ਨੈਸ਼ਨਲ ਟਾਈਮਜ਼ ਬਿਊਰੋ :- ਮੋਹਾਲੀ ਦੇ ਖਰੜ ਵਿੱਚ ਹਿਮਾਚਲ ਪ੍ਰਦੇਸ਼ ਰੋਡ ਟਰਾਂਸਪੋਰਟ ਕਾਰਪੋਰੇਸ਼ਨ (HRTC) ਦੀ ਬੱਸ ’ਤੇ ਹਮਲਾ ਹੋਣ ਨਾਲ ਪੰਜਾਬ ਅਤੇ ਹਿਮਾਚਲ ਪ੍ਰਦੇਸ਼ ਦਰਮਿਆਨ ਤਣਾਅ ਹੋਰ ਵੱਧ ਗਿਆ ਹੈ। ਹਾਲਾਂਕਿ ਅਜੇ ਤੱਕ ਇਹ ਸਪੱਸ਼ਟ ਨਹੀਂ ਹੋਇਆ ਕਿ ਹਮਲਾ ਕਿਸ ਨੇ ਕੀਤਾ, ਪਰ 25-26 ਯਾਤਰੀ ਇਸ ਹਮਲੇ ਵਿੱਚ ਬਚ ਗਏ।
ਦੋ ਨੌਜਵਾਨ ਆਲਟੋ ਕਾਰ ਰਾਹੀਂ ਆਏ ਅਤੇ ਬੱਸ ਨੂੰ ਰੋਕ ਕੇ ਡੰਡਿਆਂ ਤੇ ਪੱਥਰਾਂ ਨਾਲ ਅੱਗੇ ਤੇ ਪਾਸੇ ਦੀਆਂ ਖਿੜਕੀਆਂ ਤੋੜ ਦਿੱਤੀਆਂ। ਹਮਲਾਵਰ ਵਾਰਦਾਤ ਨੂੰ ਅੰਜਾਮ ਦੇਣ ਤੋਂ ਬਾਅਦ ਮੌਕੇ ਤੋਂ ਫ਼ਰਾਰ ਹੋ ਗਏ। ਖਰੜ ਪੁਲਿਸ ਨੇ ਮਾਮਲਾ ਦਰਜ ਕਰ ਲਿਆ ਹੈ ਅਤੇ ਵਿਅਕਤੀਆਂ ਦੀ ਪਛਾਣ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ।
ਮੰਗਲਵਾਰ ਦੀ ਸ਼ਾਮ HRTC ਦੀ ਹਮੀਰਪੁਰ ਡਿਪੂ ਦੀ ਬੱਸ ‘ਤੇ ਅਣਪਛਾਤੇ ਹਮਲਾਵਰਾਂ ਨੇ ਹਮਲਾ ਕਰ ਦਿੱਤਾ। ਹਾਲਾਂਕਿ, ਡਰਾਈਵਰ, ਕੰਡਕਟਰ ਅਤੇ ਯਾਤਰੀ ਸੁਰੱਖਿਅਤ ਰਹੇ, ਪਰ ਬੱਸ ਦੇ ਅੱਗੇ ਅਤੇ ਪਾਸੇ ਦੇ ਸ਼ੀਸ਼ੇ ਟੁੱਟ ਗਏ। ਘਟਨਾ ਦੀ ਵੀਡੀਓ ਵੀ ਸਾਹਮਣੇ ਆਈ ਹੈ, ਜਿਸ ਵਿੱਚ ਹਮਲਾਵਰ ਲਾਠੀਆਂ ਨਾਲ ਬੱਸ ’ਤੇ ਹਮਲਾ ਕਰਦੇ ਹੋਏ ਦੇਖੇ ਗਏ।
ਬੱਸ ਚੰਡੀਗੜ੍ਹ ਤੋਂ ਹਮੀਰਪੁਰ ਜਾ ਰਹੀ ਸੀ। ਬੱਸ ਅਪਰੇਟਰ ਲਵਲੀ ਕੁਮਾਰ ਨੇ ਦੱਸਿਆ ਕਿ ਸ਼ਾਮ 6:15 ਵਜੇ ਚੰਡੀਗੜ੍ਹ ਤੋਂ ਨਿਕਲੀ ਇਹ ਬੱਸ ਜਦੋਂ ਖਰੜ ਪਹੁੰਚੀ, ਤਾਂ ਇਕ ਆਲਟੋ ਕਾਰ ਨੇ ਓਵਰਟੇਕ ਕਰਕੇ ਬੱਸ ਰੋਕਣ ਦਾ ਇਸ਼ਾਰਾ ਕੀਤਾ। ਜਿਵੇਂ ਹੀ ਬੱਸ ਰੁਕੀ, ਦੋ ਵਿਅਕਤੀ ਕਾਰ ਵਿੱਚੋਂ ਬਾਹਰ ਆਏ ਅਤੇ ਲਾਠੀਆਂ ਨਾਲ ਹਮਲਾ ਕਰਨਾ ਸ਼ੁਰੂ ਕਰ ਦਿੱਤਾ।
ਇਸ ਦੌਰਾਨ ਬੱਸ ਵਿੱਚ ਮੌਜੂਦ 25-26 ਯਾਤਰੀਆਂ ਨੇ ਦਹਿਸ਼ਤ ਦਾ ਮਾਹੌਲ ਦੇਖਿਆ, ਪਰ ਕਿਸੇ ਨੂੰ ਕੋਈ ਸਰੀਰਕ ਨੁਕਸਾਨ ਨਹੀਂ ਹੋਇਆ। ਹਮੀਰਪੁਰ ਬੱਸ ਅੱਡੇ ਦੇ ਇੰਚਾਰਜ ਸ਼ਿਵ ਕੁਮਾਰ ਨੇ ਪੁਸ਼ਟੀ ਕੀਤੀ ਕਿ ਬੱਸ ‘ਤੇ ਹਮਲਾ ਹੋਇਆ ਅਤੇ ਸ਼ੀਸ਼ੇ ਤੋੜੇ ਗਏ ਹਨ।
ਪੁਲਿਸ ਨੇ ਮੌਕੇ ’ਤੇ ਪਹੁੰਚ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ। ਦੱਸਿਆ ਜਾ ਰਿਹਾ ਹੈ ਕਿ ਹਮਲਾਵਰਾਂ ਨੇ ਆਪਣੀ ਆਲਟੋ ਕਾਰ ਦੀ ਨੰਬਰ ਪਲੇਟ ਢੱਕੀ ਹੋਈ ਸੀ ਅਤੇ ਮੂੰਹ ਵੀ ਢੱਕਿਆ ਹੋਇਆ ਸੀ। ਹਮਲੇ ਤੋਂ ਬਾਅਦ ਉਨ੍ਹਾਂ ਨੇ ਕੀਰਤਪੁਰ ਵੱਲ ਭੱਜਣ ਦੀ ਕੋਸ਼ਿਸ਼ ਕੀਤੀ।
ਇਹ ਵਿਵਾਦ ਹਿਮਾਚਲ ਪ੍ਰਦੇਸ਼ ਦੇ ਕੁੱਲੂ ਇਲਾਕੇ ਤੋਂ ਸ਼ੁਰੂ ਹੋਇਆ, ਜਦੋਂ ਕੁਝ ਪੰਜਾਬੀ ਸੈਲਾਨੀ ਭਿੰਡਰਾਂਵਾਲਾ ਦੇ ਝੰਡੇ ਅਤੇ ਪੋਸਟਰ ਲੈ ਕੇ ਉਥੇ ਪੁੱਜੇ। ਹਿਮਾਚਲੀ ਸਥਾਨਕ ਨੌਜਵਾਨਾਂ ਨੇ ਇਹ ਝੰਡੇ ਉਤਾਰ ਕੇ ਪਾੜ ਦਿੱਤੇ ਅਤੇ ਕੁਝ ਵਾਹਨਾਂ ਨੂੰ ਨੁਕਸਾਨ ਪਹੁੰਚਾਇਆ।
ਇਸ ਘਟਨਾ ਦੇ ਵਿਰੋਧ ਵਜੋਂ ਹੁਸ਼ਿਆਰਪੁਰ ਵਿੱਚ ਹਿਮਾਚਲ ਦੀਆਂ ਬੱਸਾਂ ’ਤੇ ਭਿੰਡਰਾਂਵਾਲੇ ਦੀਆਂ ਤਸਵੀਰਾਂ ਲਗਾਉਣ ਦੀ ਘਟਨਾ ਵੀ ਸਾਹਮਣੇ ਆਈ। ਹੁਣ ਦੋਵੇਂ ਰਾਜਾਂ ਵਿਚ ਤਣਾਅ ਵਧਣ ਦੀ ਸੰਭਾਵਨਾ ਹੈ।