ਸ਼੍ਰੀਨਗਰ/ਜੰਮੂ,- ਪਵਿੱਤਰ ਅਮਰਨਾਥ ਧਾਮ ’ਚ ਸਾਉਣ ਮਹੀਨੇ ਦੀ ਪੂਰਨਮਾਸ਼ੀ ’ਤੇ ਭਗਵਾਨ ਸ਼ਿਵ ਅਤੇ ਪਾਰਵਤੀ ਦੇ ਸਵਰੂਪ ਦੋਵਾਂ ਛੜੀਆਂ ਦੀ ਵੈਦਿਕ ਮੰਤਰ ਉਚਾਰਣ ਨਾਲ ਪੂਜਾ ਕੀਤੀ ਗਈ। ਸ਼ਨੀਵਾਰ ਸਵੇਰੇ ਪੰਚਤਰਣੀ ਤੋਂ ਪਵਿੱਤਰ ਛੜੀ ਮੁਬਾਰਕ ਅਮਰਨਾਥ ਧਾਮ ਲਈ ਰਵਾਨਾ ਹੋਈ ਅਤੇ ਜਿਸ ਸਥਾਨ ’ਤੇ ਬਾਬਾ ਬਰਫਾਨੀ ਬਿਰਾਜਮਾਨ ਹੁੰਦੇ ਹਨ, ਉੱਥੇ ਇਨ੍ਹਾਂ ਪਵਿੱਤਰ ਛੜੀਆਂ ਦੀ ਪੂਜਾ ਦੇ ਨਾਲ ਹੀ 3 ਜੁਲਾਈ ਨੂੰ ਸ਼ੁਰੂ ਹੋਈ ਸਾਲਾਨਾ ਅਮਰਨਾਥ ਯਾਤਰਾ ਸੰਪੰਨ ਹੋ ਗਈ।
ਪਹਿਲਗਾਮ ’ਚ 22 ਅਪ੍ਰੈਲ ਨੂੰ ਹੋਏ ਅੱਤਵਾਦੀ ਹਮਲੇ ਤੋਂ ਬਾਅਦ ਕਿਆਸ ਲਾਏ ਜਾ ਰਹੇ ਸਨ ਕਿ ਇਸ ਹਮਲੇ ਦਾ ਯਾਤਰਾ ’ਤੇ ਅਸਰ ਪਵੇਗਾ ਪਰ ਇਸ ਦੇ ਬਾਵਜੂਦ ਦੇਸ਼ ਦੇ ਕੋਨੇ-ਕੋਨੇ ਤੋਂ ਆਏ 4.20 ਲੱਖ ਤੋਂ ਵੱਧ ਸ਼ਰਧਾਲੂਆਂ ਨੇ ਅਮਰਨਾਥ ਗੁਫਾ ’ਚ ਮੱਥਾ ਟੇਕ ਕੇ ਬਾਬਾ ਬਰਫਾਨੀ ਦਾ ਆਸ਼ੀਰਵਾਦ ਪ੍ਰਾਪਤ ਕੀਤਾ।
ਸ਼੍ਰੀਨਗਰ ਦੇ ਅਮਰੇਸ਼ਵਰ ਮੰਦਰ (ਦਸ਼ਨਾਮੀ ਅਖਾੜਾ) ਵੱਲੋਂ ਭਗਵਾਨ ਸ਼ਿਵ ਅਤੇ ਸ਼ਕਤੀ ਦੀਆਂ ਪ੍ਰਤੀਕ ਦੋਹਾਂ ਛੜੀਆਂ ਨੂੰ ਲੈ ਕੇ ਸਰਪ੍ਰਸਤ ਮਹੰਤ ਦੀਪੇਂਦਰ ਗਿਰੀ ਅਮਰਨਾਥ ਧਾਮ ਲਈ ਨਾਗਪੰਚਮੀ ਨੂੰ ਲੈ ਕੇ ਰਵਾਨਾ ਹੋਏ ਸਨ। ਸ਼ੁੱਕਰਵਾਰ ਨੂੰ ਪੰਚਤਰਣੀ ’ਚ ਛੜੀ ਮੁਬਾਰਕ ਦੇ ਵਿਸ਼ਰਾਮ ਲੈਣ ਤੋਂ ਬਾਅਦ ਸ਼ਨੀਵਾਰ ਸਵੇਰੇ ਬਰਫਾਨੀ ਬਾਬੇ ਦੇ ਜੈਕਾਰਿਆਂ ਦੇ ਨਾਲ ਸਾਧੂ-ਸੰਤ ਯਾਤਰਾ ਲਈ ਰਵਾਨਾ ਹੋਏ ਅਤੇ ਪਵਿੱਤਰ ਅਮਰਨਾਥ ਗੁਫਾ ’ਚ ਛੜੀ ਮੁਬਾਰਕ ਪਹੁੰਚੀ।
ਅਮਰਨਾਥ ਗੁਫਾ ਦੀ ਸੁਰੱਖਿਆ ’ਚ ਤਾਇਨਾਤ ਸੁਰੱਖਿਆ ਫੋਰਸਾਂ ਦੇ ਜਵਾਨਾਂ ਅਤੇ ਅਧਿਕਾਰੀਆਂ ਨੇ ਛੜੀ ਮੁਬਾਰਕ ਲੈ ਕੇ ਆਏ ਸਾਧੂ-ਸੰਤਾਂ ਦਾ ਸਵਾਗਤ ਕੀਤਾ। ਜਿਸ ਸਥਾਨ ’ਤੇ ਬਰਫਾਨੀ ਬਾਬਾ ਹਿਮ ਸ਼ਿਵਲਿੰਗ ਦੇ ਰੂਪ ’ਚ ਬਿਰਾਜਮਾਨ ਹੁੰਦੇ ਹਨ, ਉੱਥੇ ਇਨ੍ਹਾਂ ਦੋਹਾਂ ਛੜੀਆਂ ਨੂੰ ਸਥਾਪਤ ਕਰ ਕੇ ਵੈਦਿਕ ਮੰਤਰ ਉਚਾਰਣ ਨਾਲ ਪੂਜਾ ਕੀਤੀ ਗਈ। ਇਸ ਦੇ ਨਾਲ ਹੀ ਸਾਲਾਨਾ ਅਮਰਨਾਥ ਯਾਤਰਾ ਧਾਰਮਿਕ ਰਸਮਾਂ ਨਾਲ ਸੰਪੰਨ ਹੋ ਗਈ।
ਮੌਸਮ ਖ਼ਰਾਬ ਹੋਣ ਅਤੇ ਮੀਂਹ ਕਾਰਨ 3 ਅਗਸਤ ਤੋਂ ਦੋਹਾਂ ਰਸਤਿਆਂ ਦੀ ਮੁਰੰਮਤ ਨੂੰ ਲੈ ਕੇ ਅਣਮਿੱਥੇ ਸਮੇਂ ਲਈ ਯਾਤਰਾ ਨੂੰ ਮੁਲਤਵੀ ਕਰ ਦਿੱਤਾ ਗਿਆ ਸੀ। ਲਗਾਤਾਰ ਮੌਸਮ ਖ਼ਰਾਬ ਰਹਿਣ ਕਾਰਨ ਬਾਅਦ ’ਚ ਯਾਤਰਾ ’ਚ ਤਾਇਨਾਤ ਅਧਿਕਾਰੀਆਂ ਨੂੰ ਵੀ ਰਿਲੀਵ ਕਰ ਦਿੱਤਾ ਗਿਆ। ਸਾਉਣ ਮਹੀਨੇ ਦੀ ਪੂਰਨਮਾਸ਼ੀ ’ਤੇ ਅਮਰਨਾਥ ਗੁਫਾ ’ਚ ਪਵਿੱਤਰ ਛੜੀਆਂ ਦੀ ਪੂਜਾ ਤੋਂ ਬਾਅਦ ਉਨ੍ਹਾਂ ਨੂੰ ਵਾਪਸ ਪਹਿਲਗਾਮ ਲਿਆਂਦਾ ਜਾਵੇਗਾ। ਲਿੱਦਰ ਦਰਿਆ ਦੇ ਕੰਢੇ ਇਨ੍ਹਾਂ ਦੀ ਵੈਦਿਕ ਮੰਤਰ ਉਚਾਰਣ ਨਾਲ ਪੂਜਾ ਤੋਂ ਬਾਅਦ ਵਾਪਸ ਸ਼੍ਰੀਨਗਰ ਸਥਿਤ ਅਮਰੇਸ਼ਵਰ ਮੰਦਰ ’ਚ ਦੋਹਾਂ ਛੜੀਆਂ ਨੂੰ ਸਥਾਪਤ ਕਰ ਦਿੱਤਾ ਜਾਵੇਗਾ।