ਨੈਸ਼ਨਲ ਟਾਈਮਜ਼ ਬਿਊਰੋ :- ਭਗਵਾਨ ਸ਼੍ਰੀ ਰਾਮ ਚੰਦਰ ਜੀ ਦੇ ਜੀਵਨ ਤੇ ਅਧਾਰਤ ਸ੍ਰੀ ਰਾਮ ਲੀਲ੍ਹਾ ਦਾ ਹਰ ਸਾਲ ਮੰਚਨ ਕਰਨ ਦਾ ਉਦੇਸ਼ ਉਨ੍ਹਾਂ ਦੇ ਜੀਵਨ ਤੋਂ ਪ੍ਰੇਰਨਾ ਲੈ ਕੇ ਆਪਣਾ ਜੀਵਨ ਸਫਲ ਢੰਗ ਨਾਲ ਜੀਣਾ ਅਤੇ ਇੱਕ ਬਿਹਤਰ ਸਮਾਜ ਦੀ ਸਿਰਜਣਾ ਵਿੱਚ ਸਹਾਈ ਹੋਣ ਦਾ ਸੰਦੇਸ਼ ਦੇਣਾ ਹੈ । ਰਾਮ ਲੀਲ੍ਹਾ ਕੋਈ ਮਨੋਰੰਜਨ ਦਾ ਸਾਧਨ ਨਹੀਂ ਹੈ ਬਲਕਿ ਰਾਮ ਲੀਲ੍ਹਾ ਸਮਾਜਿਕ, ਧਾਰਮਿਕ ਅਤੇ ਸਿਆਸੀ ਪੱਖੋਂ ਵੀ ਵਿਅਕਤੀ ਦਾ ਸਮਾਜ ਵਿੱਚ ਚੰਗਾ ਰੋਲ ਨਿਰਧਾਰਤ ਕਰਦੀ ਹੈ।

ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਜ਼ਿਲ੍ਹਾ ਯੋਜਨਾ ਬੋਰਡ ਮੋਹਾਲੀ ਦੇ ਸਾਬਕਾ ਚੇਅਰਮੈਨ ਸ੍ਰੀ ਕ੍ਰਿਸ਼ਨ ਪਾਲ ਸ਼ਰਮਾਂ ਨੇ ਉਤਰਾਂਚਲ ਸਭਾ ਡੇਰਾ ਬੱਸੀ ਵਲੋਂ ਆਯੋਜਿਤ ਰਾਮ ਲੀਲ੍ਹਾ ਦਾ ਉਦਘਾਟਨ ਕਰਣ ਉਪਰੰਤ ਜੁੜੇ ਇਕੱਠ ਨੂੰ ਸੰਬੋਧਨ ਕਰਦਿਆਂ ਕੀਤਾ, ਉਨ੍ਹਾਂ ਨੇ ਰਾਮ ਲੀਲ੍ਹਾ ਦੇ ਮੰਚਨ ਦੌਰਾਨ ਧਾਰਮਿਕ ਭਾਵਨਾਵਾਂ ਅਤੇ ਮਰਿਆਦਾ ਦਾ ਵਿਸ਼ੇਸ਼ ਧਿਆਨ ਰੱਖਣ ਤੇ ਜ਼ੋਰ ਦਿੰਦਿਆਂ ਕਿਹਾ ਕਿ ਇਨ੍ਹਾਂ ਸਮਾਗਮਾਂ ਵਿੱਚ ਕਈ ਸਟੇਜਾਂ ਤੇ ਲੱਚਰਤਾ ਸਾਡੇ ਸਮਾਜ ਵਿੱਚ ਆਈ ਗਿਰਾਵਟ ਦਾ ਅਹਿਸਾਸ ਕਰਵਾਂਦੀ ਹੈ,ਇਸ ਤੋਂ ਗੁਰੇਜ਼ ਕੀਤਾ ਜਾਣਾ ਚਾਹੀਦਾ ਹੈ
ਭਗਵਾਨ ਸ਼੍ਰੀ ਰਾਮ ਦੀ ਲੀਲ੍ਹਾ ਸਾਡੇ ਪਰਿਵਾਰਾਂ ਵਿੱਚ ਵੀ ਹਰ ਰਿਸ਼ਤੇ ਦਾ ਰੋਲ ਨਿਰਧਾਰਤ ਕਰਦੀ ਹੈ, ਜਿਸ ਤੋਂ ਸਬਕ ਲੈ ਕੇ ਅੱਜ ਪਰਿਵਾਰਾਂ ਅਤੇ ਸਮਾਜ ਵਿੱਚ ਆ ਰਹੀ ਗਿਰਾਵਟ ਤੋਂ ਕਾਫ਼ੀ ਹੱਦ ਤੱਕ ਬਚਿਆ ਜਾ ਸਕਦਾ ਹੈ ਅਤੇ ਇੱਕ ਚੰਗੇ ਅਤੇ ਨਰੋਏ ਸਮਾਜ ਦੀ ਸਿਰਜਣਾ ਕਰਨ ਦੀ ਕੋਸ਼ਿਸ਼ ਕੀਤੀ ਜਾ ਸਕਦੀ ਹੈ, ਉਨ੍ਹਾਂ ਕਿਹਾ ਕਿ ੳਤਰਾਂਚਲ ਸਭਾ ਪਿਛਲੇ ਪੱਚੀ ਸਾਲਾਂ ਤੋਂ ਲਗਾਤਾਰ ਧਾਰਮਿਕ ਅਤੇ ਸਮਾਜਿਕ ਖੇਤਰ ਵਿੱਚ ਮੋਹਰੀ ਰੋਲ ਅਦਾ ਕਰਦੀ ਆ ਰਹੀ ਹੈ ਅਤੇ ਉਹ ਉਦੋਂ ਤੋਂ ਹੀ ਸਭਾ ਦਾ ਮੈਂਬਰ ਹੋਣ ਤੇ ਮਾਣ ਮਹਿਸੂਸ ਕਰਦੇ ਹਨ ।
ਇਸ ਮੌਕੇ ਆਪਣੇ ਸੰਬੋਧਨ ਦੌਰਾਨ ਸਭਾ ਦੇ ਪ੍ਰਧਾਨ ਜਗਦੀਸ਼ ਪਰਸ਼ਾਦ ਸੇਮਵਾਲ ਨੇ ਕਿਹਾ ਕਿ ਸ੍ਰੀ ਕ੍ਰਿਸ਼ਨ ਪਾਲ ਸ਼ਰਮਾਂ ਪਿਛਲੇ ਪੱਚੀ ਸਾਲਾਂ ਤੋਂ ਲਗਾਤਾਰ ਸਭਾ ਦਾ ਅਹਿਮ ਹਿੱਸਾ ਰਹੇ ਹਨ ਅਤੇ ਸਭਾ ਨੂੰ ਇਸ ਤੇ ਮਾਣ ਹੈ ।ਸ੍ਰੀ ਸ਼ਰਮਾ ਵੱਲੋਂ ਆਏ ਪਤਵੰਤੇ ਸੱਜਣਾਂ ਦਾ ਸਨਮਾਨ ਕੀਤਾ ਗਿਆ ਅਤੇ ਸਭਾ ਵੱਲੋਂ ਉਨ੍ਹਾਂ ਨੂੰ ਸਨਮਾਨ ਚਿੰਨ੍ਹ ਭੇਟ ਕੀਤੇ ਗਏ ।
ਇਸ ਮੌਕੇ ਮਾਰਕੀਟ ਕਮੇਟੀ ਡੇਰਾ ਬੱਸੀ ਦੇ ਸਾਬਕਾ ਚੇਅਰਮੈਨ ਚਾਂਦ ਰਾਣਾ ,ਐਡਵੋਕੇਟ ਰਾਹੁਲ ਸ਼ਰਮਾ, ਏ.ਪੀ.ਡੋਭਾਲ, ਜਗਦੀਸ਼ ਪ੍ਰਸਾਦ, ਜੀ.ੲੈਮ. ਚਮੋਲੀ ਸਮੇਤ ਕਈ ਹੋਰ ਪਤਵੰਤੇ ਸੱਜਣ ਹਾਜ਼ਰ ਸਨ ।
