ਨਵਾਂਸ਼ਹਿਰ- ਜਲੰਧਰ ਸਿਵਲ ਹਸਪਤਾਲ ਵਿੱਚ ਆਕਸੀਜ਼ਨ ਸਪਲਾਈ ਬੰਦ ਹੋਣ ਦੇ ਮਾਮਲੇ ਵਿੱਚ ਕਥਿਤ ਲਾਪਰਵਾਹੀ ਦੇ ਚੱਲਦੇ ਤਿੰਨ ਮੌਤਾਂ ਤੋਂ ਬਾਅਦ ਪੰਜਾਬ ਸਰਕਾਰ ਐਕਸ਼ਨ ਵਿੱਚ ਆ ਗਈ ਹੈ। ਵੀਰਵਾਰ ਨੂੰ ਸਿਹਤ ਮੰਤਰੀ ਪੰਜਾਬ ਡਾ. ਬਲਵੀਰ ਸਿੰਘ ਨੇ ਸਰਕਾਰੀ ਛੁੱਟੀ ਹੋਣ ਦੇ ਬਾਵਜੂਦ ਸਿਵਲ ਹਸਪਤਾਲ ਨਵਾਂਸ਼ਹਿਰ ਦੀ ਅਚਾਨਕ ਚੈਕਿੰਗ ਕੀਤੀ। ਇਸ ਦੌਰਾਨ ਉਨ੍ਹਾਂ ਨੇ ਸਿਵਲ ਹਸਪਤਾਲ ਨਵਾਂਸ਼ਹਿਰ ਵਿੱਚ ਲੱਗੇ ਆਕਸੀਜ਼ਨ ਪਲਾਂਟ ਅਤੇ ਬਿਜਲੀ ਘਰ ਦਾ ਨਿਰੀਖਣ ਕੀਤਾ।

ਇਸ ਮੌਕੇ ‘ਤੇ ਸਿਹਤ ਮੰਤਰੀ ਨੇ ਵਿਭਾਗ ਦੇ ਅਧਿਕਾਰੀਆਂ ਨੂੰ ਹਸਪਤਾਲ ਵਿੱਚ ਆਈ. ਸੀ. ਯੂ, ਆਪ੍ਰੇਸ਼ਨ ਥੀਏਟਰ ਅਤੇ ਐਮਰਜੈਂਸੀ ਵਾਰਡ ਵਰਗੀਆਂ ਮਹੱਤਵਪੂਰਨ ਇਕਾਈਆਂ ‘ਚ ਨਿਰਵਿਘਨ ਆਕਸੀਜ਼ਨ ਸਪਲਾਈ ਅਤੇ ਬਿਜਲੀ ਬੈਕਅਪ ਯਕੀਨੀ ਬਣਾਉਣ ਦੇ ਸਖਤ ਆਦੇਸ਼ ਜਾਰੀ ਕੀਤੇ। ਇਸ ਮੌਕੇ ‘ਤੇ ਸਿਹਤ ਮੰਤਰੀ ਨੇ ਹਸਪਤਾਲ ਦੇ ਦੋਵੇਂ ਜਨਰੇਟਰਾਂ ਤੋਂ ਇਲਾਵਾ ਡੀਜ਼ਲ ਦੇ ਭਰੇ ਹੋਏ ਡਰੰਮਾਂ ਨੂੰ ਵੀ ਚੈੱਕ ਕੀਤਾ। ਇਸ ਤੋਂ ਬਾਅਦ ਉਨ੍ਹਾਂ ਹਸਪਤਾਲ ਵਿੱਚ ਦਵਾਈ ਦੇ ਸਟੋਰ ਦੀ ਵੀ ਚੈਕਿੰਗ ਕੀਤੀ। ਉਨ੍ਹਾਂ ਨੇ ਡਾਕਟਰਾਂ ਨੂੰ ਆਦੇਸ਼ ਦਿੱਤਾ ਕਿ ਸਰਕਾਰ ਵੱਲੋਂ 360 ਤਰ੍ਹਾਂ ਦੀਆਂ ਦਵਾਈਆਂ ਮੁਫ਼ਤ ਉਪਲੱਬਧ ਕਰਵਾਈਆਂ ਗਈਆਂ ਹਨ। ਇਸ ਲਈ ਕਿਸੇ ਵੀ ਮਰੀਜ ਦੇ ਹੱਥ ਵਿੱਚ ਉਹ ਬਾਹਰਲੀ ਦਵਾਈ ਨਹੀਂ ਵੇਖਣਾ ਚਾਹੁੰਦੇ।

ਉਨ੍ਹਾਂ ਨੇ ਇਸ ਦੌਰਾਨ ਹਸਪਤਾਲ ਦੀ ਵਾਟਰ ਸਪਲਾਈ ਅਤੇ ਸੀਵਰੇਜ ਸਿਸਟਮ ਵੀ ਚੈੱਕ ਕੀਤਾ। ਹਸਪਤਾਲ ਵਿੱਚ ਤਾਇਨਾਤ ਡਾਕਟਰਾਂ ਦੀ ਹਾਜ਼ਰੀ ਨੂੰ ਵੀ ਚੈੱਕ ਕੀਤਾ। ਉਨ੍ਹਾਂ ਨੇ ਹਸਪਤਾਲ ਵਿੱਚ ਮਰੀਜ਼ਾਂ ਨਾਲ ਗੱਲਬਾਤ ਕਰਦੇ ਹੋਏ ਕਿਸੇ ਤਰ੍ਹਾਂ ਦੀ ਸਮੱਸਿਆ ਬਾਰੇ ਵੀ ਉਨ੍ਹਾਂ ਤੋ ਪੁੱਛਿਆ। ਇਸ ਮੌਕੇ ਪੱਤਰਕਾਰਾ ਨਾਲ ਗੱਲਬਾਤ ਕਰਦੇ ਹੋਏ ਸਿਹਤ ਮੰਤਰੀ ਨੇ ਦੱਸਿਆ ਕਿ ਰਾਜ ਦੇ ਸਾਰੇ ਸਰਕਾਰੀ ਹਸਪਤਾਲਾਂ ਵਿੱਚ 24 ਘੰਟੇ ਆਕਸੀਜ਼ਨ ਉਪਲਬੱਧਤਾ, 30 ਮਿੰਟ ਦੀ ਬੈਕਅਪ ਸੁਵਿਧਾ ਵਾਲੇ ਯੂ. ਪੀ. ਐੱਸ. ਸਿਸਟਮ ਅਤੇ ਪੂਰੀ ਤਰ੍ਹਾਂ ਕਾਰਜਸ਼ੀਲ ਜਨਰੇਟਰ ਸੈੱਟ ਜ਼ਰੂਰੀ ਹੋਣਗੇ। ਅਜਿਹੀ ਲਾਪ੍ਰਵਾਹੀ ਨੂੰ ਕਿਸੇ ਵੀ ਸੂਰਤ ਵਿੱਚ ਬਰਦਾਸ਼ਤ ਨਹੀਂ ਕੀਤਾ ਜਾਵੇਗਾ। ਇਸ ਮੌਕੇ ‘ਤੇ ਉਨ੍ਹਾਂ ਨਾਲ ਸਿਵਲ ਸਰਜਨ ਡਾ. ਗੁਰਿੰਦਰਜੀਤ ਸਿੰਘ , ਐੱਸ. ਐੱਮ. ਓ. ਡਾ. ਸਤਵਿੰਦਰ ਪਾਲ ਸਿੰਘ, ਚੀਫ਼ ਫਾਮਾਸਿਸਟ ਪ੍ਰਿੰਸ ਵੀ ਮੌਜੂਦ ਰਹੇ।

ਸਾਲ ਦੇ ਅੰਤ ‘ਚ ਸ਼ੁਰੂ ਹੋ ਜਾਵੇਗਾ ਮੈਡੀਕਲ ਕਾਲਜ ਦਾ ਪ੍ਰਾਜੈਕਟ
ਇਸ ਮੌਕੇ ‘ਤੇ ਸਿਹਤ ਮੰਤਰੀ ਡਾ. ਬਲਵੀਰ ਸਿੰਘ ਨੇ ਪੱਤਰਕਾਰਾਂ ਨੂੰ ਦੱਸਿਆ ਕਿ ਇਸ ਸਾਲ ਦੇ ਅੰਤ ਤੱਕ ਨਵਾਂਸ਼ਹਿਰ ਵਿੱਚ ਮੈਡੀਕਲ ਕਾਲਜ ਦਾ ਕੰਮ ਸ਼ੁਰੂ ਹੋ ਜਾਵੇਗਾ। ਇਸ ਦੇ ਨਾਲ ਹੀ ਸਿਵਲ ਹਸਪਤਾਲ ਵਿੱਚ ਸਥਾਪਤ ਕੀਤੇ ਗਏ ਬਲੱਡ ਬੈਂਕ ਲਈ ਵੀ ਡਾਕਟਰ ਉਪਲੱਬਧ ਕਰਵਾ ਕੇ ਜਲਦ ਕੰਮ ਸ਼ੁਰੂ ਕੀਤਾ ਜਾਵੇਗਾ।