ਲੈਂਡਿੰਗ ਦੌਰਾਨ ਪਲਟਿਆ ਸੀ ਜਹਾਜ਼, ਹੁਣ ਏਅਰਲਾਈਨਜ਼ ਹਰੇਕ ਯਾਤਰੀ ਨੂੰ ਦੇਵੇਗੀ 26-26 ਲੱਖ ਰੁਪਏ ਮੁਆਵਜ਼ਾ!

ਨੈਸ਼ਨਲ ਟਾਈਮਜ਼ ਬਿਊਰੋ :- ਡੈਲਟਾ ਏਅਰਲਾਈਨਜ਼ ਨੇ 17 ਫਰਵਰੀ ਨੂੰ ਟੋਰਾਂਟੋ ਪੀਅਰਸਨ ਅੰਤਰਰਾਸ਼ਟਰੀ ਹਵਾਈ ਅੱਡੇ ‘ਤੇ ਹੋਏ ਜਹਾਜ਼ ਹਾਦਸੇ ਵਿੱਚ ਸ਼ਾਮਲ ਹਰੇਕ ਯਾਤਰੀ ਨੂੰ ਲਗਭਗ $30,000 (26 ਲੱਖ ਰੁਪਏ) ਦਾ ਮੁਆਵਜ਼ਾ ਦੇਣ ਦਾ ਐਲਾਨ ਕੀਤਾ ਹੈ। ਇੱਥੇ ਦੱਸ ਦੇਈਏ ਕਿ ਇਸ ਹਾਦਸੇ ਵਿੱਚ ਕੋਈ ਜਾਨੀ ਨੁਕਸਾਨ ਨਹੀਂ ਹੋਇਆ ਸੀ, ਹਾਲਾਂਕਿ ਕੁਝ ਯਾਤਰੀਆਂ ਨੂੰ ਮਾਮੂਲੀ ਸੱਟਾਂ ਲੱਗੀਆਂ ਸਨ। ਡੈਲਟਾ ਨੇ ਦੱਸਿਆ ਕਿ 21 ਵਿੱਚੋਂ 20 ਯਾਤਰੀਆਂ ਨੂੰ ਹਸਪਤਾਲਾਂ ਤੋਂ ਛੁੱਟੀ ਦੇ ਦਿੱਤੀ ਗਈ ਹੈ। ਏਅਰਲਾਈਨ ਦੇ ਬੁਲਾਰੇ ਮੌਰਗਨ ਡੁਰੈਂਟ ਨੇ ਕਿਹਾ ਕਿ ਹਰੇਕ ਯਾਤਰੀ ਨੂੰ ਉੱਕਤ ਰਕਮ ਬਿਨਾਂ ਕਿਸੇ ਸ਼ਰਤ ਦੇ ਦਿੱਤੀ ਜਾਏਗੀ, ਜਿਸ ਦੀ ਅਦਾਇਗੀ ਲਈ ਯਾਤਰੀਆਂ ਤੋਂ ਸਹਿਮਤੀ ਪ੍ਰਾਪਤ ਕੀਤੀ ਜਾ ਰਹੀ ਹੈ। ਇਹ ਭੁਗਤਾਨ ਘਟਨਾ ਤੋਂ ਬਾਅਦ ਯਾਤਰੀਆਂ ਦਾ ਸਮਰਥਨ ਕਰਨ ਲਈ ਡੈਲਟਾ ਦੀ ਵਚਨਬੱਧਤਾ ਦਾ ਹਿੱਸਾ ਹੈ।

ਜ਼ਿਕਰਯੋਗ ਹੈ ਕਿ ਟੋਰਾਂਟੋ ਦੇ ਪੀਅਰਸਨ ਹਵਾਈ ਅੱਡੇ ‘ਤੇ ਲੰਘੇ ਸੋਮਵਾਰ ਨੂੰ ਲੈਂਡਿੰਗ ਦੌਰਾਨ ਡੈਲਟਾ ਏਅਰਲਾਈਨਜ਼ ਦੇ ਜਹਾਜ਼ ਰਨਵੇਅ ਤੋਂ ਫਿਸਲਣ ਕਾਰਨ ਕੁਝ ਯਾਤਰੀਆਂ ਨੂੰ ਮਾਮੂਲੀ ਸੱਟਾਂ ਲੱਗੀਆਂ ਸਨ। ਮਿਨੀਆਪੋਲਿਸ ਤੋਂ ਆ ਰਹੇ ਡੈਲਟਾ ਏਅਰਲਾਈਨਜ਼ ਦੇ ਜਹਾਜ਼ ਨੂੰ ਦੁਪਹਿਰ ਲਗਭਗ 2:15 ਵਜੇ ਰਨਵੇਅ ‘ਤੇ ਉਤਾਰਨ ਦੀ ਕੋਸ਼ਿਸ਼ ਕੀਤੀ ਗਈ। ਜਹਾਜ਼ ਵਿੱਚ 76 ਯਾਤਰੀ ਅਤੇ 4 ਚਾਲਕ ਦਲ ਦੇ ਮੈਂਬਰ ਸਵਾਰ ਸਨ। ਇਸ ਹਾਦਸੇ ਮਗਰੋਂ ਸੋਸ਼ਲ ਮੀਡੀਆ ‘ਤੇ ਕੁੱਝ ਵੀਡੀਓ ਵੀ ਸਾਹਮਣੇ ਆਈਆਂ ਸਨ, ਜਿਸ ਵਿਚ ਜਹਾਜ਼ ਪੁੱਠਾ ਪਿਆ ਦਿਖਾਈ ਦਿੱਤਾ ਅਤੇ ਫਾਇਰਫਾਈਟਰਾਂ ਨੂੰ ਅੱਗ ਬੁਝਾਉਂਦੇ ਦੇਖਿਆ ਗਿਆ। ਹਾਲਾਂਕਿ ਇਸ ਹਾਦਸੇ ਵਿਚ ਜਾਨੀ ਨੁਕਸਾਨ ਤੋਂ ਬਚਾਅ ਰਿਹਾ। ਇਸ ਹਾਦਸੇ ਮਗਰੋਂ ਹਵਾਈ ਅੱਡੇ ਦੇ ਮੁੱਖ ਕਾਰਜਕਾਰੀ ਅਧਿਕਾਰੀ (ਸੀਈਓ) ਨੇ ਬਿਆਨ ਜਾਰੀ ਕਰਕੇ ਕਿਹਾ ਸੀ ਕਿ ਜਹਾਜ਼ ਵਿੱਚ ਸਵਾਰ ਸਾਰੇ 80 ਲੋਕ ਸੁਰੱਖਿਅਤ ਹਨ।

By Rajeev Sharma

Leave a Reply

Your email address will not be published. Required fields are marked *