12 ਨੂੰ ਮੰਤਰੀ ਅਮਨ ਅਰੋੜਾ ਦੇ ਘਰ ਅੱਗੇ ਫੂਕਾਂਗੇ ਪੰਜਾਬ ਸਰਕਾਰ ਦੀ ਅਰਥੀ

ਨੈਸ਼ਨਲ ਟਾਈਮਜ਼ ਬਿਊਰੋ :- ਪੈਨਸ਼ਨ ਬਹਾਲੀ ਦਾ ਅਧੂਰਾ ਨੋਟੀਫਿਕੇਸ਼ਨ ਆਪ ਪ੍ਰਧਾਨ ਨੂੰ ਕੀਤਾ ਜਾਵੇਗਾ ਵਾਪਸ ਸ਼ੰਭੂ ਗੋਇਲ, ਪੰਜਾਬੀ ਜਾਗਰਣ, ਲਹਿਰਾਗਾਗਾ : ਡੈਮੋਕ੍ਰੈਟਿਕ ਟੀਚਰਜ਼ ਫਰੰਟ ਪੰਜਾਬ ਦਾ ਬਲਾਕ ਪੱਧਰੀ ਇਕੱਠ ਪ੍ਰਧਾਨ ਗੁਰਪ੍ਰੀਤ ਪਿਸ਼ੌਰ ਦੀ ਪ੍ਰਧਾਨਗੀ ਹੇਠ ਹੋਇਆ। ਜਿਸ ਵਿੱਚ ਡੈਮੋਕ੍ਰੇਟਿਕ ਟੀਚਰਜ਼ ਫਰੰਟ ਜ਼ਿਲ੍ਹਾ ਸੰਗਰੂਰ ਦੇ ਪ੍ਰਧਾਨ ਦਾਤਾ ਸਿੰਘ ਨਮੋਲ ਵਿਸ਼ੇਸ਼ ਤੌਰ ’ਤੇ ਸ਼ਾਮਲ ਹੋਏ। ਇਸ ਬਾਰੇ ਜਾਣਕਾਰੀ ਦਿੰਦਿਆਂ ਦਾਤਾ ਸਿੰਘ ਨੇ ਦੱਸਿਆ ਕਿ ਸੂਬਾ ਕਮੇਟੀ ਦੇ ਫੈਸਲੇ ਅਨੁਸਾਰ ਸੰਗਰੂਰ ਜ਼ਿਲ੍ਹੇ ਵਿਚ 12 ਅਗਸਤ ਨੂੰ ਕੈਬਨਿਟ ਮੰਤਰੀ ਤੇ ਆਮ ਆਦਮੀ ਪਾਰਟੀ ਦੇ ਪੰਜਾਬ ਪ੍ਰਧਾਨ ਅਮਨ ਅਰੋੜਾ ਦੇ ਘਰ ਅੱਗੇ ਪੁਰਾਣੀ ਪੈਨਸ਼ਨ ਬਹਾਲੀ ਨਾ ਕਰਨ ਦੇ ਰੋਸ ਵਜੋਂ ਧਰਨਾ ਪ੍ਰਦਰਸ਼ਨ ਕਰ ਕੇ ਪੰਜਾਬ ਸਰਕਾਰ ਦੀ ਅਰਥੀ ਫੂਕੀ ਜਾਵੇਗੀ ਅਤੇ ਨਵੰਬਰ 2022 ਵਿਚ ਪੰਜਾਬ ਸਰਕਾਰ ਵੱਲੋਂ ਮੁਲਾਜ਼ਮਾਂ ਦੇ ਅੱਖੀਂ ਘੱਟਾ ਪਾਉਣ ਦੇ ਰੂਪ ਵਿਚ ਜਾਰੀ ਕੀਤੇ ਪੁਰਾਣੀ ਪੈਨਸ਼ਨ ਬਹਾਲ ਕਰਨ ਦੇ ਅਧੂਰਾ ਨੋਟੀਫਿਕੇਸ਼ਨ ਮੰਤਰੀ ਨੂੰ ਵਾਪਸ ਕੀਤਾ ਜਾਵੇਗਾ। ਇਸ ਪ੍ਰੋਗਰਾਮ ਵਿਚ ਭਰਾਤਰੀ ਅਧਿਆਪਕ ਤੇ ਮੁਲਾਜ਼ਮ ਜਥਬੰਦੀਆਂ ਨੂੰ ਵੀ ਸ਼ਮੂਲੀਅਤ ਲਈ ਸੱਦਾ ਦਿੱਤਾ ਜਾਵੇਗਾ।

ਜ਼ਿਕਰਯੋਗ ਹੈ ਕਿ ਜਥੇਬੰਦੀ ਵੱਲੋਂ ਇਹ ਪ੍ਰੋਗਰਾਮ ਪੰਜਾਬ ਦੇ ਸਾਰੇ ਜ਼ਿਲ੍ਹਿਆਂ ’ਚ ਕੀਤੇ ਜਾਣਗੇ। ਆਗੂਆਂ ਨੇ ਦੱਸਿਆ ਕਿ ਮੁਲਾਜ਼ਮਾਂ ਵਿਚ ਇਸ ਮਸਲੇ ’ਤੇ ਪੰਜਾਬ ਸਰਕਾਰ ਪ੍ਰਤੀ ਵਿਆਪਕ ਰੋਸ ਹੈ ਅਤੇ ਜੇਕਰ ਪੁਰਾਣੀ ਪੈਨਸ਼ਨ ਬਹਾਲ ਨਾ ਕੀਤੀ ਗਈ ਤਾਂ ਇਸਦਾ ਖਮਿਆਜ਼ਾ ਆਪ ਨੂੰ ਅਗਾਮੀ ਵਿਧਾਨ ਸਭਾ ਚੋਣਾਂ ਵਿਚ ਭੁਗਤਣਾ ਪਵੇਗਾ। ਉਨ੍ਹਾਂ ਕਿਹਾ ਕਿ ਇਸ ਪ੍ਰੋਗਰਾਮ ਨੂੰ ਪ੍ਰਭਾਵਸ਼ਾਲੀ ਬਣਾਉਣ ਹਿਤ ਜਥੇਬੰਦੀ ਵੱਲੋਂ ਬਲਾਕ ਪੱਧਰੀ ਮੀਟਿੰਗ ਵਿਚ ਤਿਆਰੀ ਸਬੰਧੀ ਡਿਊਟੀਆਂ ਲਗਾਈਆਂ ਗਈਆਂ ਅਤੇ ਤੈਅ ਕੀਤਾ ਗਿਆ ਕਿ ਸਕੂਲਾਂ ਵਿਚ ਜਾ ਕੇ ਅਧਿਆਪਕਾਂ ਤੱਕ ਪਹੁੰਚ ਕੀਤੀ ਜਾਵੇਗੀ ਅਤੇ ਅਧਿਆਪਕਾਂ ਨੂੰ ਆਪਣੇ ਹੱਕਾਂ ਪ੍ਰਤੀ ਜਾਗਰੂਕ ਕੀਤਾ ਜਾਵੇਗਾ। ਇਸ ਮੌਕੇ ਗੁਰਪ੍ਰੀਤ ਪਸ਼ੌਰ, ਗੁਰਚਰਨ ਸੇਖੂਵਾਸ, ਸਰਬਜੀਤ ਕਿਸ਼ਨਗੜ੍ਹ, ਜਸਪਾਲ ਟੌਮ, ਗੁਰਪਿਆਰ ਸਿੰਘ, ਸੁਰਿੰਦਰ ਸਿੰਘ, ਮਹਿੰਦਰ ਪਾਲ, ਹਰਦੀਪ ਸਿੰਘ ਰਮਨਦੀਪ ਸਿੰਘ, ਸੁਖਚੈਨ ਸਿੰਘ ਜਗਤਾਰ ਸਿੰਘ, ਪ੍ਰਗਟ ਸਿੰਘ, ਘਰਿੰਦਰ ਸਿੰਘ, ਗੋਰਾ ਸਿੰਘ, ਉਮਾ ਚਰਨ, ਅਮਿਤ ਕੁਮਾਰ, ਭੀਮ ਸਿੰਘ, ਬਰਖਾ ਸਿੰਘ, ਰਜਿੰਦਰ ਸਿੰਘ, ਜਸਵੀਰ ਕੌਰ, ਨਿਰਮਲਾ ਦੇਵੀ ਹਾਜ਼ਰ ਸਨ।

By Gurpreet Singh

Leave a Reply

Your email address will not be published. Required fields are marked *