰੋਜ਼ਾਨਾ ਜੀਵਨ ਦੁਸ਼ਵਾਰ ਹੋ ਜਾਂਦਾ ਹੈ।
ਕੂੜਾ ਲਿਫਟ ਕਰਣ ਦਾ ਕੋਈ ਨਿਯਮਤ ਟਾਈਮ ਨਹੀਂ – ਲੋਕ ਕੀ ਕਰਨ?
ਜੇਕਰ ਕਈ ਦਿਨ ਬਾਅਦ ਗੱਡੀ ਆਉਂਦੀ ਵੀ ਹੈ, ਤਾਂ ਉਹਦੇ ਆਉਣ ਦਾ ਕੋਈ ਪੱਕਾ ਸਮਾਂ ਨਹੀਂ। ਕਿਸੇ ਨੇ ਸਵੇਰੇ ਕੰਮ ਤੇ ਜਾਣਾ ਹੁੰਦਾ, ਕਿਸੇ ਨੇ ਦਫ਼ਤਰ ਪਹੁੰਚਣਾ ਹੁੰਦਾ, ਪਰ ਗੱਡੀ ਦੇ ਆਉਣ-ਨਾ-ਆਉਣ ਬਾਰੇ ਕੋਈ ਜਾਣਕਾਰੀ ਹੀ ਨਹੀਂ ਹੁੰਦੀ। ਲੋਕ ਕੂੜੇ ਵਾਲੀ ਗੱਡੀ ਦੀ ਉਡੀਕ ‘ਚ ਰਹਿੰਦੇ ਹਨ ਤੇ ਕਈ ਵਾਰ ਕੂੜਾ ਰੋਡ ‘ਤੇ ਰੱਖਣ ਲਈ ਮਜਬੂਰ ਹੋ ਜਾਂਦੇ ਹਨ, ਜੋ ਕਿ ਸ਼ਹਿਰ ਦੀ ਸਫ਼ਾਈ ਅਤੇ ਸਿਹਤ ਦੋਹਾਂ ਲਈ ਖਤਰਨਾਕ ਹੈ।
ਨਗਰ ਨਿਗਮ, ਮੇਅਰ ਅਤੇ ਅਧਿਕਾਰੀ ਨੀਂਦੋਂ ਜਾਗਣਗੇ ਜਾਂ ਨਹੀਂ?
ਅੰਮ੍ਰਿਤਸਰ ਦੇ ਲੋਕ ਸਵੱਛਤਾ ਦੀਆਂ ਨਕਲੀ ਮੁਹਿੰਮਾਂ ਤੋਂ ਅੱਕ ਚੁੱਕੇ ਹਨ। ਲੋਕ ਇਹ ਜਾਣਨਾ ਚਾਹੁੰਦੇ ਹਨ ਕਿ ਨਗਰ ਨਿਗਮ, ਮੇਅਰ, ਅਤੇ ਹੋਰ ਅਧਿਕਾਰੀ ਆਪਣੀ ਜ਼ਿੰਮੇਵਾਰੀ ਨਿਭਾਉਣਗੇ ਜਾਂ ਨਹੀਂ?
ਕੂੜਾ ਲਿਫਟ ਕਰਣ ਦੀ ਸਹੀ ਯੋਜਨਾ ਤਿਆਰ ਕਰਕੇ ਨਾਗਰਿਕਾਂ ਨੂੰ ਸਹੂਲਤ ਦਿੱਤੀ ਜਾਵੇਗੀ ਜਾਂ ਪ੍ਰਸ਼ਾਸਨ ਲੋਕਾਂ ਦੀ ਸਿਹਤ ਅਤੇ ਜੀਵਨ ਨੂੰ ਹੋਰ ਵੀ ਮਾਰੂ ਹਾਲਤ ‘ਚ ਛੱਡ ਦੇਵੇਗਾ?
ਹੁਣ ਲੋਕ ਉਮੀਦ ਕਰ ਰਹੇ ਹਨ ਕਿ ਨਗਰ ਨਿਗਮ ‘ਚ ਬੈਠੇ ਅਧਿਕਾਰੀ ਆਪਣੀ ਨੀਂਦ ਖੋਲ੍ਹਣਗੇ, ਜਾਂ ਅਸੀਂ ਇਹ ਸਮਝ ਲਈਏ ਕਿ ਇਹ ਪ੍ਰਸ਼ਾਸਨ ਸਿਰਫ਼ ਹਰੀ ਝੰਡੀਆਂ ਲਹਿਰਾਉਣ ਲਈ ਹੀ ਰਹਿ ਗਿਆ?
ਹੁਣ ਵੇਖਣਾ ਇਹ ਹੋਵੇਗਾ ਕਿ ਨਗਰ ਨਿਗਮ, ਮੇਅਰ ਅਤੇ ਹੋਰ ਅਧਿਕਾਰੀ ਇਸ ਮੁੱਦੇ ‘ਤੇ ਕੋਈ ਤਕੜਾ ਐਕਸ਼ਨ ਲੈਣਗੇ ਜਾਂ ਲੋਕ ਆਪਣੀ ਤਕਲੀਫ਼ ‘ਚ ਹੀ ਡੁੱਬੇ ਰਹਿਣਗੇ।
ਕੀ ਸਫ਼ਾਈ ਪ੍ਰਣਾਲੀ ਵਿੱਚ ਕੋਈ ਹਕੀਕਤੀ ਬਿਹਤਰੀ ਆਉਗੀ ਜਾਂ ਇਹ “ਹਰੀ ਝੰਡੀਆਂ” ਅਤੇ “ਕਾਗਜ਼ੀ ਮੁਹਿੰਮਾਂ” ਦੀ ਨੌਟੰਕੀ ਇਸੇ ਤਰ੍ਹਾਂ ਜਾਰੀ ਰਹੇਗੀ ?
ਆਪਣੀ ਰਾਇ ਕਮੈਂਟਸ ਵਿੱਚ ਸਾਡੇ ਨਾਲ ਜਰੂਰ ਸਾਂਝੀ ਕਰੋ।