ਟਕਸਾਲੀ ਆਗੂ ਇੰਦਰਜੀਤ ਸਿੰਘ ਲੋਪੋਂ ਅਤੇ ਬਲਜਿੰਦਰ ਬਬਲੂ ‘ਪੁਨਰ ਸੁਰਜੀਤ ਅਕਾਲੀ ਦਲ’ ਛੱਡ ‘ਅਕਾਲੀ ਦਲ ਵਾਰਸ ਪੰਜਾਬ’ ਵਿੱਚ ਸ਼ਾਮਲ

ਗੁਰਪ੍ਰੀਤ ਸਿੰਘ :- ਪੁਲਸ ਜ਼ਿਲ੍ਹਾ ਖੰਨਾ ਦੇ ਅਧੀਨ ਪੈਂਦੇ ਹਲਕਾ ਸਮਰਾਲਾ ਦੇ ਸਿਆਸੀ ਗਲਿਆਰਿਆਂ ਵਿੱਚ ਉਸ ਵੇਲੇ ਇੱਕ ਬਹੁਤ ਵੱਡਾ ਸਿਆਸੀ ਉਲਟਫੇਰ ਦੇਖਣ ਨੂੰ ਮਿਲਿਆ, ਜਦੋਂ ਪੰਥਕ ਅਤੇ ਸਮਾਜਿਕ ਖੇਤਰ ਵਿੱਚ ਵੱਡਾ ਆਧਾਰ ਰੱਖਣ ਵਾਲੇ ਟਕਸਾਲੀ ਪਰਿਵਾਰ ਦੇ ਮੁਖੀ ਇੰਦਰਜੀਤ ਸਿੰਘ ਲੋਪੋਂ ਅਤੇ ਉਨ੍ਹਾਂ ਦੇ ਸਪੁੱਤਰ ਬਲਜਿੰਦਰ ਸਿੰਘ ਬਬਲੂ ਲੋਪੋਂ ਆਪਣੇ ਸਾਥੀਆਂ ਸਮੇਤ ‘ਪੁਨਰ ਸੁਰਜੀਤ ਅਕਾਲੀ ਦਲ’ ਨੂੰ ਅਲਵਿਦਾ ਆਖ ਕੇ ‘ਅਕਾਲੀ ਦਲ ਵਾਰਸ ਪੰਜਾਬ’ ਵਿੱਚ ਸ਼ਾਮਲ ਹੋ ਗਏ। ਪਿੰਡ ਲੋਪੋਂ ਵਿਖੇ ਕਰਵਾਏ ਗਏ ਇੱਕ ਵਿਸ਼ਾਲ ਇਕੱਠ ਦੌਰਾਨ ਅਕਾਲੀ ਦਲ ਵਾਰਸ ਪੰਜਾਬ ਦੇ ਕਾਰਜਕਾਰੀ ਪ੍ਰਧਾਨ ਬਾਪੂ ਤਰਸੇਮ ਸਿੰਘ ਖਾਲਸਾ ਅਤੇ ਵਿਧਾਇਕ ਮਨਪ੍ਰੀਤ ਸਿੰਘ ਇਯਾਲੀ ਨੇ ਵਿਸ਼ੇਸ਼ ਤੌਰ ‘ਤੇ ਪਹੁੰਚ ਕੇ ਲੋਪੋਂ ਪਰਿਵਾਰ ਅਤੇ ਉਨ੍ਹਾਂ ਦੇ ਸਮਰਥਕਾਂ ਦਾ ਪਾਰਟੀ ਵਿੱਚ ਨਿੱਘਾ ਸਵਾਗਤ ਕੀਤਾ।

ਇਸ ਮੌਕੇ ਹਾਜ਼ਰ ਸੰਗਤਾਂ ਨੂੰ ਸੰਬੋਧਨ ਕਰਦਿਆਂ ਵਿਧਾਇਕ ਮਨਪ੍ਰੀਤ ਸਿੰਘ ਇਯਾਲੀ ਨੇ ਕਿਹਾ ਕਿ ਲੋਪੋਂ ਪਰਿਵਾਰ ਇਲਾਕੇ ਦਾ ਇੱਕ ਬਹੁਤ ਹੀ ਸਤਿਕਾਰਯੋਗ ਟਕਸਾਲੀ ਪਰਿਵਾਰ ਹੈ, ਜਿਸ ਨੇ ਲੰਬਾ ਸਮਾਂ ਧਾਰਮਿਕ, ਰਾਜਨੀਤਿਕ ਅਤੇ ਸਮਾਜਿਕ ਖੇਤਰ ਵਿੱਚ ਅਹਿਮ ਸੇਵਾਵਾਂ ਨਿਭਾਈਆਂ ਹਨ। ਉਨ੍ਹਾਂ ਦੱਸਿਆ ਕਿ ਇੰਦਰਜੀਤ ਸਿੰਘ ਲੋਪੋਂ ਲੰਬਾ ਸਮਾਂ ਪਿੰਡ ਦੇ ਸਰਪੰਚ ਅਤੇ ਲੁਧਿਆਣਾ ਕੋਆਪਰੇਟਿਵ ਬੈਂਕ ਦੇ ਚੇਅਰਮੈਨ ਰਹੇ ਹਨ, ਜਦਕਿ ਉਨ੍ਹਾਂ ਦੇ ਸਪੁੱਤਰ ਬਰਜਿੰਦਰ ਸਿੰਘ ਲੋਪੋਂ ਜ਼ਿਲ੍ਹਾ ਪਰਿਸ਼ਦ ਮੈਂਬਰ ਅਤੇ ਯੂਥ ਅਕਾਲੀ ਦਲ ਦੇ ਪ੍ਰਧਾਨ ਵਜੋਂ ਜ਼ਿੰਮੇਵਾਰੀ ਸਾਂਭ ਚੁੱਕੇ ਹਨ। ਸਾਲ 1920 ਵਿੱਚ ਬਜ਼ੁਰਗਾਂ ਵੱਲੋਂ ਬਣਾਈ ਗਈ ਸ਼੍ਰੋਮਣੀ ਅਕਾਲੀ ਦਲ ਪਾਰਟੀ ‘ਤੇ ਸਿੱਖ ਕੌਮ ਦਾ ਲੰਬਾ ਸਮਾਂ ਅਟੁੱਟ ਭਰੋਸਾ ਰਿਹਾ, ਲੇਕਿਨ ਪਿਛਲੇ ਸਮੇਂ ਦੌਰਾਨ ਮੌਜੂਦਾ ਲੀਡਰਸ਼ਿਪ ਵੱਲੋਂ ਪੰਥਕ, ਧਾਰਮਿਕ ਅਤੇ ਕਿਸਾਨੀ ਮੁੱਦਿਆਂ ‘ਤੇ ਕੀਤੀਆਂ ਗਈਆਂ ਵੱਡੀਆਂ ਗਲਤੀਆਂ ਕਾਰਨ ਕੌਮ ਦਾ ਭਰੋਸਾ ਇਸ ਪਾਰਟੀ ਤੋਂ ਪੂਰੀ ਤਰ੍ਹਾਂ ਉੱਠ ਚੁੱਕਾ ਹੈ। ਉਨ੍ਹਾਂ ਜ਼ੋਰ ਦੇ ਕੇ ਕਿਹਾ ਕਿ ਮੌਜੂਦਾ ਦੌਰ ਵਿੱਚ ਆਪਣੀਆਂ ਆਉਣ ਵਾਲੀਆਂ ਨਸਲਾਂ ਨੂੰ ਸੰਭਾਲਣ ਲਈ ਪੰਜਾਬ ਨੂੰ ਇੱਕ ਮਜ਼ਬੂਤ ਖੇਤਰੀ ਧਿਰ ਦੀ ਬੇਹੱਦ ਲੋੜ ਹੈ, ਜਿਸ ਦਾ ਹਲੂਣਾ ਭਾਈ ਅੰਮ੍ਰਿਤਪਾਲ ਸਿੰਘ ਖਾਲਸਾ ਨੇ ਦੁਬਈ ਤੋਂ ਆ ਕੇ ਸਮੁੱਚੇ ਪੰਥ ਨੂੰ ਦਿੱਤਾ ਸੀ। ਉਨ੍ਹਾਂ ਦਿੱਲੀ ਦੀਆਂ ਪਾਰਟੀਆਂ ‘ਤੇ ਤਿੱਖੇ ਹਮਲੇ ਕਰਦਿਆਂ ਕਿਹਾ ਕਿ ਕਾਂਗਰਸ ਨੇ ਦਰਬਾਰ ਸਾਹਿਬ ‘ਤੇ ਹਮਲਾ ਕਰਵਾਇਆ ਅਤੇ 1984 ਵਿੱਚ ਸਿੱਖਾਂ ਦਾ ਕਤਲੇਆਮ ਕੀਤਾ, ਬੀਜੇਪੀ ਦੀ ਸਰਕਾਰ ਦੇ 12-13 ਸਾਲਾਂ ਦੇ ਰਾਜ ਵਿੱਚ ਵੀ ਸਿੱਖਾਂ ਦੇ ਮਸਲੇ ਹੱਲ ਨਹੀਂ ਹੋਏ ਅਤੇ ਆਮ ਆਦਮੀ ਪਾਰਟੀ ਨੇ 92 ਸੀਟਾਂ ਲੈ ਕੇ ਵੀ ਪੰਜਾਬ ਦੇ ਹਰ ਵਰਗ ਨੂੰ ਬੁਰੀ ਤਰ੍ਹਾਂ ਨਿਰਾਸ਼ ਕੀਤਾ ਹੈ।

ਇਸ ਮੌਕੇ ਅਕਾਲੀ ਦਲ ਵਾਰਸ ਪੰਜਾਬ ਦੇ ਕਾਰਜਕਾਰੀ ਪ੍ਰਧਾਨ ਬਾਪੂ ਤਰਸੇਮ ਸਿੰਘ ਖਾਲਸਾ ਨੇ ਲੁਧਿਆਣਾ ਅਤੇ ਸਮਰਾਲਾ ਖੇਤਰ ਵਿੱਚ ਪਾਰਟੀ ਦੀਆਂ ਜੜ੍ਹਾਂ ਮਜ਼ਬੂਤ ਕਰਨ ਵਾਲੀ ਪੁਰਾਣੀ ਲੀਡਰਸ਼ਿਪ ਦਾ ਧੰਨਵਾਦ ਕੀਤਾ। ਉਨ੍ਹਾਂ ਕਿਹਾ ਕਿ ਸਿੱਖ ਕੌਮ ਇਸ ਵੇਲੇ ਬਹੁਤ ਹੀ ਨਾਜ਼ੁਕ ਅਤੇ ਸੰਕਟ ਦੇ ਦੌਰ ਵਿੱਚੋਂ ਗੁਜ਼ਰ ਰਹੀ ਹੈ, ਜਿੱਥੇ ਸਾਰੇ ਸੰਵਿਧਾਨਿਕ ਹੱਕ ਛਿੱਕੇ ਟੰਗ ਕੇ ਕੌਮ ‘ਤੇ ਤਸ਼ੱਦਦ ਕੀਤਾ ਜਾ ਰਿਹਾ ਹੈ ਅਤੇ ਭਾਈ ਅੰਮ੍ਰਿਤਪਾਲ ਸਿੰਘ ਤੇ ਉਨ੍ਹਾਂ ਦੇ ਸਾਥੀਆਂ ਨੂੰ ਐਨਐਸਏ (NSA) ਵਰਗੇ ਕਾਲੇ ਕਾਨੂੰਨ ਲਗਾ ਕੇ ਜੇਲ੍ਹਾਂ ਵਿੱਚ ਬੰਦ ਕੀਤਾ ਗਿਆ ਹੈ। ਉਨ੍ਹਾਂ ਲੋਪੋਂ ਪਰਿਵਾਰ ਵੱਲੋਂ ਇਸ ਔਖੀ ਘੜੀ ਵਿੱਚ ਅਕਾਲੀ ਦਲ ਵਾਰਸ ਪੰਜਾਬ ਦਾ ਲੜ ਫੜਨ ਲਈ ਵਿਸ਼ੇਸ਼ ਤੌਰ ‘ਤੇ ਧੰਨਵਾਦ ਪ੍ਰਗਟ ਕਰਦਿਆਂ ਉਮੀਦ ਜਤਾਈ ਕਿ ਜਿਸ ਤਰੀਕੇ ਨਾਲ ਸੰਗਤਾਂ ਪਾਰਟੀ ਨਾਲ ਜੁੜ ਰਹੀਆਂ ਹਨ, ਉਹ ਦਿਨ ਦੂਰ ਨਹੀਂ ਜਦੋਂ ਕੌਮ ਨੂੰ ਇਸ ਘੁੰਮਣਘੇਰੀ ਵਿੱਚੋਂ ਬਾਹਰ ਕੱਢ ਲਿਆ ਜਾਵੇਗਾ।

By Gurpreet Singh

Leave a Reply

Your email address will not be published. Required fields are marked *