ਗੁਰੂਗ੍ਰਾਮ ਦੇ ਡੀਐਲਐਫ ਫੇਜ਼-3 ਇਲਾਕੇ ਵਿੱਚ ਇੱਕ ਹੈਰਾਨ ਕਰਨ ਵਾਲੀ ਘਟਨਾ ਸਾਹਮਣੇ ਆਈ ਹੈ, ਜਿੱਥੇ ਇੱਕ 40 ਸਾਲਾ ਕਬਾੜ ਡੀਲਰ ਦੀ ਉਸਦੀ ਲਿਵ-ਇਨ ਪਾਟਨਰ ਨੇ ਚਾਕੂ ਮਾਰ ਕੇ ਹੱਤਿਆ ਕਰ ਦਿੱਤੀ। ਦੱਸਿਆ ਜਾ ਰਿਹਾ ਹੈ ਕਿ ਇਹ ਘਟਨਾ ਉਸ ਸਮੇਂ ਵਾਪਰੀ, ਜਦੋਂ ਕਾਰੋਬਾਰੀ ਆਪਣੀ ਪਹਿਲੀ ਬੀਮਾਰ ਪਤਨੀ ਨਾਲ ਫ਼ੋਨ ‘ਤੇ ਗੱਲ ਕਰ ਰਿਹਾ ਸੀ। ਪਤੀ ਨੂੰ ਉਸ ਦੀ ਪਹਿਲੀ ਪਤਨੀ ਨਾਲ ਗੱਲ ਕਰਦੇ ਦੇਖ ਉਸ ਨੂੰ ਗੁੱਸਾ ਆ ਗਿਆ ਅਤੇ ਉਸ ਨੇ ਇਸ ਗੱਲ ‘ਤੇ ਇਤਰਾਜ਼ ਜਤਾਉਂਦੇ ਹੋਏ ਉਸ ਦਾ ਚਾਕੂ ਮਾਰ ਕੇ ਕਤਲ ਕਰ ਦਿੱਤਾ।
ਮ੍ਰਿਤਕ ਦੀ ਪਛਾਣ ਹਰੀਸ਼ ਸ਼ਰਮਾ ਵਜੋਂ ਹੋਈ ਹੈ। ਹਰੀਸ਼ ਸ਼ਰਮਾ ਪਿਛਲੇ ਇੱਕ ਸਾਲ ਤੋਂ ਆਪਣੀ ਲਿਵ-ਇਨ ਪਾਰਟਨਰ ਯਸ਼ਮੀਤ ਕੌਰ ਨਾਲ ਕਿਰਾਏ ਦੇ ਫਲੈਟ ਵਿੱਚ ਰਹਿ ਰਿਹਾ ਸੀ। ਹਰੀਸ਼ ਵਿਆਹਿਆ ਹੋਇਆ ਸੀ ਅਤੇ ਉਸਦੀ ਪਤਨੀ ਅਤੇ ਦੋ ਧੀਆਂ ਪਿੰਡ ਵਿੱਚ ਰਹਿੰਦੀਆਂ ਸਨ। ਹਰੀਸ਼ ਦੀ ਪਤਨੀ ਕੁਝ ਸਮੇਂ ਤੋਂ ਬੀਮਾਰ ਸੀ, ਜਿਸ ਕਾਰਨ ਉਹ ਅਕਸਰ ਉਸ ਨਾਲ ਫੋਨ ‘ਤੇ ਗੱਲ ਕਰਦਾ ਰਹਿੰਦਾ ਸੀ। ਯਸ਼ਮੀਤ ਕੌਰ ਨੂੰ ਇਸ ਗੱਲ ‘ਤੇ ਇਤਰਾਜ਼ ਹੁੰਦਾ ਸੀ, ਜਿਸ ਕਾਰਨ ਦੋਵਾਂ ਵਿਚਕਾਰ ਕਈ ਵਾਰ ਲੜਾਈ-ਝਗੜਾ ਹੁੰਦਾ ਸੀ। ਘਟਨਾ ਦੀ ਸੂਚਨਾ ਮਿਲਣ ‘ਤੇ ਪਹੁੰਚੀ ਪੁਲਸ ਵਲੋਂ ਇਸ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ।
ਪੁਲਸ ਅਨੁਸਾਰ ਸ਼ਨੀਵਾਰ ਰਾਤ ਨੂੰ ਜਦੋਂ ਹਰੀਸ਼ ਆਪਣੀ ਪਤਨੀ ਨਾਲ ਫ਼ੋਨ ‘ਤੇ ਗੱਲ ਕਰ ਰਿਹਾ ਸੀ, ਤਾਂ ਯਸ਼ਮੀਤ ਨੂੰ ਗੁੱਸਾ ਆ ਗਿਆ। ਇਸ ਗੱਲ਼ ‘ਤੇ ਇਤਰਾਜ਼ ਜਤਾਉਂਦੇ ਹੋਏ ਉਸ ਨੇ ਉਸਦੀ ਛਾਤੀ ਵਿੱਚ ਚਾਕੂ ਮਾਰ ਦਿੱਤਾ। ਇਸ ਦੌਰਾਨ ਜਦੋਂ ਉਸ ਨੂੰ ਗੰਭੀਰ ਹਾਲਤ ਦੇ ਵਿਚ ਹਸਪਤਾਲ ਲਿਜਾਇਆ ਗਿਆ ਪਰ ਡਾਕਟਰਾਂ ਨੇ ਉਸਨੂੰ ਮ੍ਰਿਤਕ ਐਲਾਨ ਦਿੱਤਾ। ਇਸ ਤੋਂ ਬਾਅਦ ਘਟਨਾ ਵਾਲੀ ਥਾਂ ‘ਤੇ ਪੁਲਸ ਪਹੁੰਚ ਗਈ, ਜਿਸ ਨੇ ਲਾਸ਼ ਨੂੰ ਕਬਜ਼ੇ ਵਿਚ ਲੈਂਦੇ ਹੋਏ ਉਸ ਦੀ ਪ੍ਰੇਮਿਕਾ ਨੂੰ ਗ੍ਰਿਫ਼ਤਾਰ ਕਰ ਲਿਆ।
ਜਿਸ ਸਮੇਂ ਹਰੀਸ਼ ਦੀ ਪ੍ਰੇਮਿਕਾ ਨੇ ਉਸ ਦਾ ਕਤਲ ਕੀਤਾ, ਉਸ ਸਮੇਂ ਹਰੀਸ਼ ਦਾ ਦੋਸਤ ਵਿਜੇ ਉਰਫ ਸੇਠੀ ਵੀ ਘਰ ਵਿੱਚ ਮੌਜੂਦ ਸੀ। ਹਰੀਸ਼ ਦੇ ਭਤੀਜੇ ਨੇ ਪੁਲਸ ਕੋਲ ਸ਼ਿਕਾਇਤ ਦਰਜ ਕਰਵਾਈ ਹੈ ਕਿ ਯਸ਼ਮੀਤ ਅਤੇ ਵਿਜੇ ਨੇ ਮਿਲ ਕੇ ਹਰੀਸ਼ ਨੂੰ ਮਾਰਨ ਦੀ ਸਾਜ਼ਿਸ਼ ਰਚੀ ਹੈ। ਪੁਲਸ ਨੇ ਯਸ਼ਮੀਤ ਕੌਰ ਨੂੰ ਗ੍ਰਿਫ਼ਤਾਰ ਕਰ ਲਿਆ ਹੈ, ਜਿਸਨੇ ਪੁੱਛਗਿੱਛ ਦੌਰਾਨ ਆਪਣਾ ਜੁਰਮ ਕਬੂਲ ਕਰ ਲਿਆ ਹੈ। ਹੁਣ ਪੁਲਸ ਮਾਮਲੇ ਦੀ ਡੂੰਘਾਈ ਨਾਲ ਜਾਂਚ ਕਰ ਰਹੀ ਹੈ ਅਤੇ ਵਿਜੇ ਉਰਫ ਸੇਠੀ ਦੀ ਭੂਮਿਕਾ ਦੀ ਵੀ ਜਾਂਚ ਕਰ ਰਹੀ ਹੈ।