ਪਠਾਨਕੋਟ ਨੇੜੇ ਨੈਸ਼ਨਲ ਹਾਈਵੇ ‘ਤੇ ਭਿਆਨਕ ਸੜਕ ਹਾਦਸਾ, ਆਲਟੋ ਸਵਾਰ 4 ਨੌਜਵਾਨਾਂ ਦੀ ਮੌਤ

ਗੁਰਪ੍ਰੀਤ ਸਿੰਘ :- ਪਠਾਨਕੋਟ ਨੇੜੇ ਨੈਸ਼ਨਲ ਹਾਈਵੇ ‘ਤੇ ਇੱਕ ਵੱਡਾ ਦੁਖਦਾਈ ਹਾਦਸਾ ਵਾਪਰਣ ਦੀ ਖ਼ਬਰ ਸਾਹਮਣੇ ਆਈ ਹੈ, ਜਿਸ ਵਿੱਚ ਚਾਰ ਨੌਜਵਾਨਾਂ ਦੀ ਮੌਤ ਹੋ ਗਈ। ਇਹ ਹਾਦਸਾ ਨੌਸ਼ਹਿਰਾ ਮੱਝਾ ਸਿੰਘ ਨੇੜੇ ਵਾਪਰਿਆ ਦੱਸਿਆ ਜਾ ਰਿਹਾ ਹੈ।

ਮਿਲੀ ਜਾਣਕਾਰੀ ਅਨੁਸਾਰ ਆਲਟੋ ਕਾਰ (PB35Y) ਵਿੱਚ ਸਵਾਰ ਚਾਰ ਨੌਜਵਾਨ ਪਠਾਨਕੋਟ ਦੇ ਪਿੰਡ ਘਰੋਲੀ ਅਤੇ ਟੀਚਰ ਕਲੋਨੀ ਦੇ ਰਹਿਣ ਵਾਲੇ ਸਨ, ਜੋ ਪਠਾਨਕੋਟ ਵੱਲ ਆ ਰਹੇ ਸਨ। ਇਸ ਦੌਰਾਨ ਨੈਸ਼ਨਲ ਹਾਈਵੇ ‘ਤੇ ਨੌਸ਼ਹਿਰਾ ਮੱਝਾ ਸਿੰਘ ਨੇੜੇ ਉਨ੍ਹਾਂ ਦੀ ਕਾਰ ਨਾਲ ਭਿਆਨਕ ਹਾਦਸਾ ਵਾਪਰ ਗਿਆ।

ਮੌਕੇ ਦੀ ਸਥਿਤੀ ਅਤੇ ਗੱਡੀ ਦੀ ਹਾਲਤ ਨੂੰ ਵੇਖ ਕੇ ਅੰਦਾਜ਼ਾ ਲਗਾਇਆ ਜਾ ਰਿਹਾ ਹੈ ਕਿ ਆਲਟੋ ਕਾਰ ਸੜਕ ਕਿਨਾਰੇ ਖੜ੍ਹੇ ਜਾਂ ਹੌਲੀ ਚੱਲ ਰਹੇ ਕਿਸੇ ਭਾਰੀ ਵਾਹਨ ਦੇ ਪਿੱਛੇ ਜਾ ਟਕਰਾਈ। ਦੱਸਿਆ ਜਾ ਰਿਹਾ ਹੈ ਕਿ ਜਿਸ ਵਾਹਨ ਨਾਲ ਟੱਕਰ ਹੋਈ, ਉਹ ਮੌਕੇ ਤੋਂ ਫਰਾਰ ਹੋ ਗਿਆ।

ਹਾਦਸਾ ਇੰਨਾ ਭਿਆਨਕ ਸੀ ਕਿ ਕਾਰ ਸਵਾਰ ਚਾਰਾਂ ਨੌਜਵਾਨਾਂ ਦੀ ਮੌਕੇ ‘ਤੇ ਹੀ ਮੌਤ ਹੋ ਗਈ। ਪ੍ਰਤੱਖਦਰਸ਼ੀਆਂ ਮੁਤਾਬਕ ਇਹ ਦਰਦਨਾਕ ਹਾਦਸਾ ਸਵੇਰੇ ਕਰੀਬ 4 ਵਜੇ ਦੇ ਆਸ-ਪਾਸ ਵਾਪਰਿਆ।

ਘਟਨਾ ਦੀ ਸੂਚਨਾ ਮਿਲਣ ਉਪਰੰਤ ਪੁਲਿਸ ਮੌਕੇ ‘ਤੇ ਪਹੁੰਚੀ ਅਤੇ ਜਾਂਚ ਸ਼ੁਰੂ ਕਰ ਦਿੱਤੀ। ਪੁਲਿਸ ਵੱਲੋਂ ਹਾਦਸੇ ਦੇ ਕਾਰਨਾਂ ਅਤੇ ਫਰਾਰ ਵਾਹਨ ਦੀ ਪਛਾਣ ਲਈ ਜਾਂਚ ਕੀਤੀ ਜਾ ਰਹੀ ਹੈ। ਇਸ ਸਬੰਧੀ ਏਐਸਆਈ ਦਲਜੀਤ ਸਿੰਘ ਅਤੇ ਪ੍ਰਤੱਖਦਰਸ਼ੀ ਵੱਲੋਂ ਵੀ ਜਾਣਕਾਰੀ ਸਾਂਝੀ ਕੀਤੀ ਗਈ ਹੈ।

By Gurpreet Singh

Leave a Reply

Your email address will not be published. Required fields are marked *