ਭਾਰਤ-ਪਾਕ ਸਰਹੱਦ ਤੇ ਤਣਾਅ ਵਧਿਆ, ਬੀਐਸਐਫ ਨੇ ਸਰਹੱਦੀ ਕਿਸਾਨਾਂ ਨੂੰ 2 ਦਿਨਾਂ ਵਿੱਚ ਕਣਕ ਵੱਢਣ ਦੀ ਕੀਤੀ ਅਪੀਲ

ਨੈਸ਼ਨਲ ਟਾਈਮਜ਼ ਬਿਊਰੋ :- ਜੰਮੂ-ਕਸ਼ਮੀਰ ਦੇ ਪਹਿਲਗਾਮ ਵਿਖੇ ਹਾਲ ਹੀ ‘ਚ ਹੋਏ ਆਤੰਕੀ ਹਮਲੇ, ਜਿਸ ਵਿੱਚ ਕਈ ਭਾਰਤੀ ਸੈਲਾਨੀਆਂ ਦੀ ਮੌਤ ਹੋਈ, ਤੋਂ ਬਾਅਦ ਭਾਰਤ ਸਰਕਾਰ ਵੱਲੋਂ ਪਾਕਿਸਤਾਨ ਖ਼ਿਲਾਫ ਸਖ਼ਤ ਰਵੱਈਆ ਅਪਣਾਇਆ ਗਿਆ ਹੈ। ਇਸ ਪਿਛੋਕੜ ਹੇਠ ਪਾਕਿਸਤਾਨ ਸਰਹੱਦ ‘ਤੇ ਪਾਕ ਰੇਂਜਰਾਂ ਅਤੇ ਪਾਕ ਆਰਮੀ ਵੱਲੋਂ ਆਪਣੀ ਹਲਚਲ ਵਿੱਚ ਦਿਨ-ਰਾਤ ਗ਼ੈਰਮਾਮੂਲੀ ਵਾਧਾ ਕੀਤਾ ਗਿਆ ਹੈ।

ਸਰਹੱਦੀ ਸੁਰੱਖਿਆ ਬਲ (ਬੀਐਸਐਫ) ਨੇ ਇਸ ਤਣਾਅ ਦੇ ਮੱਦੇਨਜ਼ਰ ਪੰਜਾਬ ‘ਚ ਪਾਕਿਸਤਾਨ ਨਾਲ ਲੱਗਦੇ ਸਰਹੱਦੀ ਪਿੰਡਾਂ ਵਿੱਚ ਕਿਸਾਨਾਂ ਨੂੰ ਅਪੀਲ ਕੀਤੀ ਹੈ ਕਿ ਉਹ ਕੰਡਿਆਲੀ ਤਾਰ ਦੇ ਉਰਲੇ ਪਾਸੇ ਅਤੇ ਪਰਲੇ ਪਾਸੇ ਖੜੀ ਆਪਣੀ ਕਣਕ ਦੀ ਫ਼ਸਲ ਆਉਣ ਵਾਲੇ 2 ਤੋਂ 3 ਦਿਨਾਂ ਵਿੱਚ ਵੱਢ ਲੈਣ, ਤਾਂ ਜੋ ਕਿਸੇ ਵੀ ਤਰ੍ਹਾਂ ਦੇ ਸੰਭਾਵਿਤ ਨੁਕਸਾਨ ਤੋਂ ਬਚਿਆ ਜਾ ਸਕੇ।

ਬੀਐਸਐਫ ਵੱਲੋਂ ਅੰਮ੍ਰਿਤਸਰ ਜ਼ਿਲ੍ਹੇ ਦੇ ਸਰਹੱਦੀ ਪਿੰਡਾਂ ‘ਚ ਘੋਸ਼ਣਾਵਾਂ ਕਰਵਾਈਆਂ ਗਈਆਂ ਹਨ, ਜਿੱਥੇ ਕਿਸਾਨਾਂ ਨੂੰ ਚੇਤਾਵਨੀ ਦਿੱਤੀ ਗਈ ਕਿ ਸੁਰੱਖਿਆ ਕਾਰਜਾਂ ਅਤੇ ਸੰਭਾਵਿਤ ਫੌਜੀ ਹਲਚਲ ਕਾਰਨ ਜਮੀਨ ਦੇ ਉਸ ਹਿੱਸੇ ਵਿੱਚ ਕਣਕ ਦੀ ਫ਼ਸਲ ‘ਤੇ ਪ੍ਰਭਾਵ ਪੈ ਸਕਦਾ ਹੈ। ਇਸ ਲਈ ਉਹ ਤੁਰੰਤ ਕਣਕ ਦੀ ਕਟਾਈ ਪੂਰੀ ਕਰ ਲੈਣ।

ਹਾਲਾਂਕਿ, ਪਿੰਡਾਂ ਦੇ ਕਈ ਕਿਸਾਨਾਂ ਨੇ ਚਿੰਤਾ ਪ੍ਰਗਟਾਈ ਹੈ ਕਿ ਸਿਰਫ਼ ਦੋ ਦਿਨਾਂ ‘ਚ ਪੂਰੇ ਖੇਤਰ ਦੀ ਫ਼ਸਲ ਵੱਢਣਾ ਸੰਭਵ ਨਹੀਂ। ਕਿਸਾਨਾਂ ਨੇ ਬੀਐਸਐਫ ਕੋਲ ਵਧੇਰੇ ਸਮਾਂ ਦੇਣ ਦੀ ਅਪੀਲ ਕੀਤੀ ਹੈ ਤਾਂ ਜੋ ਉਹ ਆਪਣੀ ਸਾਲ ਭਰ ਦੀ ਮਿਹਨਤ ਨੂੰ ਸੰਭਾਲ ਸਕਣ।

ਬੀਐਸਐਫ ਵੱਲੋਂ ਸਥਿਤੀ ਦੀ ਗੰਭੀਰਤਾ ਨੂੰ ਦੇਖਦਿਆਂ ਅੱਗਾਹ ਕਰ ਦਿੱਤਾ ਗਿਆ ਹੈ ਕਿ ਕਿਸੇ ਵੀ ਤਰ੍ਹਾਂ ਦੀ ਹਫਾਵਤ ਜਾਂ ਤਬਾਹੀ ਤੋਂ ਬਚਣ ਲਈ ਇਹ ਕਦਮ ਜ਼ਰੂਰੀ ਹੈ। ਸਰਹੱਦ ‘ਤੇ ਤਣਾਅ ਭਾਵੇਂ ਵਧ ਗਿਆ ਹੋਵੇ, ਪਰ ਕਿਸਾਨਾਂ ਦੀ ਮਹਿਨਤ ਦੀ ਕਦਰ ਕਰਦਿਆਂ, ਉਮੀਦ ਹੈ ਕਿ ਸੁਰੱਖਿਆ ਬਲ ਅਤੇ ਕਿਸਾਨ ਆਪਸੀ ਸਹਿਯੋਗ ਨਾਲ ਹਾਲਾਤਾਂ ਦਾ ਸਾਹਮਣਾ ਕਰਨਗੇ।


By Gurpreet Singh

Leave a Reply

Your email address will not be published. Required fields are marked *