ਗੁਰਪ੍ਰੀਤ ਸਿੰਘ :- ਬਾਘਾਪੁਰਾਣਾ ਬਲਾਕ ਸੰਮਤੀ ਦੇ ਚੇਅਰਮੈਨ ਅਤੇ ਵਾਈਸ ਚੇਅਰਮੈਨ ਦੀ ਚੋਣ ਨੂੰ ਲੈ ਕੇ ਚੱਲ ਰਿਹਾ ਵਿਵਾਦ ਹੁਣ ਵੱਧਦਾ ਜਾ ਰਿਹਾ ਹੈ। ਹੁਣ ਇਸ ਮਾਮਲੇ ਸਬੰਧੀ ਪੰਜਾਬ ਅਤੇ ਹਰਿਆਣਾ ਹਾਈਕੋਰਟ ਨੇ ਬਾਘਾਪੁਰਾਣਾ ਦੇ ਐੱਸ. ਡੀ. ਐੱਮ. ਬਬਨਦੀਪ ਸਿੰਘ ਅਤੇ ਮੋਗਾ ਦੇ ਡਿਪਟੀ ਕਮਿਸ਼ਨਰ ਨੂੰ ਅੱਜ ਹੀ ਤਲਬ ਕਰ ਲਿਆ ਹੈ। ਅਦਾਲਤ ਨੇ ਇਹ ਹੁਕਮ ਕੌਂਸਲਰ ਵਲੋਂ ਪਾਈ ਗਈ ਪਟੀਸ਼ਨ ‘ਤੇ ਸੁਣਵਾਈ ਦੌਰਾਨ ਜਾਰੀ ਕੀਤਾ ਹੈ। ਦਰਅਸਲ ਬਾਘਾਪੁਰਾਣਾ ਦੇ ਐੱਸ. ਡੀ. ਐੱਮ. ਬਬਨਦੀਪ ਸਿੰਘ ਵਾਲੀਆ ਵਲੋਂ 17 ਮਾਰਚ ਨੂੰ ਡਿਪਟੀ ਕਮਿਸ਼ਨਰ ਮੋਗਾ ਨੂੰ ਭੇਜੀ ਗਈ ਇਕ ਚਿੱਠੀ ‘ਚ ਦਰਸਾਇਆ ਗਿਆ ਸੀ ਕਿ ਲਾਅ ਐਂਡ ਆਰਡਰ ਦੀ ਨਾਜ਼ੁਕ ਸਥਿਤੀ ਕਾਰਨ ਚੋਣ ਪ੍ਰਕਿਰਿਆ ਪੂਰੀ ਨਹੀਂ ਹੋ ਸਕੀ।
ਮਾਮਲੇ ਨੇ ਲਿਆ ਨਵਾਂ ਮੋੜ
ਇਸ ਨਾਲ ਇਹ ਗੱਲ ਸਪੱਸ਼ਟ ਹੋਈ ਸੀ ਕਿ ਚੇਅਰਮੈਨ ਅਤੇ ਵਾਈਸ ਚੇਅਰਮੈਨ ਦੀ ਚੋਣ ਅਧੂਰੀ ਰਹਿ ਗਈ ਸੀ ਪਰ ਹੁਣ ਮਾਮਲੇ ਨੇ ਉਸ ਵੇਲੇ ਨਵਾਂ ਮੋੜ ਲਿਆ, ਜਦੋਂ ਐੱਸ. ਡੀ. ਐੱਮ ਵੱਲੋਂ ਚੀਫ ਸੈਕਟਰੀ ਚੰਡੀਗੜ੍ਹ ਨੂੰ ਅੱਧੀ ਰਾਤ ਕਰੀਬ 3:13 ਵਜੇ ਭੇਜੀ ਗਈ ਇੱਕ ਹੋਰ ਚਿੱਠੀ ਸਾਹਮਣੇ ਆਈ ਹੈ। ਰਾਤ ਦੇ ਸਮੇਂ ਭੇਜੀ ਗਈ ਇਸ ਚਿੱਠੀ ਨੇ ਕਈ ਸਵਾਲ ਖੜ੍ਹੇ ਕਰ ਦਿੱਤੇ ਹਨ ਕਿ ਆਖ਼ਰ ਕਿਹੜੀ ਅਜਿਹੀ ਤਤਕਾਲੀ ਸਥਿਤੀ ਬਣੀ, ਜਿਸ ਕਾਰਨ ਉੱਚ ਅਧਿਕਾਰੀਆਂ ਨੂੰ ਤੁਰੰਤ ਸੂਚਿਤ ਕਰਨਾ ਲਾਜ਼ਮੀ ਸਮਝਿਆ ਗਿਆ। ਇਸ ਮਾਮਲੇ ਨੂੰ ਲੈ ਕੇ ਸਿਆਸੀ ਪੱਖ ਵੀ ਖੁੱਲ੍ਹ ਕੇ ਮੈਦਾਨ ‘ਚ ਆ ਗਏ ਹਨ।
ਸਾਬਕਾ ਕੈਬਨਿਟ ਮੰਤਰੀ ਬਿਕਰਮਜੀਤ ਸਿੰਘ ਮਜੀਠੀਆ ਨੇ ਸੋਸ਼ਲ ਮੀਡੀਆ ’ਤੇ ਲਾਈਵ ਹੋ ਕੇ ਡਿਪਟੀ ਕਮਿਸ਼ਨਰ ਅਤੇ ਸਥਾਨਕ ਵਿਧਾਇਕ ’ਤੇ ਗੰਭੀਰ ਦੋਸ਼ ਲਗਾਏ ਹਨ। ਉਨ੍ਹਾਂ ਨੇ ਪੂਰੇ ਮਾਮਲੇ ਦੀ ਨਿਰਪੱਖ ਜਾਂਚ ਦੀ ਮੰਗ ਕਰਦਿਆਂ ਪ੍ਰਸ਼ਾਸਨ ਦੀ ਭੂਮਿਕਾ ’ਤੇ ਸਵਾਲ ਉਠਾਏ ਹਨ। ਇਸ ਦੇ ਨਾਲ ਹੀ ਮੋਗਾ ਵਿਖੇ ਹੋਈ ਸ਼੍ਰੋਮਣੀ ਅਕਾਲੀ ਦਲ ਦੀ ‘ਪੰਜਾਬ ਬਚਾਓ’ ਰੈਲੀ ਦੌਰਾਨ ਪਾਰਟੀ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਵੀ ਸਰਕਾਰ, ਡਿਪਟੀ ਕਮਿਸ਼ਨਰ ਅਤੇ ਹਲਕਾ ਵਿਧਾਇਕ ਨੂੰ ਨਿਸ਼ਾਨਾ ਬਣਾਇਆ। ਹੁਣ ਇਸ ਮਾਮਲੇ ‘ਚ ਹਾਈਕੋਰਟ ਦੀ ਐਂਟਰੀ ਹੋ ਗਈ ਹੈ।
