ਰਾਜੀਵ ਸ਼ਰਮਾ :- ਇੱਕ ਅਮਰੀਕੀ ਜੱਜ ਨੇ ਨਿਆਂ ਵਿਭਾਗ ਨੂੰ ਭਾਰਤੀ ਕਾਰੋਬਾਰੀ ਗੌਤਮ ਅਡਾਨੀ ਵਿਰੁੱਧ ਅਪਰਾਧਿਕ ਦੋਸ਼ਾਂ ਨੂੰ ਵਾਪਸ ਲੈਣ ਦੇ ਫੈਸਲੇ ‘ਤੇ ਨਵੇਂ ਹੁਕਮ ਜਾਰੀ ਕੀਤੇ ਹਨ। ਅਦਾਲਤ ਨੇ ਕਿਹਾ ਕਿ ਨਿਆਂ ਵਿਭਾਗ ਦੱਸੇ ਕਿ ਗੌਤਮ ਅਡਾਨੀ ਵਿਰੁੱਧ ਉਨ੍ਹਾਂ ਨੂੰ ਕਲੀਨ ਚਿੱਟ ਦੇਣ ਦਾ ਫੈਸਲਾ ਲਿਆ ਗਿਆ ਹੈ ਉਹ ਕਿਵੇਂ ਸਹੀ ਹੈ ? ਇਸ ਮਾਮਲੇ ‘ਚ ਅਦਾਲਤ ਵੱਲੋਂ ਕਾਰਨ ਦੱਸਣ ਦੇ ਨਿਰਦੇਸ਼ ਦਿੱਤੇ ਹਨ। ਇਸ ‘ਤੇ ਅਦਾਲਤ ਨੇ ਅਡਾਨੀ ਦੇ ਵਕੀਲਾਂ ਦੀ ਕੇਸ ਨੂੰ ਰਸਮੀ ਤੌਰ ‘ਤੇ ਖਾਰਜ ਕਰਨ ਦੀ ਬੇਨਤੀ ‘ਤੇ ਤੁਰੰਤ ਫੈਸਲਾ ਦੇਣ ਤੋਂ ਇਨਕਾਰ ਕਰ ਦਿੱਤਾ ਹੈ।
ਜੱਜ ਨੇ ਕਿਹਾ ਕਿ ਸਰਕਾਰੀ ਵਕੀਲਾਂ ਨੇ ਨੋਟਿਸ ਦੇ ਫੈਸਲੇ ਦਾ ਪੂਰਾ ਵੇਰਵਾ ਨਹੀਂ ਦਿੱਤਾ। ਗਰਾਉਫਿਸ ਨੇ ਕਿਹਾ ਕਿ ਸਰਕਾਰ ਦਾ ਸੰਖੇਪ, ਸਪੱਸ਼ਟ ਅਤੇ ਸਮਾਪਤੀ ਬਿਆਨ ਅਦਾਲਤ ਨੂੰ ਕਿਸੇ ਵੀ ਸਿੱਟੇ ‘ਤੇ ਪਹੁੰਚਣ ਲਈ ਆਧਾਰ ਪ੍ਰਦਾਨ ਕਰਨ ਲਈ ਨਾਕਾਫ਼ੀ ਹੈ, ਅਤੇ ਅਧੂਰੀ ਰਿਪੋਰਟ ਕਾਰਨ ਕੇਸ ਨੂੰ ਖਾਰਜ ਕਰਨ ਦੇ ਸਰਕਾਰ ਦੇ ਫੈਸਲੇ ਦਾ ਸਿੱਟਾ ਕੱਢਣਾ ਔਖਾ ਹੈ।
ਦਰਅਸਲ ਉੱਘੇ ਭਾਰਤੀ ਉਦਯੋਗਪਤੀ ਗੌਤਮ ਅਡਾਨੀ ਦੇ ਵਕੀਲਾਂ ਨੇ ਬੁੱਧਵਾਰ, 24 ਜੂਨ ਨੂੰ ਇੱਕ ਅਮਰੀਕੀ ਜੱਜ ਨੂੰ ਰਸਮੀ ਤੌਰ ‘ਤੇ ਅਮਰੀਕਾ ਵਿੱਚ ਉਨ੍ਹਾਂ ਵਿਰੁੱਧ ਅਪਰਾਧਿਕ ਦੋਸ਼ਾਂ ਨੂੰ ਖਾਰਜ ਕਰਨ ਦੀ ਬੇਨਤੀ ਕੀਤੀ ਗਈ ਸੀ। ਇਹ ਕਦਮ ਨਿਆਂ ਵਿਭਾਗ ਦੇ ਪਿਛਲੇ ਮਹੀਨੇ ਕਹਿਣ ਤੋਂ ਬਾਅਦ ਕੀਤਾ ਗਿਆ ਸੀ ਕਿ ਉਹ ਹੁਣ ਸਰਕਾਰ ਮਾਮਲੇ ਦੀ ਪੈਰਵੀ ਨਹੀਂ ਕਰੇਗੀ। ਇਸ ਦੇ ਨਾਲ ਹੀ ਸੰਘੀ ਵਕੀਲਾਂ ਨੇ 18 ਮਈ ਨੂੰ ਐਲਾਨ ਕੀਤਾ ਸੀ ਕਿ ਉਹ ਇਸ ਮਾਮਲੇ ਵਿੱਚ ਹੋਰ ਮੁਕੱਦਮਾ ਨਹੀਂ ਚਲਾਉਣਗੇ। ਅਡਾਨੀ ‘ਤੇ ਰਿਸ਼ਵਤਖੋਰੀ ਯੋਜਨਾ ਨਾਲ ਸਬੰਧਤ ਪ੍ਰਤੀਭੂਤੀਆਂ ਧੋਖਾਧੜੀ ਅਤੇ ਵਾਇਰ ਧੋਖਾਧੜੀ ਦਾ ਦੋਸ਼ ਲਗਾਇਆ ਗਿਆ ਸੀ। ਅਡਾਨੀ ਦੇ ਵਕੀਲਾਂ ਨੇ ਬਾਅਦ ਵਿੱਚ ਬੁੱਧਵਾਰ ਨੂੰ ਬਰੁਕਲਿਨ ਦੇ ਅਮਰੀਕੀ ਜ਼ਿਲ੍ਹਾ ਜੱਜ ਨਿਕੋਲਸ ਗਰਾਉਫਿਸ ਨੂੰ ਕੇਸ ਨੂੰ ਰਸਮੀ ਤੌਰ ‘ਤੇ ਖਾਰਜ ਕਰਨ ਦੀ ਬੇਨਤੀ ਕੀਤੀ ਸੀ।
ਜਿਸ ਦੇ ਜਵਾਬ ‘ਚ ਅਮਰੀਕੀ ਜੱਜ ਨੇ ਭਾਰਤੀ ਕਾਰੋਬਾਰੀ ਗੌਤਮ ਅਡਾਨੀ ਵਿਰੁੱਧ ਅਪਰਾਧਿਕ ਦੋਸ਼ਾਂ ‘ਤੇ ਉਸ ਨੂੰ ਤੁਰੰਤ ਰਾਹਤ ਦੇਣ ਤੋਂ ਇਨਕਾਰ ਕਰ ਦਿੱਤਾ ਹੈ ਅਤੇ ਇਸ ਫੈਸਲੇ ਦੀ ਪੂਰੀ ਰਿਪੋਰਟ ਦੀ ਮੰਗ ਕੀਤੀ ਹੈ।
