ਅੰਮ੍ਰਿਤਸਰ- ਏ. ਡੀ. ਸੀ. ਅਰਬਨ ਵਿਕਾਸ ਅਤੇ ਅੰਮ੍ਰਿਤਸਰ ਵਿਕਾਸ ਅਥਾਰਟੀ (ਪੁੱਡਾ) ਦੇ ਵਧੀਕ ਮੁੱਖ ਪ੍ਰਸ਼ਾਸਕ ਮੇਜਰ ਅਮਿਤ ਸਰੀਨ ਦੀ ਮੁਸਤੈਦੀ ਨਾਲ ਪੁਲਸ ਨੇ ਇਕ ਨਕਲੀ ਮਹਿਲਾ ਪੁਲਸ ਇੰਸਪੈਕਟਰ ਨੂੰ ਗ੍ਰਿਫ਼ਤਾਰ ਕੀਤਾ ਹੈ। ਸਭ ਤੋਂ ਵੱਡੀ ਗੱਲ ਇਹ ਹੈ ਕਿ ਉਕਤ ਨਕਲੀ ਮਹਿਲਾ ਇੰਸਪੈਕਟਰ, ਜਿਸ ਦਾ ਨਾਮ ਰਣਜੀਤ ਕੌਰ ਹੈ ਜੋ ਕਿ ਪ੍ਰਤਾਪ ਨਗਰ ਦੀ ਰਹਿਣ ਵਾਲੀ ਹੈ, ਨੂੰ ਲਗਾਤਾਰ ਦੂਜੀ ਵਾਰ ਨਕਲੀ ਮਹਿਲਾ ਇੰਸਪੈਕਟਰ ਦੀ ਭੂਮਿਕਾ ਵਿਚ ਫੜਿਆ ਗਿਆ ਹੈ।
ਇਸ ਤੋਂ ਪਹਿਲਾਂ ਮਾਰਚ 2023 ਵਿਚ ਥਾਣਾ ਸਿਵਲ ਲਾਈਨ ਦੀ ਪੁਲਸ ਨੇ ਨਕਲੀ ਮਹਿਲਾ ਇੰਸਪੈਕਟਰ ਨੂੰ ਉਸ ਸਮੇਂ ਗ੍ਰਿਫ਼ਤਾਰ ਕੀਤਾ ਸੀ ਜਦੋਂ ਉਹ ਇਕ ਬੀ. ਐੱਮ. ਡਬਲਯੂ. ਕਾਰ ਵਿਚ ਘੁੰਮ ਕਰ ਰਹੀ ਸੀ ਅਤੇ ਉਸ ਦੀ ਗੱਡੀ ਇਕ ਸਵਿੱਫਟ ਕਾਰ ਨਾਲ ਟਕਰਾ ਗਈ ਸੀ, ਉਦੋਂ ਵੀ ਉਕਤ ਔਰਤ ਨੇ ਖੁਦ ਨੂੰ ਐੱਸ. ਐੱਸ. ਪੀ. ਦਿਹਾਤੀ ਦੀ ਰੀਡਰ ਵਜੋਂ ਪੇਸ਼ ਕੀਤਾ ਸੀ ਪਰ ਜਦੋਂ ਪੁਲਸ ਅਧਿਕਾਰੀਆਂ ਨੇ ਔਰਤ ਵੱਲੋਂ ਦਿੱਤੇ ਬੈਲਟ ਨੰਬਰ ਬਾਰੇ ਜਾਣਕਾਰੀ ਪ੍ਰਾਪਤ ਕੀਤੀ ਤਾਂ ਸੱਚਾਈ ਸਾਹਮਣੇ ਆ ਗਈ।
ਕਾਲੋਨਾਈਜ਼ਰਾਂ ਨੂੰ ਕਰ ਰਹੀ ਸੀ ਬਲੈਕਮੇਲ
ਏ. ਡੀ. ਸੀ. ਅਤੇ ਮੁੱਖ ਪ੍ਰਸ਼ਾਸਕ ਪੁੱਡਾ ਮੇਜਰ ਅਮਿਤ ਸਰੀਨ ਨੂੰ ਪਿਛਲੇ ਕਈ ਹਫ਼ਤਿਆਂ ਤੋਂ ਪੁੱਡਾ ਅਤੇ ਨਗਰ ਕੌਂਸਲ ਰਮਦਾਸ ਦੇ ਕਰਮਚਾਰੀਆਂ ਤੋਂ ਸ਼ਿਕਾਇਤਾਂ ਮਿਲ ਰਹੀਆਂ ਸਨ ਕਿ ਇਕ ਨਕਲੀ ਮਹਿਲਾ ਪੁਲਸ ਇੰਸਪੈਕਟਰ ਦਫ਼ਤਰ ਦੇ ਕਰਮਚਾਰੀਆਂ ਨੂੰ ਬਲੈਕਮੇਲ ਕਰ ਰਹੀ ਹੈ ਅਤੇ ਹਰ ਰੋਜ਼ ਦਫ਼ਤਰ ਆ ਕੇ ਸਰਕਾਰੀ ਦਸਤਾਵੇਜ਼ਾਂ ਨਾਲ ਛੇੜਛਾੜ ਕਰ ਰਹੀ ਹੈ। ਇਸ ਸਬੰਧੀ 26 ਮਾਰਚ 2025 ਨੂੰ ਦਫ਼ਤਰ ਦੇ ਲੈਟਰਹੈੱਡ ’ਤੇ ਡੀ. ਐੱਸ. ਪੀ. ਅਜਨਾਲਾ ਨੂੰ ਨਕਲੀ ਮਹਿਲਾ ਪੁਲਸ ਇੰਸਪੈਕਟਰ ਖਿਲਾਫ ਸ਼ਿਕਾਇਤ ਵੀ ਕੀਤੀ ਗਈ ਸੀ।
ਮਾਮਲੇ ਦੀ ਗੰਭੀਰਤਾ ਨੂੰ ਦੇਖਦੇ ਹੋਏ ਮੇਜਰ ਅਮਿਤ ਸਰੀਨ ਉਕਤ ਔਰਤ ਦੀਆਂ ਗਤੀਵਿਧੀਆਂ ’ਤੇ ਨਜ਼ਰ ਰੱਖ ਰਹੇ ਸਨ ਅਤੇ ਜਿਵੇਂ ਹੀ ਨਕਲੀ ਮਹਿਲਾ ਪੁਲਸ ਇੰਸਪੈਕਟਰ ਦੁਬਾਰਾ ਇਕ ਸਰਕਾਰੀ ਦਫਤਰ ਵਿਚ ਆਈ, ਮੇਜਰ ਅਮਿਤ ਸਰੀਨ ਨੇ ਉਸ ਨੂੰ ਆਪਣੇ ਦਫਤਰ ਅੰਦਰ ਬੁਲਾਇਆ ਅਤੇ ਬੈਲਟ ਨੰਬਰ ਪੁੱਛਿਆ ਅਤੇ ਪੁਲਸ ਨੂੰ ਸੂਚਿਤ ਕੀਤਾ, ਜਿਸ ਤੋਂ ਬਾਅਦ ਪੁਲਸ ਮੌਕੇ ’ਤੇ ਆਈ ਅਤੇ ਨਕਲੀ ਮਹਿਲਾ ਇੰਸਪੈਕਟਰ ਨੂੰ ਗ੍ਰਿਫਤਾਰ ਕਰ ਲਿਆ।
ਇਹ ਵੀ ਖੁਲਾਸਾ ਹੋਇਆ ਹੈ ਕਿ ਇਸ ਵੇਲੇ ਇਹ ਨਕਲੀ ਮਹਿਲਾ ਇੰਸਪੈਕਟਰ ਪੇਂਡੂ ਖੇਤਰਾਂ ਦੇ ਕਾਲੋਨਾਈਜ਼ਰਾਂ ਨੂੰ ਇਹ ਕਹਿ ਕੇ ਬਲੈਕਮੇਲ ਕਰ ਰਹੀ ਸੀ ਕਿ ਗ਼ੈਰ-ਕਾਨੂੰਨੀ ਕਲੋਨੀਆਂ ਬਣੀਆਂ ਹਨ। ਨਕਲੀ ਮਹਿਲਾ ਪੁਲਸ ਇੰਸਪੈਕਟਰ ਅਜੇ ਵੀ ਬੀ. ਐੱਮ. ਡਬਲਯੂ. ਗੱਡੀ ਦੀ ਵਰਤੋਂ ਕਰ ਰਹੀ ਸੀ ਅਤੇ ਉਸ ਦੇ ਗਿਰੋਹ ਦੇ ਕੁਝ ਹੋਰ ਮੈਂਬਰ ਹਨ, ਜਿਨ੍ਹਾਂ ਦੀ ਪੁਲਸ ਭਾਲ ਕਰ ਰਹੀ ਹੈ।
ਥਾਣਾ ਬੀ ਡਵੀਜ਼ਨ ’ਚ 751 ਅਤੇ ਅਜਨਾਲਾ ’ਚ ਮਾਈਨਿੰਗ ਐਕਟ ਦਾ ਪਰਚਾ
ਲਗਾਤਰ ਦੂਜੀ ਵਾਰ ਸਿਵਲ ਲਾਈਨ ਥਾਣੇ ਵਿਚ ਫੜੀ ਗਈ ਨਕਲੀ ਮਹਿਲਾ ਪੁਲਸ ਇੰਸਪੈਕਟਰ ਖਿਲਾਫ ਪੁਲਸ ਥਾਣਾ ਬੀ ਡਵੀਜ਼ਨ ਵਿਚ 751 ਦਾ ਪਰਚਾ ਅਤੇ ਥਾਣਾ ਅਜਨਾਲਾ ਵਿਚ ਮਾਈਨਿੰਗ ਐਕਟ ਦਾ ਕੇਸ ਵੀ ਦਰਜ ਹੈ। ਭਾਵ ਕਿ ਲੜਾਈ ਝਗੜੇ ਦੇ ਨਾਲ-ਨਾਲ ਰੇਤ ਮਾਫੀਆ ਨਾਲ ਵੀ ਔਰਤ ਦੇ ਤਾਰ ਜੁੜੇ ਹੋਏ ਹਨ, ਜਿਸ ਤਰ੍ਹਾਂ ਲਾਲ ਔਰਤ ਖਿਲਾਫ ਇੰਨੇ ਸਾਰੇ ਮਾਮਲੇ ਦਰਜ ਹੋ ਰੱਖੇ ਹਨ, ਉਸ ਤੋਂ ਇਹੀ ਪ੍ਰਤੀਤ ਹੋ ਰਿਹਾ ਹੈ ਕਿ ਉਕਤ ਔਰਤ ਅਪਰਾਧ ਕਰਨ ਦੀ ਆਦੀ ਹੋ ਚੁੱਕੀ ਹੈ।
ਪੁੱਡਾ ’ਚ 340 ਨਕਲੀ ਐੱਨ. ਓ. ਸੀ. ਦਾ ਘਪਲਾ ਵੀ ਫੜ ਚੁੱਕੇ ਹਨ ਅਮਿਤ ਸਰੀਨ
ਏ. ਡੀ. ਸੀ. ਅਰਬਨ ਵਿਕਾਸ ਅਤੇ ਪੁੱਡਾ ਦੇ ਵਧੀਕ ਮੁੱਖ ਪ੍ਰਸ਼ਾਸਕ ਮੇਜਰ ਅਮਿਤ ਸਰੀਨ ਦੀ ਗੱਲ ਕਰੀਏ ਤਾਂ ਸਰੀਨ ਨੇ ਪਹਿਲਾਂ ਆਪਣੇ ਦਫ਼ਤਰ ਵਿਚ 340 ਜਾਅਲੀ ਐੱਨ. ਓ. ਸੀਜ਼ ਦੇ ਘਪਲੇ ਨੂੰ ਫੜਿਆ ਸੀ, ਜਿਸ ਵਿਚ ਸਰਕਾਰੀ ਖਜ਼ਾਨੇ ਨੂੰ 74 ਕਰੋੜ ਰੁਪਏ ਦਾ ਨੁਕਸਾਨ ਹੋਇਆ ਸੀ, ਜਿਸ ਦਾ ਖੁਲਾਸਾ ਖੁਦ ਮੇਜਰ ਸਰੀਨ ਨੇ ਕੀਤਾ ਸੀ। ਇਸ ਘੁਟਾਲੇ ਵਿਚ ਕਈ ਵੱਡੇ ਕਾਲੋਨਾਈਜ਼ਰਾਂ ਅਤੇ ਅਧਿਕਾਰੀਆਂ ਦੇ ਨਾਮ ਸਾਹਮਣੇ ਆਏ ਹਨ। ਮੇਜਰ ਅਮਿਤ ਸਰੀਨ ਦਾ ਨਾਮ ਪੰਜਾਬ ਦੇ ਉਨ੍ਹਾਂ ਬਹਾਦਰ ਅਤੇ ਇਮਾਨਦਾਰ ਪੀ. ਸੀ. ਐੱਸ. ਅਧਿਕਾਰੀਆਂ ਦੀ ਸੂਚੀ ਵਿਚ ਸ਼ਾਮਲ ਹੈ, ਜਿਨ੍ਹਾਂ ਨੇ ਅਜੇ ਤੱਕ ਆਪਣੀ ਇਮਾਨਦਾਰੀ ਅਤੇ ਬਹਾਦਰੀ ਨਾਲ ਕੰਮ ਕੀਤਾ ਹੈ।