ਤਰਨਤਾਰਨ ਲਾਅ ਕਾਲਜ ’ਚ ਕੁੜੀ ਨੂੰ ਗੋਲੀ ਮਾਰਨ ਵਾਲਾ ਮੁੰਡਾ ਮਰਿਆ ਨਹੀਂ, ਜਿਊਂਦਾ ਹੈ

ਨੈਸ਼ਨਲ ਟਾਈਮਜ਼ ਬਿਉਰੋ :- ਬੀਤੇ ਦਿਨ ਜ਼ਿਲ੍ਹਾ ਤਰਨਤਾਰਨ ਦੇ ਪਿੰਡ ਉਸਮਾ ਵਿਖੇ ਇਕ ਲਾਅ ਕਾਲਜ ਇਕ ਤਰਫਾ ਤਿਆਰ ਕਰਨ ਵਾਲੇ ਵਿਦਿਆਰਥੀ ਨੇ ਆਪਣੀ ਕਲਾਸ ਵਿਚ ਪੜ੍ਹਨ ਵਾਲੀ ਵਿਦਿਆਰਥਣ ਨੂੰ ਗੋਲੀ ਮਾਰ ਕੇ ਕਤਲ ਕਰ ਦਿੱਤਾ ਸੀ। ਜਿਸ ਤੋਂ ਬਾਅਦ ਮੁਲਜ਼ਮ ਵਿਦਿਆਰਥੀ ਦੀ ਵੀ ਖੁਦਕੁਸ਼ੀ ਕੀਤੇ ਜਾਣ ਦੀ ਖ਼ਬਰ ਫੈਲ ਗਈ ਸੀ। ਅਸਲ ਵਿੱਚ ਸਿਰਫ ਕੁੜੀ ਦੀ ਹੀ ਮੌਤ ਹੋਈ ਹੈ ਪਰ ਗੋਲੀ ਮਾਰਨ ਵਾਲਾ ਨੌਜਵਾਨ ਪ੍ਰਿੰਸ ਰਾਜ ਸਿੰਘ ਜ਼ਿਊਂਦਾ ਹੈ ਅਤੇ ਅੰਮ੍ਰਿਤਸਰ ਦੇ ਇੱਕ ਨਿੱਜੀ ਹਸਪਤਾਲ ‘ਚ ਉਸ ਦਾ ਇਲਾਜ ਚੱਲ ਰਿਹਾ ਹੈ।

ਮਿਲੀ ਜਾਣਕਾਰੀ ਅਨੁਸਾਰ ਸੰਦੀਪ ਕੌਰ (19) ਪੁੱਤਰੀ ਹੀਰਾ ਸਿੰਘ, ਵਾਸੀ ਨੌਸ਼ਹਿਰਾ ਪੰਨੂਆਂ, ਪੰਜਾਬ ਕਾਲਜ ਆਫ ਲਾਅ ਪਿੰਡ ਉਸਮਾ ਵਿੱਚ ਸੈਕਿੰਡ ਸਮੈਸਟਰ ਦੀ ਵਿਦਿਆਰਥਣ ਸੀ। ਸੋਮਵਾਰ ਸਵੇਰੇ ਜਦੋਂ ਉਹ ਕਾਲਜ ਪਹੁੰਚੀ ਤਾਂ ਕਲਾਸ ਵਿੱਚ ਹੋਰ ਵਿਦਿਆਰਥੀਆਂ ਦੇ ਨਾਲ ਕੁਝ ਲੜਕੇ ਵੀ ਮੌਜੂਦ ਸਨ। ਇਸ ਦੌਰਾਨ ਪ੍ਰਿੰਸ ਰਾਜ ਸਿੰਘ (19) ਪੁੱਤਰ ਜਗਜੀਤ ਸਿੰਘ, ਵਾਸੀ ਪਿੰਡ ਮਲੀਆ, ਨੇ ਸੰਦੀਪ ਕੌਰ ਨੂੰ ਦੋਸਤੀ ਲਈ ਪ੍ਰਪੋਜ਼ ਕੀਤਾ, ਪਰ ਇਨਕਾਰ ਮਿਲਣ ’ਤੇ ਉਸਨੇ ਆਪਣੀ ਡੱਬ ਵਿੱਚ ਰੱਖੇ ਰਿਵਾਲਵਰ ਨਾਲ ਫਾਇਰ ਕਰ ਦਿੱਤਾ।

ਗੋਲੀ ਲੱਗਣ ਨਾਲ ਸੰਦੀਪ ਕੌਰ ਦੀ ਕਲਾਸ ਵਿੱਚ ਹੀ ਮੌਕੇ ’ਤੇ ਮੌਤ ਹੋ ਗਈ। ਇਸ ਤੋਂ ਤੁਰੰਤ ਬਾਅਦ ਪ੍ਰਿੰਸ ਰਾਜ ਸਿੰਘ ਨੇ ਆਪਣੀ ਕੰਨਪਟੀ ਉਪਰ ਗੋਲੀ ਮਾਰ ਲਈ ਅਤੇ ਉਹ ਜ਼ਮੀਨ ’ਤੇ ਡਿੱਗ ਪਿਆ। ਵਾਰਦਾਤ ਦੀ ਸੂਚਨਾ ਮਿਲਣ ‘ਤੇ ਮੁਲਜ਼ਮ ਵਿਦਿਆਰਥੀ ਨੂੰ ਅੰਮ੍ਰਿਤਸਰ ਦੇ ਹਸਪਤਾਲ ਵਿੱਚ ਇਲਾਜ ਲਿਆਇਆ ਗਿਆ ਜਿਥੇ ਡਾਕਟਰਾਂ ਨੇ ਉਸ ਦੀ ਹਾਲਤ ਨਾਜ਼ੁਕ ਦੱਸੀ ਹੈ। 

ਪਰਿਵਾਰਕ ਜਾਣਕਾਰੀ ਮੁਤਾਬਕ ਪ੍ਰਿੰਸ ਰਾਜ ਸਿੰਘ ਪਿਛਲੇ ਕਰੀਬ ਛੇ ਮਹੀਨਿਆਂ ਤੋਂ ਸੰਦੀਪ ਕੌਰ ਨੂੰ ਜ਼ਬਰਦਸਤੀ ਦੋਸਤੀ ਲਈ ਤੰਗ ਕਰ ਰਿਹਾ ਸੀ, ਪਰ ਉਹ ਆਪਣੀ ਪੜ੍ਹਾਈ ’ਤੇ ਧਿਆਨ ਦਿੰਦਿਆਂ ਸਾਫ ਇਨਕਾਰ ਕਰਦੀ ਰਹੀ। ਇਸੇ ਰੰਜਿਸ਼ ਦੇ ਚੱਲਦਿਆਂ ਉਸਨੇ ਕਾਲਜ ਦੀ ਕਲਾਸ ਵਿੱਚ ਇਹ ਖੂਨੀ ਵਾਰਦਾਤ ਅੰਜਾਮ ਦਿੱਤਾ। ਮ੍ਰਿਤਕ ਸੰਦੀਪ ਕੌਰ ਛੇ ਭੈਣਾਂ ਅਤੇ ਇੱਕ ਛੋਟੇ ਭਰਾ ਵਿੱਚੋਂ ਇੱਕ ਸੀ। ਉਸਦੇ ਪਿਤਾ ਹੀਰਾ ਸਿੰਘ ਦੀ ਲਗਭਗ ਤਿੰਨ ਸਾਲ ਪਹਿਲਾਂ ਮੌਤ ਹੋ ਚੁੱਕੀ ਹੈ। ਪੀੜਤ ਪਰਿਵਾਰ ਨੇ ਪੁਲਸ ਪ੍ਰਸ਼ਾਸਨ ਕੋਲੋਂ ਕਾਲਜ ਪ੍ਰਬੰਧਕਾਂ ਅਤੇ ਮੁਲਜ਼ਮ ਦੇ ਪਰਿਵਾਰ ਖ਼ਿਲਾਫ ਸਖ਼ਤ ਕਾਰਵਾਈ ਦੀ ਮੰਗ ਕੀਤੀ ਹੈ। ਪੁਲਸ ਵੱਲੋਂ ਮਾਮਲੇ ਦੀ ਜਾਂਚ ਅਤੇ ਕਾਨੂੰਨੀ ਕਾਰਵਾਈ ਜਾਰੀ ਦੱਸੀ ਜਾ ਰਹੀ ਹੈ।

By Gurpreet Singh

Leave a Reply

Your email address will not be published. Required fields are marked *