ਬਾਜ਼ੀਗਰਾਂ ਦੀ ਬਾਜ਼ੀ ਨੇ ਚੰਗੀਆਂ ਖੁਰਾਕਾਂ ਖਾਣ ਤੇ ਨਸ਼ਾ ਮੁਕਤੀ ਦਾ ਦਿੱਤਾ ਸੁਨੇਹਾ

ਪਟਿਆਲਾ, 24 ਫਰਵਰੀ: ਇੱਥੇ ਸ਼ੀਸ਼ ਮਹਿਲ ਵਿਖੇ ਚੱਲ ਰਹੇ ਪੰਜਾਬ ਸਖੀ ਸ਼ਕਤੀ ਕਰਾਫ਼ਟ ਮੇਲੇ ‘ਚ ਬਾਜ਼ੀਗਰਾਂ ਦੀ ਬਾਜ਼ੀ ਨੇ ਦਰਸ਼ਕਾਂ ਨੂੰ ਜਿੱਥੇ ਚੰਗੀਆਂ ਖੁਰਾਕਾਂ ਖਾਣ ਅਤੇ ਸਿਹਤ ਦਾ ਧਿਆਨ ਰੱਖਣ ਦਾ ਹੋਕਾ ਦਿੱਤਾ ਹੈ, ਉਥੇ ਹੀ ਦਰਸ਼ਕਾਂ ਦਾ ਧਿਆਨ ਖਿੱਚਦਿਆਂ ਨੌਜਵਾਨਾਂ ਨੂੰ ਨਸ਼ਾ ਮੁਕਤੀ ਦਾ ਸੁਨੇਹਾ ਵੀ ਦਿੱਤਾ ਹੈ।


ਉੱਤਰ ਖੇਤਰੀ ਸੱਭਿਆਚਾਰਕ ਕੇਂਦਰ ਵੱਲੋਂ ਇਸ ਕਰਾਫ਼ਟ ਮੇਲੇ ‘ਚ ਲਿਆਂਦੇ ਗਏ ਮੌੜ ਮੰਡੀ ਦੇ ਬਾਜ਼ੀਗਰ ਕੇਸਰ ਸਿੰਘ ਸਮੇਤ 8 ਬਾਜ਼ੀਗਰਾਂ ਦੀ ਇਹ ਟੋਲੀ ਲਗਾਤਾਰ ਦਰਸ਼ਕਾਂ ਦਾ ਮਨ ਪ੍ਰਚਾਵਾ ਕਰਕੇ ਲੋਕਾਂ ਨੂੰ ਬਾਜੀ ਪਾਉਣ ਦੀ ਪੁਰਾਤਨ ਖੇਡ ਨਾਲ ਜੋੜ ਰਹੀ ਹੈ। ਮੇਲੇ ਦੇ ਨੋਡਲ ਅਫ਼ਸਰ ਏ.ਡੀ.ਸੀ ਦਮਨਜੀਤ ਸਿੰਘ ਮਾਨ ਨੇ ਇਸ ਦੀ ਪੁਸ਼ਟੀ ਕਰਦਿਆਂ ਕਿਹਾ ਕਿ ਬਾਜ਼ੀਗਰਾਂ ਦੀ ਬਾਜ਼ੀ ਦਰਸ਼ਕਾਂ ਦੀ ਚੰਗੀ ਪਸੰਦ ਬਣੀ ਹੋਈ ਹੈ।
ਬਾਜ਼ੀਗਰ ਕੇਸਰ ਸਿੰਘ ਨੇ ਦੱਸਿਆ ਕਿ ਉਹ ਆਪਣੀ ਤੀਜੀ ਪੀੜ੍ਹੀ ਦਾ ਬਾਜ਼ੀਗਰ ਹੈ ਜੋ ਇਸ ਖੇਡ ਨਾਲ ਜੁੜਿਆ ਹੋਇਆ ਹੈ ਜਦਕਿ ਉਸਦੇ ਦੋ ਪੁੱਤਰਾਂ ‘ਚੋਂ ਇੱਕ ਜਸਵਿੰਦਰ ਸਿੰਘ ਆਈ.ਟੀ.ਆਈ. ਕਰ ਰਿਹਾ ਹੈ ਅਤੇ ਦੂਜਾ ਸੰਦੀਪ ਸਿੰਘ ਦਸਵੀਂ ਦੀ ਪੜ੍ਹਾਈ ਕਰਦਾ ਹੋਇਆ ਵੀ ਚੌਥੀ ਪੀੜ੍ਹੀ ‘ਚ ਬਾਜੀ ਪਾ ਰਿਹਾ ਹੈ। ਉਸਨੇ ਕਿਹਾ ਕਿ ਪਰੰਤੂ ਉਸਨੂੰ ਹੁਣ ਇਸ ਗੱਲ ਦਾ ਅਫ਼ਸੋਸ ਹੈ ਕਿ ਪਿੰਡਾਂ ਵਿੱਚ ਬਾਜੀ ਪਾਉਣ ਦੀ ਖੇਡ ਖ਼ਤਮ ਹੋ ਗਈ ਹੈ, ਤੇ ਕੇਵਲ ਅਜਿਹੇ ਮੇਲਿਆਂ ਵਿੱਚ ਹੀ ਬਾਜੀਗਰੀ ਦੇ ਕਰਤੱਬ ਹੁੰਦੇ ਹਨ, ਇਸ ਲਈ ਉਸਦੀ ਪੰਜਵੀਂ ਪੀੜ੍ਹੀ ਅੱਗੇ ਬਾਜੀ ਨਹੀਂ ਪਾਵੇਗੀ।
ਕੇਸਰ ਸਿੰਘ ਨੇ ਦੱਸਿਆ ਕਿ ਉਸ ਦੇ ਸਾਥੀ ਬਾਜੀਗਰਾਂ ‘ਚ ਸ਼ਾਮਲ ਮਨਦੀਪ ਸਿੰਘ 15 ਫੁੱਟ ਉਚੀ ਮੰਜੀ ਉਪਰੋਂ ਫੱਟੀ ਦੀ ਛਾਲ ਮਾਰਦਾ ਹੈ, ਉਹ ਖ਼ੁਦ ਦੋ ਲਾਠੀਆ ਨੂੰ ਬੰਨ੍ਹਕੇ ਬਣਾਈ ਗੰਨੇ ਦੀ ਘੁਲਾੜੀ ਵਿੱਚੋਂ ਲੰਘਦਾ ਹੈ। ਜਸਵਿੰਦਰ ਸਿੰਘ, ਪੱਪੂ ਸਿੰਘ ਤੇ ਉਹ ਖੁਦ ਵੀ ਲੋਹੇ ਦੇ ਸਰੀਏ ਦੇ 1 ਫੁੱਟ 4 ਇੰਚ ਰਿੰਗ ਵਿੱਚੋਂ ਦੀ ਲੰਘਦੇ ਹਨ। ਜਦੋਂਕਿ ਬਾਜੀਗਾਰ ਜੋਗਿੰਦਰ ਸਿੰਘ ਹਿੱਕ ਦੇ ਜੋਰ ਨਾਲ ਸਰੀਆ ਦੂਹਰਾ ਕਰਦਾ ਹੈ। ਇਸ ਤੋਂ ਬਿਨ੍ਹਾਂ ਉਹ ਸਾਰੇ ਜਿਮਨਾਸਟਿਕ ਦੇ ਕਰਤੱਬ ਵੀ ਦਿਖਾਉਂਦੇ ਹਨ, ਜਿਨ੍ਹਾਂ ਨੂੰ ਦਰਸ਼ਕਾਂ ਨੇ ਭਰਵਾਂ ਹੁੰਗਾਰਾ ਦਿੱਤਾ ਹੈ।
ਬਾਜ਼ੀਗਰ ਕੇਸਰ ਸਿੰਘ ਨੇ ਕਿਹਾ ਕਿ ਉਹ ਪੰਜਾਬ ਸਰਕਾਰ ਵੱਲੋਂ ਪੰਜਾਬ ਸਖੀ ਸ਼ਕਤੀ ਮੇਲੇ ‘ਚ ਉਨ੍ਹਾਂ ਨੂੰ ਆਪਣੇ ਕਰਤੱਬ ਦੇਣ ਲਈ ਮੌਕਾ ਦੇਣ ਲਈ ਧੰਨਵਾਦੀ ਹਨ ਅਤੇ ਲੋਕਾਂ ਨੂੰ ਇਹ ਸੁਨੇਹਾ ਵੀ ਦਿੰਦੇ ਹਨ ਕਿ ਚੰਗੀਆਂ ਖੁਰਾਕਾਂ ਖਾਉ, ਸਿਹਤ ਬਣਾਉਣ ਪਰੰਤੂ ਨਸ਼ਿਆਂ ਤੋਂ ਦੂਰ ਰਹਿਣ

By Gurpreet Singh

Leave a Reply

Your email address will not be published. Required fields are marked *