ਜਲੰਧਰ – ਪੰਜਾਬ ਵਿੱਚ ਸਮੇਂ ਤੋਂ 5 ਦਿਨ ਪਹਿਲਾਂ ਪਹੁੰਚੇ ਮਾਨਸੂਨ ਨੇ ਪੂਰੇ ਸੂਬੇ ਨੂੰ ਕਵਰ ਕਰ ਲਿਆ ਹੈ। ਮੌਸਮ ਵਿਭਾਗ ਨੇ ਵੀਰਵਾਰ ਨੂੰ ਸੂਬੇ ‘ਚ ਭਾਰੀ ਮੀਂਹ ਸਬੰਧੀ ‘ਯੈਲੋ ਅਲਰਟ’ ਜਾਰੀ ਕੀਤਾ ਹੈ। ਪੰਜਾਬ ਵਿਚ ਹੋਏ ਮੌਸਮ ਤਬਦੀਲੀ ਨਾਲ ਲੋਕਾਂ ਨੂੰ ਗਰਮੀ ਤੋਂ ਥੋੜ੍ਹੀ ਰਾਹਤ ਮਿਲੀ ਹੈ। ਪੰਜਾਬ ਦੀਆਂ ਕਈ ਥਾਵਾਂ ‘ਤੇ ਹੋਈ ਬਰਸਾਤ ਨਾਲ ਤਾਪਮਾਨ ਵਿਚ ਗਿਰਾਵਟ ਆ ਰਹੀ ਹੈ ਅਤੇ ਵੱਧ ਤੋਂ ਵੱਧ ਤੋਂ ਤਾਪਮਾਨ ਇਕ ਵਾਰ ਫਿਰ 40 ਡਿਗਰੀ ਤੋਂ ਹੇਠਾਂ ਆ ਚੁੱਕਿਆ ਹੈ, ਜੋਕਿ ਪਹਿਲਾਂ 46 ਡਿਗਰੀ ਤੋਂ ਵੀ ਟੱਪ ਗਿਆ ਸੀ। ਉੱਥੇ ਹੀ ਮਾਨਸੂਨ ਅਜੇ ਪੂਰੇ ਪੰਜਾਬ ਵਿਚ ਆਪਣਾ ਅਸਰ ਵਿਖਾਏਗਾ ਅਤੇ ਭਾਰੀ ਬਾਰਿਸ਼ ਹੋਵੇਗੀ। ਮੌਸਮ ਵਿਭਾਗ ਵੱਲੋਂ ਤਾਜ਼ਾ ਮਿਲੀ ਅਪਡੇਟ ਮੁਤਾਬਕ ਵਿਭਾਗ ਨੇ ਅੱਜ ਤੋਂ 30 ਜੂਨ ਤੱਕ ਵੱਡੀ ਭਵਿੱਖਬਾਣੀ ਕੀਤੀ ਹੈ। ਉਥੇ ਹੀ ਮੌਸਮ ਵਿਭਾਗ ਵੱਲੋਂ ਲੋਕਾਂ ਦੇ ਫੋਨਾਂ ‘ਤੇ ਮੈਸੇਜ ਭੇਜ ਕੇ ਮੌਸਮ ਸਬੰਧੀ ਅਲਰਟ ਵੀ ਕੀਤਾ ਜਾ ਰਿਹਾ ਹੈ।
ਭਾਰਤੀ ਮੌਸਮ ਵਿਗਿਆਨ ਕੇਂਦਰ ਮੁਤਾਬਕ ਪੂਰੇ ਪੰਜਾਬ ਵਿਚ ਮਾਨਸੂਨ ਦਾ ਅਸਰ ਵੇਖਣ ਨੂੰ ਮਿਲੇਗਾ, ਜਿਸ ਨਾਲ ਸੂਬੇ ਭਰ ਵਿਚ ਖੁੱਲ੍ਹ ਕੇ ਬਰਸਾਤ ਹੋਵੇਗੀ। ਇਸ ਦੇ ਨਾਲ ਹੀ ਕਈ ਜ਼ਿਲ੍ਹਿਆਂ ਵਿਚ ਮੀਂਹ ਦੇ ਨਾਲ-ਨਾਲ ਅਸਮਾਨੀ ਬਿਜਲੀ ਅਤੇ ਹਨੇਰੀ ਦੀ ਵੀ ਭਵਿੱਖਬਾਣੀ ਕੀਤੀ ਗਈ ਹੈ। ਇਸ ਦੇ ਮੱਦੇਨਜ਼ਰ ਵਿਭਾਗ ਵੱਲੋਂ ਪਠਾਨਕੋਟ, ਗੁਰਦਾਸਪੁਰ, ਅੰਮ੍ਰਿਤਸਰ, ਤਰਨਤਾਰਨ ਕਪੂਰਥਲਾ, ਜਲੰਧਰ ਲਈ ਓਰੇਂਜ ਅਲਰਟ ਜਦਕਿ ਹੁਸ਼ਿਆਰਪੁਰ, ਨਵਾਂਸ਼ਹਿਰ, ਰੂਪਨਗਰ, ਮੋਹਾਲੀ, ਫਿਰੋਜ਼ਪੁਰ, ਮੋਗਾ, ਫ਼ਰੀਦਕੋਟ, ਫਿਰੋਜ਼ਪੁਰ, ਫਾਜ਼ਿਲਕਾ, ਮੁਕਤਸਰ, ਲੁਧਿਆਣਾ ਲਈ ਯੈਲੋ ਅਲਰਟ ਜਾਰੀ ਕੀਤਾ ਹੈ। ਇਸੇ ਤਰ੍ਹਾਂ ਹੀ ਆਉਣ ਵਾਲੇ ਕੁਝ ਦਿਨ ਸੂਬੇ ਵਿਚ ਭਾਰੀ ਬਾਰਿਸ਼ ਦੀ ਸੰਭਾਵਨਾ ਜਤਾਈ ਗਈ ਹੈ।

ਅਚਾਨਕ ਵੱਜਣ ਲੱਗੀਆਂ ਫੋਨ ਦੀਆਂ ਘੰਟੀਆਂ
ਪੰਜਾਬ ‘ਚ ਅੱਜ ਦੁਪਹਿਰ ਵੇਲੇ ਅਚਾਨਕ ਲੋਕਾਂ ਦੇ ਫ਼ੋਨ ਦੀ ਘੰਟੀ ਖੜਕਣ ਲੱਗ ਪਈ। ਨੈਸ਼ਨਲ ਡਿਜ਼ਾਸਟਰ ਮੈਨੇਜਮੈਂਟ ਅਥਾਰਿਟੀ ਵੱਲੋਂ ਸੂਬੇ ਦੇ ਲੋਕਾਂ ਨੂੰ ਸੁਨੇਹੇ ਭੇਜ ਕੇ ਕਈ ਜ਼ਿਲ੍ਹਿਆਂ ਵਿਚ ਮੌਸਮ ਖ਼ਰਾਬ ਰਹਿਣ ਸਬੰਧੀ ਚਿਤਾਵਨੀ ਦਿੱਤੀ ਗਈ ਹੈ। ਇਸ ਦੇ ਨਾਲ ਹੀ ਲੋਕਾਂ ਨੂੰ ਕਿਸੇ ਵੀ ਐਮਰਜੈਂਸੀ ਵਿਚ ਸਟੇਟ ਡਿਜ਼ਾਸਟਰ ਮੈਨੇਜਮੈਂਟ ਅਥਾਰਟੀ ਨਾਲ ਸੰਪਰਕ ਕਰਨ ਲਈ ਵੀ ਕਿਹਾ ਗਿਆ ਹੈ।
NDMAEW ਭਾਵ National Disaster Management Authority (ਨੈਸ਼ਨਲ ਡਿਜ਼ਾਸਟਰ ਮੈਨੇਜ਼ਮੈਂਟ ਅਥਾਰਿਟੀ) ਵਲੋਂ ਸਟੇਟ ਡਿਜ਼ਾਸਟਰ ਮੈਨੇਜਮੈਂਟ ਅਥਾਰਿਟੀ ਦੇ ਹਵਾਲੇ ਨਾਲ ਭੇਜੇ ਗਏ ਸੁਨੇਹੇ ਮੁਤਾਬਕ ਅਗਲੇ 24 ਘੰਟਿਆਂ ਦੌਰਾਨ ਗੁਰਦਾਸਪੁਰ, ਹੁਸ਼ਿਆਰਪੁਰ, ਜਲੰਧਰ, ਕਪੂਰਥਲਾ, ਪਠਾਨਕੋਟ, ਅੰਮ੍ਰਿਤਸਰ ਤੇ ਤਰਤਤਾਰਨ ਵਿਚ ਤੇਜ਼ ਹਨ੍ਹੇਰੀ ਅਤੇ ਬਾਰਿਸ਼ ਦੀ ਸੰਭਾਵਨਾ ਹੈ। ਲੋਕਾਂ ਨੂੰ ਅਪੀਲ ਕੀਤੀ ਗਈ ਹੈ ਕਿ ਕਿਸੇ ਵੀ ਐਮਰਜੈਂਸੀ ਵਿਚ ਪੰਜਾਬ SDMA ਨਾਲ 112 ‘ਤੇ ਸੰਪਰਕ ਕੀਤਾ ਜਾ ਸਕਦਾ ਹੈ।