ਅਗਲੇ ਦਿਨ ਸੀ ਕੁੜੀ ਦਾ ਵਿਆਹ, ਰਾਤੀਂ ਪਿੰਡ ‘ਚ ਪੈ ਗਈਆਂ ਭਾਜੜਾਂ, ਪੜ੍ਹੋ ਕੀ ਹੈ ਪੂਰੀ ਖ਼ਬਰ

ਗੁਰਦਾਸਪੁਰ : ਰਾਵੀ ਦਰਿਆ ਦੇ ਹੜ੍ਹਾਂ ਦੌਰਾਨ ਲੋਕਾਂ ਨੂੰ ਬਚਾਉਣ ਅਤੇ ਰਾਹਤ ਪਹੁੰਚਾਉਣ ਲਈ ਜ਼ਿਲ੍ਹਾ ਪ੍ਰਸ਼ਾਸਨ ਦੀਆਂ ਟੀਮਾਂ ਵੱਲੋਂ ਮਿਸਾਲੀ ਕੰਮ ਕੀਤਾ ਜਾ ਰਿਹਾ ਹੈ। ਬੀਤੇ ਦਿਨੀਂ ਹੜ੍ਹਾਂ ਦੌਰਾਨ ਐੱਸ. ਡੀ. ਐੱਮ. ਕਲਾਨੌਰ ਜਯੋਤਸਨਾ ਸਿੰਘ ਦੇ ਦਲੇਰੀ ਭਰੇ ਉਪਰਾਲੇ ਕਾਰਨ ਇੱਕ ਕੁੜੀ ਦੀ ਡੋਲੀ ਤੁਰ ਸਕੀ ਹੈ। ਕਲਾਨੌਰ ਦੇ ਨਜ਼ਦੀਕ ਪਿੰਡ ਸ਼ਾਲੇ ਚੱਕ ਦੀ ਵਸਨੀਕ ਮੁਟਿਆਰ ਕਰਮੀ ਪੁੱਤਰੀ ਬੂਆ ਮਸੀਹ ਦਾ ਵਿਆਹ 28 ਅਗਸਤ ਨੂੰ ਬਟਾਲਾ ਦੇ ਇੱਕ ਨੌਜਵਾਨ ਨਾਲ ਹੋਣਾ ਤੈਅ ਹੋਇਆ ਸੀ। ਅਚਾਨਕ 27 ਅਗਸਤ ਦੀ ਰਾਤ ਨੂੰ ਆਏ ਹੜ੍ਹ ਕਾਰਨ ਪਿੰਡ ਸ਼ਾਲੇ ਚੱਕ ਪਾਣੀ ‘ਚ ਘਿਰ ਗਿਆ।

ਅਗਲੀ ਸਵੇਰ ਬੂਆ ਮਸੀਹ ਦੀ ਧੀ ਦਾ ਵਿਆਹ ਸੀ ਪਰ ਹੜ੍ਹ ਅੱਗੇ ਪਰਿਵਾਰ ਦੀ ਕੋਈ ਪੇਸ਼ ਨਹੀਂ ਸੀ ਜਾ ਰਹੀ। ਕੁੜੀ ਦਾ ਵਿਆਹ ਕਲਾਨੌਰ ਵਿਖੇ ਹੋਣਾ ਸੀ। ਲਾੜੇ ਸਮੇਤ ਬਰਾਤ ਕਲਾਨੌਰ ਲਈ ਬਟਾਲਾ ਤੋਂ ਰਵਾਨਾ ਹੋ ਗਈ। ਓਧਰ ਅਖ਼ੀਰ ਕੋਈ ਵਾਹ ਨਾ ਚੱਲਦੀ ਦੇਖ ਕੇ ਕੁੜੀ ਦੇ ਪਿਤਾ ਬੂਆ ਮਸੀਹ ਨੇ ਆਪਣੇ ਪਿੰਡ ਦੇ ਸਰਪੰਚ ਕੋਲ ਆਪਣੀ ਮੁਸ਼ਕਲ ਦੱਸੀ। ਸਰਪੰਚ ਨੇ ਉਸੇ ਵੇਲੇ ਐੱਸ. ਡੀ. ਐੱਮ. ਕਲਾਨੌਰ ਨੂੰ ਫ਼ੋਨ ਕਰਕੇ ਸਹਾਇਤਾ ਮੰਗੀ।

ਐੱਸ. ਡੀ. ਐੱਮ. ਜਯੋਤਸਨਾ ਸਿੰਘ ਨੂੰ ਜਦੋਂ ਇਹ ਪਤਾ ਲੱਗਾ ਕਿ ਇੱਕ ਕੁੜੀ ਹੱਥੀਂ ਚੂੜਾ ਪਾ ਕੇ ਸਾਰੇ ਸ਼ਗਨ-ਵਿਹਾਰ ਕਰਕੇ ਆਪਣੇ ਵਿਆਹ ਲਈ ਤਿਆਰ ਹੈ ਪਰ ਹੜ੍ਹ ਦਾ ਪਾਣੀ ਰਾਹ ਰੋਕੀ ਖੜ੍ਹਾ ਹੈ ਤਾਂ ਐੱਸ. ਡੀ. ਐੱਮ. ਤੁਰੰਤ ਐੱਨ. ਡੀ. ਆਰ. ਐੱਫ. ਦੀ ਟੀਮ ਰਾਹੀਂ ਕਿਸ਼ਤੀ ਵਿੱਚ ਸਵਾਰ ਹੋ ਕੇ ਪਿੰਡ ਸ਼ਾਲੇ ਚੱਕ ਜਾ ਪਹੁੰਚੇ। ਐੱਸ. ਡੀ. ਐੱਮ. ਨੇ ਪਿੰਡ ਪਹੁੰਚ ਕੇ ਵਿਆਹ ਵਾਲੀ ਕੁੜੀ ਨੂੰ ਵਧਾਈ ਦਿੱਤੀ ਅਤੇ ਪਰਿਵਾਰਕ ਮੈਂਬਰਾਂ ਨੂੰ ਕਿਸ਼ਤੀ ਵਿੱਚ ਸਵਾਰ ਕਰਕੇ ਕਲਾਨੌਰ ਲਿਆਂਦਾ ਗਿਆ, ਜਿੱਥੇ ਪੂਰੀ ਧੂਮ-ਧਾਮ ਨਾਲ ਉਸ ਦਾ ਵਿਆਹ ਹੋ ਸਕਿਆ। ਕੁੜੀ ਦੇ ਪਰਿਵਾਰ ਨੇ ਇਸ ਔਖੇ ਵੇਲੇ ਮਦਦ ਕਰਨ ਲਈ ਜ਼ਿਲ੍ਹਾ ਪ੍ਰਸ਼ਾਸਨ ਅਤੇ ਐੱਸ. ਡੀ. ਐੱਮ. ਕਲਾਨੌਰ ਜਯੋਤਸਨਾ ਸਿੰਘ ਦਾ ਧੰਨਵਾਦ ਕੀਤਾ ਹੈ।



 

By Gurpreet Singh

Leave a Reply

Your email address will not be published. Required fields are marked *