ਨੈਸ਼ਨਲ ਟਾਈਮਜ਼ ਬਿਊਰੋ :- ਤਖ਼ਤ ਸ੍ਰੀ ਹਰਿਮੰਦਰ ਜੀ ਪਟਨਾ ਸਾਹਿਬ ਦੇ ਗ੍ਰੰਥੀ ਸਿੰਘਾਂ ਵੱਲੋਂ 21 ਮਈ ਨੂੰ ਜਾਰੀ ਕੀਤੇ ਫ਼ੈਸਲੇ ਨੇ ਸਿੱਖ ਜਗਤ ਵਿਚ ਨਵਾਂ ਵਿਵਾਦ ਖੜਾ ਕਰ ਦਿੱਤਾ ਹੈ। ਇਸ ਫ਼ੈਸਲੇ ਦੀ ਸਖ਼ਤ ਨਿੰਦਾ ਕਰਦਿਆਂ ਤਖ਼ਤ ਸ੍ਰੀ ਦਮਦਮਾ ਸਾਹਿਬ ਦੇ ਪੰਜ ਪਿਆਰੇ ਸਾਹਿਬਾਨਾਂ ਨੇ ਅੱਜ ਇਕੱਠ ਹੋ ਕੇ ਗੁਰਮਤਾ ਪਾਸ ਕੀਤਾ ਹੈ ਜਿਸ ਵਿੱਚ ਇਸ ਫ਼ੈਸਲੇ ਨੂੰ “ਪੰਥ ਵਿਰੋਧੀ, ਗੈਰ ਸਿਧਾਂਤਕ ਅਤੇ ਗੈਰ ਵਾਜਬ” ਕਰਾਰ ਦਿੱਤਾ ਗਿਆ।
ਪੰਜ ਪਿਆਰੇ ਸਾਹਿਬਾਨਾਂ ਨੇ ਆਪਣੇ ਗੁਰਮਤੇ ਰਾਹੀਂ ਪਟਨਾ ਸਾਹਿਬ ਦੇ ਪੰਜ ਪਿਆਰੇ ਸਿੰਘਾਂ ਵੱਲੋਂ ਲਏ ਗਏ ਫ਼ੈਸਲੇ ‘ਤੇ ਸਵਾਲ ਚੁੱਕਦੇ ਹੋਏ ਕਿਹਾ ਕਿ ਇਹ ਪੰਥਕ ਏਕਤਾ ਨੂੰ ਢਾਹ ਲਾਉਣ ਵਾਲਾ ਕਦਮ ਹੈ ਜੋ ਸਿੱਖ ਕੌਮ ਦੀ ਏਕਤਾ ਅਤੇ ਆਸਥਾ ਨੂੰ ਝਟਕਾ ਦੇ ਸਕਦਾ ਹੈ।
ਉਨ੍ਹਾਂ ਨੇ ਯਾਦ ਦਿਵਾਇਆ ਕਿ ਜਦੋਂ ਤੋਂ ਸ੍ਰੀ ਅਕਾਲ ਤਖਤ ਸਾਹਿਬ ਦੀ ਸਥਾਪਨਾ ਹੋਈ ਹੈ, ਇਹ ਸਿੱਖ ਕੌਮ ਲਈ ਸਰਬ ਉੱਚ ਅਥਾਰਟੀ ਹੈ ਅਤੇ ਸਾਰੇ ਮਸਲੇ ਇਥੇ ਹੀ ਲਿਆਂਦੇ ਜਾਂਦੇ ਹਨ। ਸ੍ਰੀ ਅਕਾਲ ਤਖਤ ਸਾਹਿਬ ਦੇ ਫ਼ੈਸਲਿਆਂ ਨੂੰ ਸਾਰੀ ਸੰਗਤ ਸਵੀਕਾਰ ਕਰਦੀ ਆਈ ਹੈ।
ਗੁਰਮਤੇ ਵਿੱਚ ਇਹ ਵੀ ਉੱਲੇਖ ਕੀਤਾ ਗਿਆ ਕਿ ਸਿੱਖ ਰਹਿਤ ਮਰਿਆਦਾ ਦੇ ਪੰਨਾ ਨੰਬਰ 32 ਤੇ ਸਿਰਲੇਖ ਨੰਬਰ 4 ਅਨੁਸਾਰ ਕਿਸੇ ਵੀ ਸਵਾਲ ‘ਤੇ ਮਤਾ ਪਾਸ ਹੋ ਸਕਦਾ ਹੈ। ਸਿਰਲੇਖ ਨੰਬਰ 5 ਮੁਤਾਬਕ, ਸਿਰਫ਼ ਸਥਾਨਕ ਗੁਰਸੰਗਤ ਦੇ ਫ਼ੈਸਲੇ ਦੀ ਹੀ ਅਪੀਲ ਸ੍ਰੀ ਅਕਾਲ ਤਖਤ ਸਾਹਿਬ ਕੋਲ ਕੀਤੀ ਜਾ ਸਕਦੀ ਹੈ, ਨਾ ਕਿ ਵੱਖਰਾ ਹੁਕਮ ਜਾਰੀ ਕੀਤਾ ਜਾ ਸਕੇ।
ਪੰਜ ਪਿਆਰੇ ਸਾਹਿਬਾਨਾਂ ਨੇ ਸਾਫ਼ ਕੀਤਾ ਕਿ ਅਜਿਹਾ ਕੋਈ ਵੀ ਕਦਮ ਜੋ ਸ੍ਰੀ ਅਕਾਲ ਤਖਤ ਸਾਹਿਬ ਦੀ ਸਰਬਸੰਮਤੀ ਅਤੇ ਸਿੱਖ ਮਰਿਆਦਾ ਤੋਂ ਇਲਾਵਾ ਹੋਵੇ, ਉਹ ਨਾਂ ਸਿਰਫ਼ ਗੈਰ ਵਾਜਬ ਹੈ, ਸਗੋਂ ਪੰਥ ਦੇ ਵਿਘਨ ਦਾ ਕਾਰਨ ਵੀ ਬਣ ਸਕਦਾ ਹੈ।
