ਨਾਈਜੀਰੀਆ ‘ਚ ਅੱਤਵਾਦੀਆਂ ਦਾ ਖ਼ੂਨੀ ਤਾਂਡਵ: 11 ਪਿੰਡ ਵਾਸੀਆਂ ਦਾ ਬੇਰਹਿਮੀ ਨਾਲ ਕਤਲ, ਕਈ ਘਰ ਫੂਕੇ

ਰਾਜੀਵ ਸ਼ਰਮਾ :- ਨਾਈਜੀਰੀਆ ਦੇ ਉੱਤਰ-ਪੂਰਬੀ ਰਾਜ ਬੋਰਨੋ ਵਿੱਚ ਇਸਲਾਮਿਕ ਕੱਟੜਪੰਥੀਆਂ ਵੱਲੋਂ ਮਚਾਏ ਗਏ ਤਾਂਡਵ ਦੌਰਾਨ 11 ਲੋਕਾਂ ਦੀ ਮੌਤ ਹੋ ਗਈ ਹੈ। ਮੰਗਲਵਾਰ ਦੇਰ ਰਾਤ ਹੋਏ ਇਸ ਹਮਲੇ ਵਿੱਚ ਅੱਤਵਾਦੀਆਂ ਨੇ ਇੱਕ ਦੂਰ-ਦਰਾਡੇ ਦੇ ਪਿੰਡ ਨੂੰ ਨਿਸ਼ਾਨਾ ਬਣਾਇਆ ਅਤੇ ਕਈ ਘਰਾਂ ਨੂੰ ਅੱਗ ਦੇ ਹਵਾਲੇ ਕਰ ਦਿੱਤਾ। ਇਸ ਘਟਨਾ ਲਈ ਅੱਤਵਾਦੀ ਸੰਗਠਨ ‘ਬੋਕੋ ਹਰਮ’ ਨੂੰ ਜ਼ਿੰਮੇਵਾਰ ਮੰਨਿਆ ਜਾ ਰਿਹਾ ਹੈ। 

ਸੁੱਤੇ ਹੋਏ ਪਿੰਡ ਵਾਸੀਆਂ ‘ਤੇ ਕੀਤਾ ਹਮਲਾ 

ਸਥਾਨਕ ਅਧਿਕਾਰੀਆਂ ਨੇ ਦੱਸਿਆ ਕਿ ਮੰਗਲਵਾਰ ਰਾਤ ਅੱਤਵਾਦੀਆਂ ਨੇ ਸਾਂਬੀਆ ਜੰਗਲ ਦੇ ਕਿਨਾਰੇ ਸਥਿਤ ਪੁਬਾਗੂ (Pubagu) ਪਿੰਡ ‘ਤੇ ਹਮਲਾ ਬੋਲ ਦਿੱਤਾ। ਇਸ ਹਮਲੇ ਵਿੱਚ 11 ਲੋਕਾਂ ਦੀ ਮੌਤ ਹੋ ਗਈ, ਜਦਕਿ ਦੋ ਹੋਰ ਗੰਭੀਰ ਰੂਪ ਵਿੱਚ ਜ਼ਖ਼ਮੀ ਹੋਏ ਹਨ, ਜਿਨ੍ਹਾਂ ਦਾ ਇਲਾਜ ਨੇੜਲੇ ਹਸਪਤਾਲ ਵਿੱਚ ਚੱਲ ਰਿਹਾ ਹੈ। ਪਿੰਡ ਵਾਸੀਆਂ ਅਨੁਸਾਰ ਉਨ੍ਹਾਂ ਨੇ ਬੁੱਧਵਾਰ ਸਵੇਰੇ ਸਾਰੇ ਮ੍ਰਿਤਕਾਂ ਦਾ ਅੰਤਿਮ ਸੰਸਕਾਰ ਕਰ ਦਿੱਤਾ।

ਸੁਰੱਖਿਆ ਵਿਵਸਥਾ ‘ਤੇ ਉੱਠੇ ਸਵਾਲ 

ਸਥਾਨਕ ਕੌਂਸਲ ਦੇ ਚੇਅਰਮੈਨ ਮਵਾਦਾ ਸੈਦੂ ਉਬਾ ਨੇ ਇਸ ਘਟਨਾ ‘ਤੇ ਡੂੰਘੇ ਦੁੱਖ ਦਾ ਪ੍ਰਗਟਾਵਾ ਕਰਦਿਆਂ ਕਿਹਾ ਕਿ ਇਹ ਇਲਾਕਾ ਪਹਿਲਾਂ ਸੁਰੱਖਿਅਤ ਮੰਨਿਆ ਜਾਂਦਾ ਸੀ, ਪਰ ਹੁਣ ਇੱਥੋਂ ਦੇ ਸੁਰੱਖਿਆ ਘੇਰੇ ਵਿੱਚ ਸੰਨ੍ਹ ਲੱਗ ਚੁੱਕੀ ਹੈ। ਸਥਾਨਕ ਵਾਰਡ ਅਧਿਕਾਰੀ ਉਸਮਾਨ ਰੂਮਿਰਗੋ ਨੇ ਦੱਸਿਆ ਕਿ ਹਮਲਾਵਰਾਂ ਨੇ ਜਾਂਦੇ ਸਮੇਂ ਕਈ ਘਰਾਂ ਨੂੰ ਅੱਗ ਲਗਾ ਦਿੱਤੀ। 

ਅੱਤਵਾਦ ਦਾ ਕੇਂਦਰ ਬਣਿਆ ਬੋਰਨੋ 

ਨਾਈਜੀਰੀਆ ਦਾ ਬੋਰਨੋ ਰਾਜ ਲੰਮੇ ਸਮੇਂ ਤੋਂ ਇਸਲਾਮਿਕ ਵਿਦਰੋਹ ਦਾ ਕੇਂਦਰ ਰਿਹਾ ਹੈ। ਬੋਕੋ ਹਰਾਮ ਅਤੇ ਆਈ. ਐੱਸ. ਡਬਲਯੂ. ਏ. ਪੀ. (ISWAP) ਵਰਗੇ ਅੱਤਵਾਦੀ ਸੰਗਠਨ ਅਕਸਰ ਪੇਂਡੂ ਇਲਾਕਿਆਂ ਵਿੱਚ ਸੁਰੱਖਿਆ ਦੀ ਕਮੀ ਦਾ ਫਾਇਦਾ ਉਠਾ ਕੇ ਨਿਰਦੋਸ਼ ਲੋਕਾਂ ਨੂੰ ਨਿਸ਼ਾਨਾ ਬਣਾਉਂਦੇ ਹਨ। ਇਸ ਤਾਜ਼ਾ ਹਿੰਸਾ ਨੇ ਇੱਕ ਵਾਰ ਫਿਰ ਦੇਸ਼ ਦੇ ਪੇਂਡੂ ਖੇਤਰਾਂ ਵਿੱਚ ਸੁਰੱਖਿਆ ਦੀਆਂ ਖਾਮੀਆਂ ਨੂੰ ਜਗ-ਜ਼ਾਹਿਰ ਕਰ ਦਿੱਤਾ ਹੈ।

By Rajeev Sharma

Leave a Reply

Your email address will not be published. Required fields are marked *