ਜਲੰਧਰ : ਪੰਜਾਬ ਅਤੇ ਹਿਮਾਚਲ ‘ਚ ਹੋ ਰਹੀ ਭਾਰੀ ਬਾਰਸ਼ ਤੋਂ ਬਾਅਦ ਦਰਿਆਵਾਂ ਦਾ ਪਾਣੀ ਊਫ਼ਾਨ ‘ਤੇ ਹੈ। ਇਸ ਦੇ ਮੱਦੇਨਜ਼ਰ ਬਿਆਸ ਦਰਿਆ ਅਤੇ ਪੌਂਗ ਡੈਮ ਦੇ ਪਾਣੀ ਦਾ ਪੱਧਰ ਵੀ ਵੱਧ ਗਿਆ ਹੈ, ਜਿਸ ਕਾਰਨ ਪੰਜਾਬੀਆਂ ਲਈ ਖ਼ਤਰੇ ਦੀ ਘੰਟੀ ਵੱਜ ਰਹੀ ਹੈ। ਵੱਧ ਪਾਣੀ ਹੋਣ ਕਾਰਨ ਪੌਂਗ ਡੈਮ ਦੇ ਸਪਿਲਵੇਅ ਗੇਟ 7 ਫੁੱਟ ਖੋਲ੍ਹੇ ਗਏ ਹਨ ਅਤੇ 46 ਹਜਾਰ ਕਿਊਸਿਕ ਪਾਣੀ ਬਿਆਸ ਦਰਿਆ ‘ਚ ਛੱਡਿਆ ਗਿਆ ਹੈ। ਇਸ ਤੋਂ ਬਾਅਦ ਬਿਆਸ ਦਰਿਆ ‘ਚ ਵੀ ਪਾਣੀ ਦੀ ਪੱਧਰ ਵੱਧ ਗਿਆ ਹੈ
ਇਸ ਲਈ ਜੇਕਰ ਆਉਣ ਵਾਲੇ ਦਿਨਾਂ ‘ਚ ਵੀ ਭਾਰੀ ਮੀਂਹ ਪੈਂਦਾ ਹੈ ਤਾਂ ਫਿਰ ਹਾਲਾਤ ਵਿਗੜ ਸਕਦੇ ਹਨ। ਇਸ ਕਾਰਨ ਭਾਖੜਾ ਬਿਆਸ ਮੈਨਜਮੈਂਟ ਬੋਰਡ (ਬੀ. ਬੀ. ਐੱਮ. ਬੀ.) ਵਲੋਂ ਲੋਕਾਂ ਨੂੰ ਬਿਆਸ ਦਰਿਆ ਤੋਂ ਦੂਰ ਰਹਿਣ ਦੀ ਲਗਾਤਾਰ ਅਪੀਲ ਕੀਤੀ ਜਾ ਰਹੀ ਹੈ ਤਾਂ ਜੋ ਕਿਸੇ ਨੂੰ ਵੀ ਜਾਨ-ਮਾਲ ਦਾ ਨੁਕਸਾਨ ਨਾ ਹੋਵੇ।
ਹਾਲਾਂਕਿ ਮੌਸਮ ਵਿਭਾਗ ਵਲੋਂ ਆਉਣ ਵਾਲੇ 3 ਦਿਨਾਂ ‘ਚ ਮੌਸਮ ਖ਼ੁਸ਼ਕ ਰਹਿਣ ਦੀ ਸੰਭਾਵਨਾ ਜਤਾਈ ਗਈ ਹੈ ਪਰ 14 ਅਗਸਤ ਤੋਂ ਬਾਅਦ ਭਾਰੀ ਮੀਂਹ ਦੇ ਸੰਕੇਤ ਵੀ ਮੌਸਮ ਵਿਭਾਗ ਵਲੋਂ ਦਿੱਤੇ ਗਏ ਹਨ। ਇਸ ਲਈ ਜੇਕਰ ਹਿਮਾਚਲ ਪ੍ਰਦੇਸ਼ ਜਾਂ ਪੰਜਾਬ ‘ਚ ਭਾਰੀ ਮੀਂਹ ਪੈਂਦਾ ਹੈ ਤਾਂ ਹਾਲਾਤ ਵਿਗੜ ਸਕਦੇ ਹਨ ਅਤੇ ਪੰਜਾਬ ‘ਚ ਹੜ੍ਹ ਆਉਣ ਦਾ ਖ਼ਤਰਾ ਹੈ। ਬੀ. ਬੀ. ਐੱਮ. ਬੀ. ਨੂੰ ਪੌਂਗ ਡੈਮ ਦੇ ਹੋਰ ਗੇਟ ਵੀ ਖੋਲ੍ਹਣੇ ਪੈ ਸਕਦੇ ਹਨ।