ਸਾਬਕਾ ਪੁਲਸ ਇੰਸਪੈਕਟਰ ਦਾ ਕਾਰਨਾਮਾ ਕਰੇਗਾ ਹੈਰਾਨ, ਲਿਫ਼ਟ ਦੇਣ ਮਗਰੋਂ ਅੰਮ੍ਰਿਤਧਾਰੀ ਬਜ਼ੁਰਗ ਨਾਲ ਕਰ ‘ਤਾ ਵੱਡਾ ਕਾਂਡ

ਜਲੰਧਰ- ਆਦਮਪੁਰ ਪੁਲਸ ਸਟੇਸ਼ਨ ਅਧੀਨ ਆਉਂਦੇ ਕਪੂਰ ਪਿੰਡ ਦੇ ਕਠਾਰ ਚੌਂਕ ‘ਤੇ ਇਕ ਹੈਰਾਨ ਕਰਨ ਵਾਲੀ ਘਟਨਾ ਸਾਹਮਣੇ ਆਈ ਹੈ। ਇਥੇ ਇਕ ਅੰਮ੍ਰਿਤਧਾਰੀ ਬਜ਼ੁਰਗ ਵਿਅਕਤੀ ਨੂੰ ਲਿਫ਼ਟ ਮੰਗਣੀ ਮਹਿੰਗੀ ਪੈ ਗਈ ਹੈ। ਸਾਬਕਾ ਪੁਲਸ ਇੰਸਪੈਕਟਰ ਨੇ ਬਜ਼ੁਰਗ ਵਿਅਕਤੀ ਨੂੰ ਧੱਕਾ ਦੇ ਕੇ ਜ਼ਮੀਨ ‘ਤੇ ਸੁੱਟ ਦਿੱਤਾ ਅਤੇ ਕੁੱਟਮਾਰ ਵੀ ਕੀਤੀ।

ਮਿਲੀ ਜਾਣਕਾਰੀ ਮੁਤਾਬਕ ਹੁਸ਼ਿਆਰਪੁਰ ਦੇ ਬਡਾਲਾ ਮਾਹੀ ਪਿੰਡ ਦੇ ਇਕ ਬਜ਼ੁਰਗ ਵਿਅਕਤੀ ਜਗਦੇਵ ਸਿੰਘ ਨੇ ਪੁਲਸ ਸ਼ਿਕਾਇਤ ਦਰਜ ਕਰਵਾਈ ਹੈ। ਬਜ਼ੁਰਗ ਵਿਅਕਤੀ ਨੇ ਦੱਸਿਆ ਕਿ ਉਹ ਬੀਤੇ ਦਿਨ ਦੁਪਹਿਰ ਵੇਲੇ ਜਲੰਧਰ ਦੇ ਬੱਸ ਤੋਂ ਉਤਰਿਆ ਸੀ ਅਤੇ ਕਪੂਰ ਪਿੰਡ ( ਕਠਾਰ ਚੌਕ ) ‘ਤੇ ਖੜ੍ਹਾ ਸੀ। ਉਸ ਨੇ ਇਕ ਸਕੂਟਰੀ ਚਾਲਕ ਨੂੰ ਲਿਫ਼ਟ ਲਈ ਇਸ਼ਾਰਾ ਕੀਤਾ। ਬਜ਼ੁਰਗ ਵਿਅਕਤੀ ਦਾ ਦੋਸ਼ ਹੈ ਕਿ ਸਕੂਟਰੀ ਰੋਕਣ ਤੋਂ ਬਾਅਦ ਚਾਲਕ ਨੇ ਉਸ ਨੂੰ ਜ਼ੋਰ ਨਾਲ ਧੱਕਾ ਦਿੱਤਾ, ਜਿਸ ਕਾਰਨ ਉਹ ਜ਼ਮੀਨ ‘ਤੇ ਡਿੱਗ ਪਿਆ। ਬਜ਼ੁਰਗ ਪੀੜਤ ਨੇ ਅੱਗੇ ਦੱਸਿਆ ਕਿ ਸਾਬਕਾ ਇੰਸਪੈਕਟਰ ਨੇ ਨਾ ਸਿਰਫ਼ ਉਸ ਦੀ ਪੱਗ ਉਤਾਰੀ, ਸਗੋਂ ਉਸ ਦੇ ਵਾਲ ਫੜ ਕੇ ਬੇਰਹਿਮੀ ਕੁੱਟਮਾਰ ਵੀ ਕੀਤੀ ਅਤੇ ਫਿਰ ਮੌਕੇ ਤੋਂ ਭੱਜ ਗਿਆ। ਇਹ ਸਾਰੀ ਘਟਨਾ ਨੇੜੇ ਲੱਗੇ ਸੀ. ਸੀ. ਟੀ. ਵੀ. ਕੈਮਰੇ ਵਿੱਚ ਕੈਦ ਹੋ ਗਈ। ਪੀੜਤ ਜਗਦੇਵ ਸਿੰਘ ਆਪਣੇ ਪਰਿਵਾਰ ਅਤੇ ਪਿੰਡ ਵਾਸੀਆਂ ਨਾਲ ਆਦਮਪੁਰ ਪੁਲਸ ਸਟੇਸ਼ਨ ਗਿਆ ਅਤੇ ਲਿਖਤੀ ਸ਼ਿਕਾਇਤ ਦਰਜ ਕਰਵਾਈ।

ਪੁਲਸ ਨੇ ਕਾਰਵਾਈ ਦਾ ਦਿੱਤਾ ਭਰੋਸਾ
ਉਥੇ ਹੀ ਇਸ ਮਾਮਲੇ ਵਿਚ ਥਾਣਾ ਮੁਖੀ ਰਵਿੰਦਰਪਾਲ ਸਿੰਘ ਨੇ ਕਿਹਾ ਕਿ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ ਅਤੇ ਦੋਸ਼ੀ ਵਿਰੁੱਧ ਸਖ਼ਤ ਕਾਰਵਾਈ ਕੀਤੀ ਜਾਵੇਗੀ। ਉਕਤ ਮੁਲਜ਼ਮ ਬੁੱਲੋਵਾਲ ਪੁਲਸ ਸਟੇਸ਼ਨ ਹੁਸ਼ਿਆਰਪੁਰ ਤੋਂ ਲਗਭਗ ਦੋ ਸਾਲ ਪਹਿਲਾਂ ਪੁਲਸ ਇੰਸਪੈਕਟਰ ਵਜੋਂ ਸੇਵਾਮੁਕਤ ਹੋਇਆ ਸੀ। ਪਿੰਡ ਵਾਸੀਆਂ ਅਤੇ ਪਰਿਵਾਰ ਨੇ ਚਿਤਾਵਨੀ ਦਿੱਤੀ ਹੈ ਕਿ ਜੇਕਰ ਪੁਲਸ ਨੇ ਸਮੇਂ ਸਿਰ ਕਾਰਵਾਈ ਨਹੀਂ ਕੀਤੀ ਤਾਂ ਉਹ ਸਿੱਖ ਸਮੂਹਾਂ ਦੇ ਸਹਿਯੋਗ ਨਾਲ ਇਕ ਵੱਡਾ ਵਿਰੋਧ ਪ੍ਰਦਰਸ਼ਨ ਕਰਨਗੇ।

By Gurpreet Singh

Leave a Reply

Your email address will not be published. Required fields are marked *